DC ਡਾ. ਸੋਨਾ ਥਿੰਦ ਨੇ ਨਵੇਂ ਸਾਲ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਾਂਝਾ ਕੀਤਾ ਚਾਹ ਦਾ ਕੱਪ
ਭਵਿੱਖ ਵਿੱਚ ਹੋਰ ਵੀ ਤਨਦੇਹੀ ਨਾਲ ਲੋਕ ਸੇਵਾ ਕਰਨ ਲਈ ਦਿੱਤੀਆਂ ਸ਼ੁਭਕਾਮਨਾਵਾਂ
ਫਤਹਿਗੜ੍ਹ ਸਾਹਿਬ, 1 ਜਨਵਰੀ 2025: ਨਵੇਂ ਸਾਲ ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਅੱਜ ਬੱਚਤ ਭਵਨ ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਲਈ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ।
ਡਾ. ਸੋਨਾ ਥਿੰਦ ਨੇ ਪਿਛਲੇ ਸਾਲ ਦੌਰਾਨ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਲੋਕ ਹਿੱਤ ਕਾਰਜਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਸਟਾਫ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਵਾਂ ਸਾਲ ਨਵੀਂ ਉਰਜਾ ਲੈ ਕੇ ਆਉਂਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਮ ਜਨਤਾ ਦੀ ਭਲਾਈ ਲਈ ਵਚਨਬੱਧ ਰਹੀਏ।
ਡਿਪਟੀ ਕਮਿਸ਼ਨਰ ਨੇ ਸਮੂਹ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੰਗੀ ਸਿਹਤ ਅਤੇ ਸੁਖਾਵੇਂ ਭਵਿੱਖ ਦੀ ਕਾਮਨਾ ਕੀਤੀ।
ਇਸ ਦੌਰਾਨ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਨਪ੍ਰਚਾਵੇ ਵਜੋਂ ਉਸਾਰੂ ਗੀਤ ਵੀ ਪੇਸ਼ ਕੀਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਐਸ.ਡੀ.ਐਮ ਫਤਹਿਗੜ੍ਹ ਸਾਹਿਬ ਸੂਬਾ ਸਿੰਘ, ਐਸ.ਡੀ.ਐਮ ਅਮਲੋਹ ਚੇਤਨ ਬੰਗੜ, ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ, ਐਸ.ਡੀ.ਐਮ ਬਸੀ ਪਠਾਣਾ ਹਰਵੀਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਨਵੇਂ ਸਾਲ ਵਿੱਚ ਹੋਰ ਵੀ ਵਧੇਰੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾਉਣਗੇ।