ਸਾਂਝਾ ਫੋਰਮ ,ਏਕਤਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਅਦਾਰੇ ਦੇ ਮੁੱਖ ਦਫ਼ਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਕੀਤੀ ਸ਼ੁਰੂ
ਇੰਜੀਨੀਅਰ ਐਸੋਸੀਏਸ਼ਨ ਅਤੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕੀਤੀ ਡਟਵੀਂ ਹਮਾਇਤ
Ravi Jakhu
ਪਟਿਆਲਾ 1 ਜਨਵਰੀ 2026
ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵੱਲੋਂ ਅਦਾਰੇ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ - ਵੱਖ ਜਥੇਬੰਦੀਆਂ ਦੇ ਸਾਂਝੇ ਥੜੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨੇ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੇ ਪੰਜਾਬ ਸਰਕਾਰ ਦੇ ਮਨਸੂਬਿਆਂ ਖਿਲਾਫ਼ ਅੱਜ 1 ਜਨਵਰੀ ਤੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ 11 ਆਗੂਆਂ ਵੱਲੋਂ ਲੜੀਵਾਰ 24 ਘੰਟੇ ਦੀ ਭੁੱਖ ਹੜਤਾਲ ਰੱਖ ਕੇ 9 ਜਨਵਰੀ ਤੱਕ ਰੋਜ਼ਾਨਾ ਹੋਣ ਵਾਲੇ ਰੋਸ ਪ੍ਰਦਰਸ਼ਨ ਦੀ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਕੇ ਸ਼ੁਰੂਆਤ ਕੀਤੀ । ਇਸ ਰੋਸ ਪ੍ਰਦਰਸ਼ਨ ਵਿੱਚ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀ:ਅਜੇਪਾਲ ਸਿੰਘ ਅਟਵਾਲ , ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਮਿੰਦਰ ਸਿੰਘ ਪਟਿਆਲਾ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ, ਡੀ ਟੀ ਐਫ ਦੇ ਆਗੂ ਤਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਪਾਵਰਕਾਮ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਘਟੀਆ ਨੀਤੀ ਦੀ ਜੋਰਦਾਰ ਨਿੰਦਾ ਕੀਤੀ । ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਰਤਨ ਸਿੰਘ ਮਜਾਰੀ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਸਰਕਾਰ ਅਤੇ ਪਾਵਰ ਮੈਨੇਜਮੈਂਟ ਇੱਕਤਰਫਾ ਤੌਰ ਤੇ ਬਿਜਲੀ ਨਿਗਮ ਦੀਆਂ ਵੱਖ - ਵੱਖ ਸ਼ਹਿਰਾਂ ਵਿੱਚ ਮੌਜੂਦ ਬੇਸ਼ਕੀਮਤੀ ਜਾਇਦਾਦਾਂ ਵੇਚਣ ਲਈ ਬਜ਼ਿੱਦ ਹੈ। ਆਗੂਆਂ ਨੇ ਕਿਹਾ ਕੇ ਜਾਇਦਾਦਾਂ ਵੇਚਣ ਨਾਲ ਅਦਾਰੇ ਦਾ ਅਕਾਰ ਘੱਟ ਜਾਣ ਨਾਲ ਇਹ ਮਹੱਤਵਪੂਰਨ ਸਨਅਤੀ ਅਦਾਰਾ ਵਿੱਤੀ ਤੌਰ ਤੇ ਕਮਜ਼ੋਰ ਹੋ ਜਾਵੇਗਾ। ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਬੀਤੇ ਸਾਲ 10 ਅਤੇ 14 ਅਗਸਤ ਨੂੰ ਕੀਤੇ ਸਮਝੌਤੇ ਲਾਗੂ ਨਾਂ ਕਰਕੇ ਇਸ ਸੰਵੇਦਨਸ਼ੀਲ ਸਨਅਤੀ ਅਦਾਰੇ ਦਾ ਮਾਹੌਲ ਖਰਾਬ ਕਰਨ ਵਾਲੇ ਪਾਸੇ ਵੱਧ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਜਿਵੇਂ ਡੀ ਏ ਦਾ 16% ਬਕਾਇਆ, ਬਰਾਬਰ ਕੰਮ ਬਰਾਬਰ ਤਨਖਾਹ, ਕੱਚੇ ਕਾਮੇ ਪੱਕੇ ਕਰਨ ਆਦਿ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਜਿਸ ਕਰਕੇ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ , ਬਲਦੇਵ ਸਿੰਘ ਮੰਡਾਲੀ , ਸਰਿੰਦਰਪਾਲ ਲਹੌਰੀਆ , ਇੰਜੀ : ਹਰਮਨਦੀਪ , ਦਵਿੰਦਰ ਸਿੰਘ ਪਿਸੋਰ , ਮਨਜੀਤ ਸਿੰਘ ਚਾਹਲ , ਭਿੰਦਰ ਸਿੰਘ ਚਾਹਲ, ਹਰਸ਼ਰਨਜੀਤ ਕੌਰ , ਲੱਲੂ ਰਾਮ , ਬਲਦੇਵ ਸਿੰਘ ਪਸਿਆਣਾ , ਗੁਰਤੇਜ ਸਿੰਘ ਪੱਖੋ , ਬਾਬਾ ਅਮਰਜੀਤ ਸਿੰਘ , ਗੁਰਪਿਆਰ ਸਿੰਘ ਆਦਿ ਦੀ ਅਗਵਾਈ ਹੇਠ ਅਦਾਰੇ ਦੀਆਂ ਬੇਸ਼ਕੀਮਤੀ ਜਾਇਦਾਦਾਂ ਜਿਨ੍ਹਾਂ ਨੂੰ ਸਰਕਾਰ ਆਪਣੀਆਂ ਰਾਜਸੀ ਲੋੜਾਂ ਲਈ ਵੇਚ ਰਹੀ ਹੈ ਦਾ ਡਟਵਾਂ ਵਿਰੋਧ ਕਰਦੇ ਹੋਏ ਕੜਾਕੇ ਦੀ ਠੰਡ ਵਿੱਚ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ।