ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਰਾਹੀਂ ਜ਼ੁਬਾਨਬੰਦੀ ਦੇ ਯਤਨਾਂ ਵਿੱਚ ਸਰਕਾਰ -ਖੇਤ ਮਜ਼ਦੂਰ ਆਗੂ
ਅਸ਼ੋਕ ਵਰਮਾ
ਬਠਿੰਡਾ,1 ਜਨਵਰੀ 2025 : ਆਪ ਸਰਕਾਰ ਵੱਲੋਂ ਲੋਕ ਅਵਾਜ਼ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਤੇ ਆਰ ਟੀ ਆਈ ਕਾਰਕੁੰਨ ਮਾਣਕ ਗੋਇਲ ਆਦਿ ਉਤੇ ਕੇਸ ਦਰਜ ਕਰਨ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸਖ਼ਤ ਨਿਖੇਧੀ ਕਰਦਿਆਂ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਮਜ਼ਦੂਰ ਆਗੂਆਂ ਨੇ ਜ਼ਾਰੀ ਬਿਆਨ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਪੱਤਰਕਾਰਾਂ ਤੇ ਆਰ ਟੀ ਆਈ ਕਾਰਕੁੰਨਾ 'ਤੇ ਪਰਚੇ ਦਰਜ ਕਰਨ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਲੋਕਾਂ ਵੱਲੋਂ ਸਵਾਲ ਪੁੱਛਣ ਦੇ ਜਮਹੂਰੀ ਹੱਕਾਂ ਉਤੇ ਹਮਲਾ ਕ਼ਰਾਰ ਦਿੰਦਿਆਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀ ਜ਼ੁਬਾਨਬੰਦੀ ਕਰਨ ਵਰਗੇ ਕੋਝੇ ਹਥਕੰਡੇ ਅਪਣਾਅ ਰਹੀ ਹੈ।
ਉਹਨਾਂ ਆਖਿਆ ਕਿ ਵੱਡੇ ਵੱਡੇ ਦਾਅਵੇ ਤੇ ਗਰੰਟੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਥਿਆਉਣ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਥਾਂ ਲੋਕਾਂ 'ਤੇ ਆਰਥਿਕ ਤੇ ਜਾਬਰ ਧਾਵਾ ਬੋਲਣ ਕਰਕੇ ਲੋਕਾਂ 'ਚੋਂ ਆਪਣੀ ਪੜਤ ਬੁਰੀ ਤਰ੍ਹਾਂ ਗਵਾ ਚੁੱਕੀ ਹੈ। ਉਹਨਾਂ ਆਖਿਆ ਕਿ ਸਰਕਾਰ ਆਪਣੀਆਂ ਨਾਕਾਮੀਆਂ ਦੂਰ ਕਰਨ ਦੀ ਥਾਂ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਨੂੰ ਉਜਾਗਰ ਕਰਨ ਵਾਲੇ ਪੱਤਰਕਾਰਾਂ ਤੇ ਆਰ ਟੀ ਆਈ ਕਾਰਕੁੰਨਾ ਦੀ ਜ਼ੁਬਾਨਬੰਦੀ ਦੇ ਉਲਟੇ ਰਾਹ ਤੁਰ ਪਈ ਹੈ। ਉਹਨਾਂ ਆਖਿਆ ਕਿ ਮੌਜੂਦਾ ਸਮੇਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਉਤੇ ਬੋਲੇ ਚੌਤਰਫਾ ਹਮਲੇ ਖਿਲਾਫ ਥਾ - ਥਾਂ ਕਿਰਤੀ ਲੋਕ ਸੰਘਰਸ਼ਾਂ ਦੇ ਮੈਦਾਨ 'ਚ ਹਨ ਤਾਂ ਅਜਿਹੇ ਸੰਘਰਸ਼ਾਂ ਨੂੰ ਪ੍ਰੈਸ ਵੱਲੋਂ ਅਵਾਜ਼ ਦੇਣ ਦੀ ਬੇਹੱਦ ਅਹਿਮੀਅਤ ਬਣਦੀ ਹੈ। ਉਹਨਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਵੱਲੋਂ ਪ੍ਰੈਸ ਅਤੇ ਸਵਾਲ ਕਰਨ ਦੀ ਅਜ਼ਾਦੀ ਉਤੇ ਕੀਤੇ ਇਸ ਹਮਲੇ ਖਿਲਾਫ ਅਵਾਜ਼ ਬੁਲੰਦ ਕਰਨ।