ਸਾਰਾ ਸਾਲ ਰਹੀਆਂ ਵੱਡੀ ਗਿਣਤੀ ਵਿਚ ਪ੍ਰਿੰਸੀਪਲ, ਹੈਡਮਾਸਟਰਾਂ ਅਤੇ ਉੱਚ ਅਧਿਕਾਰੀਆਂ ਦੀਆਂ ਆਸਾਮੀਆਂ ਖਾਲੀ
ਸਿਖਿਆ ਕ੍ਰਾਂਤੀ ਦੀ ਲੋਅ ਰਹੀ ਗੁਰਦਾਸਪੁਰੀਆਂ ਤੋਂ ਦੂਰ
ਰੋਹਿਤ ਗੁਪਤਾ
ਗੁਰਦਾਸਪੁਰ 31 ਦਸੰਬਰ ਪੰਜਾਬ ਸਰਕਾਰ ਵੱਲੋਂ ਸਿਖਿਆ ਕ੍ਰਾਂਤੀ ਲਿਆ ਕੇ ਪੰਜਾਬ ਦੇ ਸਕੂਲਾਂ ਵਿੱਚ ਨਵ ਇਨਕਲਾਬ ਦੀ ਸ਼ੁਰੂਆਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਮੈਗਾ ਮਾਪੇ ਅਧਿਆਪਕ ਮਿਲਣੀ ਤਹਿਤ ਕਰੋੜਾਂ ਰੁਪਿਆ ਪ੍ਰਚਾਰ ਪ੍ਰਸਾਰ ਸਮਗਰੀ ਤੇ ਖਰਚਿਆਂ ਗਿਆ। ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਵਰ੍ਹਾ ਸਿਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਦੀ ਪੱਕੀ ਭਰਤੀ ਤੋਂ ਸੱਖਣਾ ਰਿਹਾ ਹੈ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਸ੍ਰੀ ਸਕੂਲ ਵੀ ਪ੍ਰਿੰਸੀਪਲ ਤੋਂ ਸਖਣੇ ਰਹੇ ਹਨ। ਸਰਕਾਰ ਵੱਲੋਂ ਪ੍ਰਚਾਰੇ ਜਾਂਦੇ ਮਾਣ ਮੱਤੇ ਸਕੂਲ ਆਫ ਐਮੀਨੈਸ ਸਕੂਲ ਵੀ ਕਰੋੜਾਂ ਰੁਪਏ ਦੀ ਗ੍ਰਾਂਟ ਲੈਣ ਤੋਂ ਫਾਡੀ ਹੋਣ ਕਰਕੇ ਦੂਰੋਂ ਦੂਰੋਂ ਆਏ ਵਿਦਿਆਰਥੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ।
ਗੁਰਦਾਸਪੁਰ ਜ਼ਿਲ੍ਹੇ ਦਾ ਇਕੋ ਇਕ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਪਿਛਲੇ ਦੱਸ ਸਾਲਾਂ ਤੋਂ ਅਧੂਰਾ ਪਿਆ ਹੈ। ਇਸ ਉਪਰ ਪੰਜਾਬ ਸਰਕਾਰ ਵੱਲੋਂ ਇੱਕ ਧੇਲਾ ਨਹੀਂ ਖਰਚਿਆ। ਸਕੂਲ ਦੀ ਇਮਾਰਤ ਦੀ ਅਧੂਰੀ ਉਸਾਰੀ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦਾ ਮੂੰਹ ਚਿੜ੍ਹਾ ਰਹੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਕੋਠੇ ਘੁਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਸਿਖਿਆ ਦੀ ਅਸਾਮੀ ਤੇ ਕੋਈ ਟਿਕਾਊ ਅਫ਼ਸਰ ਸਾਰਾ ਸਾਲ ਨਸ਼ੀਬ ਨਹੀਂ ਹੋਇਆ। ਇਸ ਦਫ਼ਤਰ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਸਾਮੀ ਪਿਛਲੇ ਇਕ ਸਾਲ ਤੋਂ ਖਾਲੀ ਹੈ। ਦਫ਼ਤਰੀ ਅਮਲੇ ਦੀਆਂ 75 ਪ੍ਰਤੀਸ਼ਤ ਅਸਾਮੀਆਂ ਖਾਲੀ ਹੋਣ ਕਰਕੇ ਅਧਿਆਪਕਾਂ ਦੇ ਕੰਮਾਂ ਕਾਰਾਂ ਨੂੰ ਨੇਪਰੇ ਚਾੜ੍ਹਨ ਵਿੱਚ ਬੇ ਲੋੜੀ ਦੇਰੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਗੁਰਦਾਸਪੁਰ ਦੇ 117 ਪ੍ਰਿੰਸੀਪਲ ਦੀਆਂ ਅਸਾਮੀਆਂ ਵਿਚੋਂ 61 ਖਾਲੀ ਹਨ। ਕਾਹਨੂੰਵਾਨ ਕਸਬੇ ਦੇ ਦੋ ਸਕੂਲ, ਗੁਰਦਾਸਪੁਰ ਸ਼ਹਿਰ ਦੇ ਲੜਕੀਆਂ ਦਾ ਸਕੂਲ, ਕਲਾਨੌਰ ਦਾ ਲੋਕਲ ਸਕੂਲ, ਸਮੇਤ ਬਾਰਡਰ ਬੈਲਟ 95 ਪ੍ਰਤੀਸ਼ਤ ਸਕੂਲਾਂ ਨੂੰ ਕਈ ਸਾਲਾਂ ਤੋਂ ਸਕੂਲ ਮੁਖੀ ਪ੍ਰਾਪਤ ਨਹੀਂ ਹੋਏ ਹਨ। ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਸਿਖਿਆ ਪ੍ਰਬੰਧ ਸੰਚਾਲਨ ਉਪਰ ਪੈ ਰਿਹਾ ਹੈ।
ਇਸੇ ਤਰ੍ਹਾਂ 11 ਹਾਈ ਸਕੂਲ ਹੈਡ ਮਾਸਟਰ ਤੋਂ ਖਾਲੀ ਹਨ। 9 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਅਸਾਮੀਆਂ ਤੇ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਪ੍ਰਾਇਮਰੀ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਸੈਂਟਰ ਹੈਡ ਟੀਚਰ, ਹੈਡ ਟੀਚਰ ਅਤੇ ਈ ਟੀ ਟੀ ਟੀਚਰਜ਼ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਗਿਣਤੀ ਉਪਰ ਮਾਰੂ ਅਸਰ ਪਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਮੰਗ ਕੀਤੀ ਹੈ ਕਿ ਨਵੇਂ ਸਾਲ ਤੋਂ ਸਰਕਾਰ ਸਾਰੀਆਂ ਅਸਾਮੀਆਂ ਤੇ ਭਰਤੀ ਅਤੇ ਤਰੱਕੀਆਂ ਕਰਕੇ ਅਸਲੀ ਸਿਖਿਆ ਕ੍ਰਾਂਤੀ ਦਾ ਆਗਾਜ਼ ਕਰਕੇ ਸਕੂਲਾਂ ਦੀ ਨੁਹਾਰ ਬਦਲਣ ਲਈ ਉਪਰਾਲੇ ਕਰੇ। ਜਿਸ ਨਾਲ ਆਮ ਲੋਕਾਂ ਨੂੰ ਰੁਜ਼ਗਾਰ, ਅਤੇ ਇਨਸਾਫ਼ ਮਿਲ ਸਕੇ।