ਐਸਐਸਪੀ ਅਮਨੀਤ ਕੌਂਡਲ ਨੇ ਲੋਕਾਂ ਸਾਹਮਣੇ ਰੱਖੀਆਂ ਸਾਲ 2025 ਦੌਰਾਨ ਪੁਲਿਸ ਦੀਆਂ ਪ੍ਰਾਪਤੀਆਂ
ਅਸ਼ੋਕ ਵਰਮਾ
ਬਠਿੰਡਾ, 31 ਦਸੰਬਰ 2025 :ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਸ਼੍ਰੀ ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਖਿਲਾਫ ਦਿੱਤੇ ਗਏ ਸਖ਼ਤ ਅਤੇ ਸਪੱਸ਼ਟ ਨਿਰਦੇਸ਼ਾਂ ਦੇ ਤਹਿਤ, ਬਠਿੰਡਾ ਪੁਲਿਸ ਨੇ ਸਾਲ 2025 ਦੌਰਾਨ ਨਸ਼ਾ ਤਸਕਰੀ, ਸੰਗਠਿਤ ਅਪਰਾਧਾਂ ਅਤੇ ਸੰਗੀਨ ਮਾਮਲਿਆਂ ਖਿਲਾਫ ਬੇਹੱਦ ਪ੍ਰਭਾਵਸ਼ਾਲੀ ਅਤੇ ਨਤੀਜਾ-ਕੇਂਦਰਿਤ ਕਾਰਵਾਈ ਕਰਦਿਆਂ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ ਹਨ। ਇਹ ਸਭ ਕੁਝ ਐਸ.ਐਸ.ਪੀ ਬਠਿੰਡਾ ਸ੍ਰੀਮਤੀ ਅਮਨੀਤ ਕੌਂਡਲ ਦੀ ਯੋਗ, ਦ੍ਰਿੜ੍ਹ ਅਤੇ ਪ੍ਰੇਰਕ ਅਗਵਾਈ ਸਦਕਾ ਸੰਭਵ ਹੋਇਆ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀਮਤੀ ਅਮਨੀਤ ਕੋਂਡਲ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੀ “ਜ਼ੀਰੋ ਟਾਲਰੈਂਸ” ਨੀਤੀ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਦੇ ਹੋਏ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਮੁਹਿੰਮ ਚਲਾਈ ਗਈ, ਜਿਸਦੇ ਨਤੀਜੇ ਸਾਲ 2025 ਵਿੱਚ ਸਾਫ਼ ਤੌਰ ‘ਤੇ ਸਾਹਮਣੇ ਆਏ ਹਨ ।
*ਨਸ਼ਾ ਤਸਕਰੀ ਖਿਲਾਫ ਕੀਤੀ ਕਾਰਵਾਈ*
ਸਾਲ 2025 ਦੌਰਾਨ ਬਠਿੰਡਾ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਅਧੀਨ 1,783 ਕੇਸ ਦਰਜ ਕਰਕੇ 2,693 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ। ਇਸ ਦੌਰਾਨ 61.632 ਕਿੱਲੋ ਹੈਰੋਇਨ, 18.696 ਕਿੱਲੋ ਅਫੀਮ, 3,326 ਕਿੱਲੋ ਭੁੱਕੀ, 1,60,183 ਨਸ਼ੀਲੀਆਂ ਗੋਲੀਆਂ/ਕੈਪਸੂਲ, 176 ਨਸ਼ੀਲੀਆਂ ਸ਼ੀਸ਼ੀਆਂ ਅਤੇ 21.893 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 1 ਮਾਰਚ 2025 ਤੋਂ ਹੁਣ ਤੱਕ 1,706 ਮੁਕੱਦਮੇ ਦਰਜ ਕਰਕੇ 2,551 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਅਤੇ 60.476 ਕਿੱਲੋਗ੍ਰਾਮ ਹੈਰੋਇਨ ਸਮੇਤ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਬਰਾਮਦ ਕੀਤਾ ਗਿਆ।
*ਅ/ਧ 68-ਐਫ ਐਨ.ਡੀ.ਪੀ.ਐਸ. ਐਕਟ ਅਧੀਨ ਵੱਡੀ ਕਾਰਵਾਈ*
ਨਸ਼ਾ ਤਸਕਰਾਂ ਦੁਆਰਾ ਬਣਾਈ ਗਈ ਗੈਰਕਾਨੂੰਨੀ ਜਾਇਦਾਦ ਖਿਲਾਫ ਕਾਰਵਾਈ ਕਰਦਿਆਂ 24 ਕੇਸ ਅ/ਧ 68-ਐਫ ਐਨ.ਡੀ.ਪੀ.ਐਸ. ਐਕਟ ਅਧੀਨ ਕੰਪੀਟੈਂਟ ਅਥਾਰਟੀ ਨੂੰ ਭੇਜੇ ਗਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 6.89 ਕਰੋੜ ਰੁਪਏ ਹੈ। ਇਨ੍ਹਾਂ ਵਿੱਚੋਂ 20 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਦੀ ਕੁੱਲ ਕੀਮਤ 4.98 ਕਰੋੜ ਰੁਪਏ ਤੋਂ ਵੱਧ ਹੈ।
*ਨਸ਼ਾ ਛੁਡਾਊ ਮੁਹਿੰਮ*
ਨਸ਼ਾ ਛੱਡਣ ਲਈ ਤਿਆਰ 1,088 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਅਤੇ 1,444 ਨੂੰ OOAT ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ 202 ਵਿਅਕਤੀਆਂ ਨੂੰ ਧਾਰਾ 64-ਏ ਐਨ.ਡੀ.ਪੀ.ਐਸ. ਐਕਟ ਅਧੀਨ ਇਲਾਜ ਲਈ ਭੇਜਿਆ ਗਿਆ।
*ਸੰਗੀਨ ਅਤੇ ਅੰਨ੍ਹੇ ਕਤਲ ਮਾਮਲਿਆਂ ਵਿਰੁੱਧ ਕਾਰਵਾਈ*
ਬਠਿੰਡਾ ਪੁਲਿਸ ਨੇ ਸਾਲ 2025 ਦੌਰਾਨ ਕਈ ਅੰਨ੍ਹੇ ਕਤਲ ਕੇਸ, ਡਬਲ ਮਰਡਰ, ਅਗਵਾ ਅਤੇ ਡਕੈਤੀ ਵਰਗੇ ਸੰਗੀਨ ਅਪਰਾਧਾਂ ਨੂੰ ਘੱਟ ਸਮੇਂ ਵਿੱਚ ਟਰੇਸ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਖੇਤਰਾਂ ਵਿੱਚ ਦਰਜ ਕਤਲ ਕੇਸਾਂ ਨੂੰ ਸਫਲਤਾਪੂਰਵਕ ਹੱਲ ਕਰਦਿਆਂ ਘਟਨਾ ਦੌਰਾਨ ਵਰਤੇ ਗਏ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਗਏ।