ਮੁਕਤਸਰ ਮਾਘੀ ਮੇਲੇ ਨੂੰ ਲੈ ਕੇ ਐਸਐਸਪੀ ਵੱਲੋਂ ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧਾਂ ਦੀ ਸਮੀਖਿਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 29 ਦਸੰਬਰ 2025 :ਮਾਘ ਮਹੀਨੇ ਵਿੱਚ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਅਗਾਊਂ ਸੁਰੱਖਿਆ, ਟ੍ਰੈਫਿਕ ਅਤੇ ਜਨਤਕ ਸੁਵਿਧਾ ਪ੍ਰਬੰਧਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸਥਾਰਪੂਰਕ ਤਿਆਰੀਆਂ ਕੀਤੀਆਂ ਗਈਆਂ। ਇਸ ਸਬੰਧ ਵਿੱਚ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ. ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਮਾਘੀ ਮੇਲਾ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ, ਇਤਿਹਾਸਕ ਅਤੇ ਲੋਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਹੱਤਵਪੂਰਨ ਹੈ, ਜਿਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚਦੇ ਹਨ। ਇਸ ਲਈ ਜ਼ਿਲ੍ਹਾ ਪੁਲਿਸ ਦੀ ਪ੍ਰਮੁੱਖ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਇਸ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਜਾਂ ਅਸੁਵਿਧਾ ਨਾ ਆਵੇ ਅਤੇ ਹਰ ਇਕ ਵਿਅਕਤੀ ਆਪਣੀ ਧਾਰਮਿਕ ਸ਼ਰਧਾ ਅਨੁਸਾਰ ਸ਼ਾਂਤੀਪੂਰਕ ਢੰਗ ਨਾਲ ਸ਼ਹੀਦੀ ਜੋੜ ਮਾਘੀ ਮੇਲੇ ਵਿੱਚ ਸ਼ਾਮਿਲ ਹੋ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮਾਘੀ ਮੇਲੇ ਦੌਰਾਨ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ ਸਖ਼ਤ ਅਤੇ ਸੁਚੱਜੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸ਼ਹਿਰ ਦੇ ਹਰ ਮੁੱਖ ਰਸਤੇ, ਚੌਕ ਅਤੇ ਭੀੜ ਵਾਲੀਆਂ ਥਾਵਾਂ ‘ਤੇ ਪੁਲਿਸ ਨਾਕੇ ਸਥਾਪਿਤ ਕੀਤੇ ਜਾਣਗੇ। ਇਸਦੇ ਨਾਲ ਹੀ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ‘ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ 24 ਘੰਟੇ ਪੁਲਿਸ ਮੁਲਾਜ਼ਮ ਸ਼ਰਧਾਲੂਆਂ ਦੀ ਸਹਾਇਤਾ ਲਈ ਤਾਇਨਾਤ ਰਹਿਣਗੇ।ਐਸ.ਐਸ.ਪੀ. ਨੇ ਕਿਹਾ ਕਿ ਮੇਲੇ ਦੌਰਾਨ ਭੀੜ ‘ਤੇ ਨਿਗਰਾਨੀ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਵਾਚ ਟਾਵਰ ਲਗਾਏ ਜਾਣਗੇ, ਜਿੱਥੋਂ ਪੁਲਿਸ ਮੁਲਾਜ਼ਮ ਦੂਰਬੀਨਾਂ ਦੀ ਮਦਦ ਨਾਲ ਹਰ ਵੇਲੇ ਨਿਗਰਾਨੀ ਕਰਦੇ ਰਹਿਣਗੇ। ਕਿਸੇ ਵੀ ਅਣਚਾਹੀ ਘਟਨਾ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਪੁਲਿਸ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮੇਲਾ ਮਾਘੀ ਦੌਰਾਨ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਦੀ ਲਾਈਵ ਫੀਡ ਪੁਲਿਸ ਕੰਟਰੋਲ ਰੂਮ ਨਾਲ ਜੋੜੀ ਜਾਵੇਗੀ। ਪੁਲਿਸ ਕੰਟਰੋਲ ਰੂਮ 24 ਘੰਟੇ ਪੂਰੀ ਤਰ੍ਹਾਂ ਸਚੇਤ ਰਹੇਗਾ ਅਤੇ ਪੀ.ਸੀ.ਆਰ. ਮੋਟਰਸਾਈਕਲ ਟੀਮਾਂ ਸ਼ਹਿਰ ਅੰਦਰ ਲਗਾਤਾਰ ਗਸ਼ਤ ਕਰਦੀਆਂ ਰਹਿਣਗੀਆਂ।ਟ੍ਰੈਫਿਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਕਿਸਮ ਦੇ ਵਾਹਨਾਂ ਲਈ ਅਲੱਗ-ਅਲੱਗ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਜਾਣਗੇ। ਸ਼ਹਿਰ ਅੰਦਰ ਹੈਵੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ ਰਹੇਗੀ ਅਤੇ ਦੂਜੇ ਸ਼ਹਿਰਾਂ ਵੱਲ ਜਾਣ ਵਾਲੇ ਵਾਹਨਾਂ ਲਈ ਸ਼ਹਿਰ ਤੋਂ ਬਾਹਰ ਹੀ ਬਾਈਪਾਸ ਰੂਟਾਂ ਰਾਹੀਂ ਆਵਾਜਾਈ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਟ੍ਰੈਫਿਕ ਜਾਮ ਦੀ ਸਥਿਤੀ ਨਾ ਬਣੇ।
ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਸ਼ਰਧਾਲੂਆਂ ਵੱਲੋਂ ਸਰੋਵਰਾਂ ਵਿੱਚ ਇਸ਼ਨਾਨ ਦੌਰਾਨ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਪ੍ਰਸ਼ਿਸ਼ਤ ਗੋਤਾਖੋਰ ਤਾਇਨਾਤ ਕੀਤੇ ਜਾਣਗੇ। ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਹਰ ਇਕ ਗੇਟ ਅਤੇ ਅੰਦਰੂਨੀ ਪਰਿਸਰ ਵਿੱਚ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਰਹਿਣਗੇ। ਐਸ.ਐਸ.ਪੀ. ਸ੍ਰੀ ਅਭਿਮੰਨਿਊ ਰਾਣਾ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ, ਆਪਣੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ ‘ਤੇ ਨਜ਼ਦੀਕੀ ਪੁਲਿਸ ਕਰਮਚਾਰੀ ਜਾਂ ਪੁਲਿਸ ਸਹਾਇਤਾ ਕੇਂਦਰ ਨਾਲ ਸੰਪਰਕ ਕਰਨ।ਇਸ ਮੌਕੇ ਸ੍ਰੀਮਤੀ ਹਰਕਮਲ ਕੌਰ ਐਸ.ਪੀ. (ਹੈੱਡਕੁਆਰਟਰ), ਸ੍ਰੀ ਬਚਨ ਸਿੰਘ ਡੀ.ਐਸ.ਪੀ. (ਸ੍ਰੀ ਮੁਕਤਸਰ ਸਾਹਿਬ), ਸ੍ਰੀ ਤੇਜਿੰਦਰਪਾਲ ਸਿੰਘ ਡੀ.ਐਸ.ਪੀ. (ਹੈੱਡਕੁਆਰਟਰ), ਸ੍ਰੀ ਰਸਪਾਲ ਸਿੰਘ ਡੀ.ਐਸ.ਪੀ. (ਡੀ), ਸ੍ਰੀ ਹਰਜੀਤ ਸਿੰਘ ਡੀ.ਐਸ.ਪੀ (ਸੀ.ਏ. ਡਬਲਯੂ ਐਂਡ ਸੀ), ਸ੍ਰੀ ਪ੍ਰਦੀਪ ਸਿੰਘ ਡੀ.ਐਸ.ਪੀ (ਐਨ.ਡੀ.ਪੀ.ਐਸ), ਸ੍ਰੀ ਅੰਗਰੇਜ਼ ਸਿੰਘ ਡੀ.ਐਸ.ਪੀ (ਮਲੋਟ) ਸਮੇਤ ਜ਼ਿਲ੍ਹੇ ਦੇ ਸਮੂਹ ਥਾਣਾ ਮੁਖੀ ਅਤੇ ਦਫ਼ਤਰੀ ਸਟਾਫ ਹਾਜ਼ਰ ਸੀ।