Punjab News: ITI ਦੇ ਕੱਚੇ ਇੰਸਟਰਕਟਰਾਂ ਵੱਲੋਂ ਮੁੱਖ ਮੰਤਰੀ ਦੇ ਹਲਕੇ 'ਚ ਰੋਸ ਰੈਲੀ ਦਾ ਐਲਾਨ
ਅਸ਼ੋਕ ਵਰਮਾ
ਮਲੋਟ, 27 ਦਸੰਬਰ 2025: ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਆਂ ਵਿੱਚ ਕੰਮ ਕਰਦੇ 700 ਕੱਚੇ ਇੰਸਟਰਕਟਰਾਂ ਨੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ 5 ਜਨਵਰੀ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਠੇਕਾ ਅਧਾਰਿਤ ਇੰਸਟਰਕਟਰ ਆਰਤੀ ਰਾਣੀ ਮਲੋਟ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਸੇਵਾ ਸਿੰਘ, ਸੁਖਰਾਜ ਸਿੰਘ, ਨਵਨੀਤ ਸਿੰਘ, ਹਰਚਰਨ ਸਿੰਘ, ਗਗਨਦੀਪ ਸਿੰਘ ਆਦਿ ਦੀ ਅਗਵਾਈ ਵਿਚ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ ਚੱਲ ਰਹੇ ਪੱਕੇ ਧਰਨੇ ਦੌਰਾਨ ਉਪਰੋਕਤ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕੇ ਮੋਰਚੇ ਵਿੱਚ ਫ਼ੈਸਲਾ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਾਅਦੇ ਅਨੁਸਾਰ ਪੂਰਾ ਨਹੀਂ ਕੀਤਾ ਤਾਂ ਉਹ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਗਾਉਣਗੇ।
ਇਸੇ ਦੇ ਚਲਦਿਆਂ ਜਥੇਬੰਦੀ ਨੇ 22 ਦਸੰਬਰ ਤੋਂ ਸੰਸਥਾਵਾਂ ਦਾ ਕੰਮ (ਟਰੇਨਿੰਗ ਦਾ ਕੰਮ, ਸਾਰੇ ਪੋਰਟਲਾਂ ਦਾ ਕੰਮ, ਵੈਰੀਫਿਕੇਸ਼ਨ ਦਾ ਕੰਮ, ਦਫ਼ਤਰੀ ਕੰਮ, ਈ.ਐਮ.ਸੀ. ਐਪ ਦਾ ਕੰਮ) ਬਿਲਕੁਲ ਬੰਦ ਕਰਕੇ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਹੋਇਆ ਹੈ। ਪ੍ਰੰਤੂ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਜਿਸਦੇ ਰੋਸ ਵਜੋਂ ਹੁਣ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਉਹ 5 ਜਨਵਰੀ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਰੋਸ ਰੈਲੀ ਕਰਨਗੇ। ਉਹਨਾਂ ਦੱਸਿਆ ਕਿ ਤਰਨਤਾਰਨ ਧਰਨੇ ਦੌਰਾਨ ਤਕਨੀਕੀ ਸਿੱਖਿਆ ਮੰਤਰੀ, ਵਿੱਤ ਮੰਤਰੀ ਨਾਲ ਪੈਨਲ ਮੀਟਿੰਗਾਂ ਕੀਤੀਆਂ ਅਤੇ ਦੋਵਾਂ ਮੰਤਰੀਆਂ ਨੇ ਜਲਦੀ ਮੰਗਾਂ ਪੂਰੀਆਂ ਕਰਨ ਬਾਰੇ ਕਿਹਾ ਸੀ ਅਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਪ ਧਰਨੇ ਵਿੱਚ ਹਾਜ਼ਰ ਹੋ ਕਿ ਕਿਹਾ ਸੀ ਕਿ ਮੈਂ ਬਹੁਤ ਜਲਦੀ ਸੀ.ਐਮ. ਸਾਹਿਬ ਨਾਲ ਮਿਲ ਕੇ ਤੁਹਾਡੇ ਮਸਲੇ ਹੱਲ ਕਰਵਾਵਾਂਗਾ।
ਉਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਸਾਢੇ ਤਿੰਨ ਸਾਲਾਂ ਤੋਂ ਲਾਰੇ ਹੀ ਮਿਲ ਰਹੇ ਹਨ। ਆਗੂਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈਆਂ ਵਿੱਚ ਗਰੁੱਪ ਬੀ ਕਰਾਫ਼ਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉੱਪਰ ਸਿਰਫ਼ 15 ਹਜ਼ਾਰ ਪ੍ਰਤੀ ਮਹੀਨਾ ਉੱਪਰ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ। ਸਾਡੀ ਭਰਤੀ ਵਿਭਾਗ ਵੱਲੋਂ ਸਮੇਂ-ਸਮੇਂ ਉੱਪਰ ਜਾਰੀ ਹਦਾਇਤਾਂ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ, ਰੋਜ਼ਗਾਰ ਦਫ਼ਤਰਾਂ ਰਾਹੀਂ ਕੀਤੀ ਗਈ ਹੈ। ਅਸੀਂ ਡੀ.ਜੀ.ਟੀ. ਭਾਰਤ ਸਰਕਾਰ ਵੱਲੋਂ ਮੰਗੀਆਂ ਜਾਂਦੀਆਂ ਸਾਰੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਾਂ। ਪ੍ਰੰਤੂ ਫਿਰ ਵੀ ਸਾਡੇ ਨਾਲ ਪੰਜਾਬ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੰਗਾਂ ਵੱਲ ਧਿਆਨ ਨਹੀ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕੈਬਨਿਟ ਮੰਤਰੀਆਂ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਆਗੂਆਂ ਇਹ ਵੀ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੋਦਾਂ (ਧਨੇਰ), ਪੰਜਾਬ ਸਟੂਡੈਂਟ ਯੂਨੀਅਨ ਲਲਕਾਰ (ਪੀ.ਯੂ.) ਅਤੇ ਹੋਰ ਜਥੇਬੰਦੀਆਂ ਵੀ ਸਹਿਯੋਗ ਦੇਣ ਲਈ ਪੁੱਜ ਰਹੀਆਂ ਹਨ।