ਡਾ. ਦਲਵੀਰ ਸਿੰਘ ਪੰਨੂ ਨੇ ਐਡਵੋਕੇਟ ਧਾਮੀ ਨੂੰ ‘ਗੁਰਮੁਖੀ ਅਦਬ ਦਾ ਖ਼ਜ਼ਾਨਾ’ ਪੁਸਤਕ ਕੀਤੀ ਭੇਟ
ਅੰਮ੍ਰਿਤਸਰ, 6 ਦਸੰਬਰ-
ਅਮਰੀਕਾ ਨਿਵਾਸੀ ਡਾ. ਦਲਵੀਰ ਸਿੰਘ ਪੰਨੂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀ ਪੁਸਤਕ ‘ਗੁਰਮੁਖੀ ਅਦਬ ਦਾ ਖ਼ਜ਼ਾਨਾ’ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਭੇਟ ਕੀਤੀ। ਇਸ ਪੁਸਤਕ ਵਿਚ ਡਾ. ਦਲਵੀਰ ਸਿੰਘ ਪੰਨੂ ਵੱਲੋਂ ਪਾਕਿਸਤਾਨ ਸਥਿਤ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੀਮਤੀ ਖ਼ਜ਼ਾਨੇ ਬਾਰੇ ਭਰਪੂਰ ਜਾਣਕਾਰੀ ਦਰਜ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਾ. ਦਲਵੀਰ ਸਿੰਘ ਪੰਨੂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਰਜ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਡਾ. ਪੰਨੂ ਨੇ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਪੰਜਾਬ ਸਾਹਿਤ ਲਈ ਇਕ ਵੱਖਰਾ ਹਾਲ ਤਿਆਰ ਕਰਵਾ ਕੇ ਸਿੱਖ ਇਤਿਹਾਸ ਦੇ ਕੀਮਤੀ ਖ਼ਜ਼ਾਨੇ ਨੂੰ ਸੰਭਾਲਣ ਦਾ ਉਪਰਾਲਾ ਕਰਨ ਦੇ ਨਾਲ-ਨਾਲ ਇਸ ਦਾ ਡਾਟਾਬੇਸ ਤਿਆਰ ਕਰਕੇ ਇਸ ਖ਼ਜ਼ਾਨੇ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਦੇ ਯਤਨ ਦੀ ਸ਼ਲਾਘਾ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਨ੍ਹਾਂ ਦੀ ਖੋਜ ਅਨੁਸਾਰ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਸਾਕਿਆਂ ਦੀ ਜਾਣਕਾਰੀ ਬਿਆਨ ਕਰਦੀਆਂ ਉਹ ਅਖ਼ਬਾਰਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਜ਼ਿਕਰ ਹੈ ਕਿ ਸਾਡੇ ਪੁਰਖਿਆਂ ਨੇ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲੈਣ ਲਈ ਆਪਣੀਆਂ ਜਾਇਦਾਦਾਂ ਤੱਕ ਵੇਚ ਦਿੱਤੀਆਂ ਸਨ, ਜੋ ਸਿੱਖਾਂ ਦਾ ਗੁਰੂ ਅਤੇ ਗੁਰੂ ਘਰਾਂ ਪ੍ਰਤੀ ਸਮਰਪਣ ਸੀ। ਡਾ. ਪੰਨੂ ਦੇ ਯਤਨ ਨਵੇਂ ਸਿੱਖ ਸਕਾਲਰਾਂ ਲਈ ਪ੍ਰੇਰਨਾ ਹਨ।
ਇਸ ਮੌਕੇ ਗੱਲ ਕਰਦਿਆਂ ਡਾ. ਦਲਵੀਰ ਸਿੰਘ ਪੰਨੂ ਨੇ ਕਿਹਾ ਕਿ ਦੁਨੀਆ ਦੀਆਂ ਚੌਣਵੀਆਂ ਲਾਇਬ੍ਰੇਰੀਆਂ ਵੇਖਣ ਦੌਰਾਨ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਕੀਮਤੀ ਖ਼ਜ਼ਾਨੇ ਦੀ ਜਾਣਕਾਰੀ ਮਿਲੀ, ਜਿਸ ਨੂੰ ਉਨ੍ਹਾਂ ਨੇ ਸੰਗਤਾਂ ਅਤੇ ਖੋਜਾਰਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਵੱਡਾ ਸਹਿਯੋਗ ਦਿੱਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਡਾ. ਚੇਤਨ ਸਿੰਘ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਭਾਈ ਸਤਪਾਲ ਸਿੰਘ ਕੋਹਲੀ ਯੂਐਸਏ, ਸਾਬਕਾ ਸਕੱਤਰ ਸ. ਵਰਿਆਮ ਸਿੰਘ ਤੇ ਸ. ਜਗਜੀਤ ਸਿੰਘ ਜੱਗੀ, ਮੈਨੇਜਰ ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਜਤਿੰਦਰ ਸਿੰਘ ਅਤੇ ਹੋਰ ਮੌਜੂਦ ਸਨ।