ਮਾਰੂਤੀ ਸੁਜ਼ੂਕੀ ਕਾਮੇ ਦੀ ਬਰਖਾਸਤਗੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਪ੍ਰਤੀ ਫ਼ੈਸਲਾ -- ਨਰਾਇਣ ਦੱਤ
ਜਪਾਨੀ ਸਾਮਰਾਜੀ ਕੰਪਨੀ ਸੁਜੂਕੀ ਦੀ ਭਾਈਵਾਲੀ ਵਾਲੀ ਮਾਰੂਤੀ-ਸੁਜੂਕੀ ਦੀ ਮਾਨੇਸਰ ਸਥਿਤ ਫੈਕਟਰੀ ਦੇ ਕਾਮਿਆਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਸੀ। 18 ਜੁਲਾਈ 2012 ਦੇ ਮਾਰੂਤੀ ਕਾਂਡ ਤੋਂ ਬਾਅਦ ਮੈਨੇਜਮੈਂਟ ਵੱਲੋਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਦਰਕਿਨਾਰ ਕਰਦਿਆਂ 546 ਪੱਕੇ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। 13 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਗੁੜਗਾਓਂ ਦੀ ਲੇਬਰ ਕੋਰਟ ਕਮ ਟ੍ਰਿਬਿਊਨਲ ਨੇ ਬਰਖ਼ਾਸਤ ਮਜ਼ਦੂਰ ਰਾਮ ਨਿਵਾਸ ਬਾਰੇ 07-11-2025 ਨੂੰ ਆਪਣਾ ਫ਼ੈਸਲਾ ਸੁਣਾਇਆ ਹੈ।
ਜੱਜ ਨੇ ਆਪਣੇ ਫ਼ੈਸਲੇ ਨੂੰ 30 ਵੱਖ-ਵੱਖ ਨੁਕਤਿਆਂ ਵਿੱਚ ਵੰਡਿਆ ਹੈ। ਜੱਜ ਵੱਲੋਂ ਕੀਤੇ ਗਏ ਫ਼ੈਸਲੇ ਦੇ 27ਵੇਂ ਨੁਕਤੇ ਵਿੱਚ ਅਦਾਲਤ ਦੀ ਟਿੱਪਣੀ ਬੇਹੱਦ ਗੰਭੀਰ, ਚਿੰਤਾਜਨਕ ਅਤੇ ਗੈਰ-ਕਾਨੂੰਨੀ ਹੈ। ਅਦਾਲਤ ਨੇ ਕਿਹਾ, "ਅੱਜ ਦੇ ਗਲ ਕੱਟ ਮੁਕਾਬਲੇਬਾਜ਼ੀ ਵਾਲੇ ਟਰੰਪ ਦੇ ਸੰਸਾਰ ਅੰਦਰ ਰਾਸ਼ਟਰ ਨਿਰਮਾਣ ਹਰ ਭਾਰਤੀ ਦਾ ਸਭ ਤੋਂ ਪਵਿੱਤਰ ਫਰਜ਼ ਹੈ। ਇਤਿਹਾਸ ਦਰਸਾਉਂਦਾ ਹੈ ਕਿ ਸਿਰਫ਼ ਉਹਨਾਂ ਹੀ ਅਰਥਚਾਰਿਆਂ ਨੇ ਤਰੱਕੀ ਕੀਤੀ ਹੈ ਜਿੱਥੇ ਕਰਮਚਾਰੀਆਂ ਨੂੰ ਸਖ਼ਤ ਅਨੁਸ਼ਾਸਨ ਵਿੱਚ ਰੱਖਿਆ ਗਿਆ ਹੈ। ਜੇਕਰ ਭਾਰਤ ਨੇ ਅੱਜ ਦੇ ਵਿਕਸਤ ਅਰਥਚਾਰਿਆਂ ਨਾਲ ਮੁਕ਼ਾਬਲਾ ਕਰਨਾ ਹੈ, ਤਾਂ ਇਸ ਨੂੰ ਆਪਣੇ ਕਰਮਚਾਰੀਆਂ ਵਿੱਚ ਸਖ਼ਤ ਅਨੁਸ਼ਾਸਨ ਲਾਗੂ ਕਰਨਾ ਹੋਵੇਗਾ। ਨਿਆਂ ਵਿਭਾਗ ਤੋਂ ਘੱਟੋ-ਘੱਟ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਨਿਆਂ ਵਿਭਾਗ ਤੋਂ ਗ਼ਲਤ ਕੰਮ ਕਰਨ ਵਾਲੇ ਕਾਮਿਆਂ ਲਈ ਹਮਦਰਦੀ ਅਤੇ ਹਮਦਰਦੀ ਦੀਆਂ ਵਾਰ-ਵਾਰ ਦਹੁਰਾਈਆਂ ਗਈਆਂ ਬੇਨਤੀਆਂ ਅਤੇ ਭਲਾਈ ਕਾਨੂੰਨਾਂ ਦੀ ਆੜ ਵਿੱਚ ਹੋਰ ਅਨੁਸ਼ਾਸਨਹੀਣਤਾ ਪੈਦਾ ਨਾ ਹੋਣ ਦਿਓ। ਇਸ ਲਈ ਕਰਮਚਾਰੀ ਦੀ ਬਰਖਾਸਤਗੀ ਨੂੰ ਗ਼ਲਤ ਜਾਂ ਗੈਰ-ਕਾਨੂੰਨੀ ਨਹੀਂ ਕਿਹਾ ਜਾ ਸਕਦਾ ਅਤੇ ਕਰਮਚਾਰੀ ਦੇ ਖ਼ਿਲਾਫ਼ ਕੇਸ ਦਾ ਫੈਸਲਾ ਕੀਤਾ ਜਾਂਦਾ ਹੈ।"
ਇਸ ਟਿੱਪਣੀ ਨਾਲ ਅਦਾਲਤ ਨੇ ਮਜ਼ਦੂਰ ਦੀ ਬਰਖ਼ਾਸਤਗੀ ਨੂੰ ਜਾਇਜ਼ ਠਹਿਰਾਉਂਦਿਆਂ ਇਹ ਵੀ ਕਿਹਾ ਕਿ ਮਜ਼ਦੂਰ ਕਿਤੇ ਹੋਰ ਕੰਮ ਨਹੀਂ ਕਰਦਾ ਸੀ ਸਗੋਂ ਉਹ ਕਈ ਵਾਰ ਪਿੰਡ ਵਿੱਚ ਆਪਣੀ ਪਤਨੀ ਦੀ ਕਰਿਆਨੇ ਦੀ ਦੁਕਾਨ 'ਤੇ ਬੈਠ ਜਾਂਦਾ ਸੀ। ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ। ਹੋਰ 29 ਨੁਕਤਿਆਂ ਵਿੱਚ ਜੋ ਵੀ ਕਿਹਾ ਗਿਆ ਹੈ, ਉਹ ਬਿੰਦੂ 27 ਦੀ ਟਿੱਪਣੀ ਤੋਂ ਸਮਝਿਆ ਜਾ ਸਕਦਾ ਹੈ। ਕਿਸੇ ਨੋਟਿਸ ਅਤੇ ਅੰਦਰੂਨੀ ਜਾਂਚ ਤੋਂ ਬਿਨਾਂ ਬਰਖਾਸਤਗੀ ਇੱਕ ਤਰ੍ਹਾਂ ਨਾਲ ਜਾਇਜ਼ ਹੈ। 2012 ਦੇ ਹਾਦਸੇ ਦੀ ਪੁਲਿਸ ਜਾਂਚ ਵਿੱਚ ਜਿਨ੍ਹਾਂ ਵਰਕਰਾਂ ਦੇ ਨਾਮ ਵੀ ਨਹੀਂ ਪਾਏ ਗਏ ਸਨ, ਉਨ੍ਹਾਂ ਦੀ ਬਰਖਾਸਤਗੀ ਨੂੰ ਵੀ ਇੱਕ ਤਰ੍ਹਾਂ ਨਾਲ ਜਾਇਜ਼ ਠਹਿਰਾਇਆ ਗਿਆ ਹੈ।
18 ਜੁਲਾਈ 2012 ਦੀ ਘਟਨਾ ਤੋਂ ਬਾਅਦ ਮਾਰੂਤੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਇਸ ਨੂੰ ਜਮਾਤੀ ਜੰਗ ਦੱਸਕੇ ਮਜ਼ਦੂਰਾਂ ਖ਼ਿਲਾਫ਼ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਸੀ। ਉਸ ਤੋਂ ਬਾਦ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਰੱਦ ਕਰਨ ਦਾ ਕਾਰਨ ਵਿਦੇਸ਼ੀ ਨਿਵੇਸ਼ 'ਤੇ ਪੈਣ ਵਾਲਾ ਪ੍ਰਭਾਵ ਦੱਸਿਆ ਗਿਆ ਸੀ ਅਤੇ ਹੁਣ ਨੌਕਰੀ ਬਹਾਲੀ ਦੇ ਮੁੱਦੇ 'ਤੇ ਸਾਮਰਾਜੀ ਪੂੰਜੀ ਦੀ ਸੇਵਾ ਅਤੇ ਵਿਕਾਸ ਦੀ ਦੁਹਾਈ ਦਿੱਤੇ ਬਿਨਾਂ ਅੱਖਾਂ ਬੰਦ ਕਰਕੇ ਕੰਮ ਕਰਨ ਦੀ ਸਲਾਹ ਦਿੱਤੀ ਹੈ।
ਘਟਨਾ ਦਾ ਸੰਖੇਪ ਪਿਛੋਕੜ
ਦਸ ਸਾਲ ਪਹਿਲਾਂ 2011 ਵਿੱਚ ਹਰਿਆਣਾ ਦੇ ਮਾਨੇਸਰ(ਗੁੜਗਾਓਂ) ਵਿੱਚ ਸਥਿਤ ਜਪਾਨੀ ਮਾਲਕੀ ਵਾਲ਼ੀ ਸਾਮਰਾਜੀ ਕੰਪਨੀ ਮਰੂਤੀ-ਸਜੂਕੀ ਇੰਡੀਆ ਲਿਮਟਿਡ ਦੇ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਸ਼ੁਰੂ ਕੀਤਾ ਸੀ। ਪੂਰੀ ਦੁਨੀਆਂ ਵਿੱਚ ਸਾਮਰਾਜੀ ਜਪਾਨੀ ਮਾਲਕ ਮਜ਼ਦੂਰਾਂ ਦੀ ਬਰਬਰ ਲੁੱਟ-ਜ਼ਬਰ ਲਈ ਬਦਨਾਮ ਹਨ। ਹਾਕਮ ਜਮਾਤਾਂ ਵੱਲੋਂ ਇਹਨਾਂ ਨਾਲ਼ ਖੜ੍ਹਨ ਕਾਰਨ ਮਜ਼ਦੂਰਾਂ ਲਈ ਸਥਿਤੀ ਹੋਰ ਵੀ ਅਣਸੁਖਾਵੀਂ ਹੋ ਜਾਂਦੀ ਹੈ। ਇਸ ਪਲਾਂਟ ਦੀ ਸ਼ੁਰੂਆਤ 2006 ਵਿੱਚ ਹੋਈ ਸੀ। ਆਧੁਨਿਕ ਮਸ਼ੀਨਾਂ, ਰੋਬੋਟਾਂ ਨਾਲ਼ ਅਤੇ ਅਸੈਂਬਲੀ ਲਾਈਨ ਉੱਤੇ ਕੰਮ ਜ਼ਿਆਦਾ ਹੁੰਦਾ ਹੈ ਤੇ ਇਹ ਮਜ਼ਦੂਰਾਂ ਦਾ ਸਾਹ-ਸੱਤ ਨਿਚੋੜ ਲੈਂਦਾ ਹੈ। ਇਹੋ ਤਕਨੀਕ ਇਸ ਕਾਰਖਾਨੇ ਵਿੱਚ ਵੀ ਲਾਗੂ ਕੀਤੀ ਗਈ। ਇਸ ਕਾਰਖਾਨੇ ਵਿੱਚ ਤੇਈ ਸਾਲਾਂ ਤੋਂ ਘੱਟ ਉਮਰ ਦੇ ਮਜ਼ਦੂਰਾਂ ਨੂੰ ਕੰਮ 'ਤੇ ਲਿਆ ਜਾਂਦਾ ਸੀ। ਕਾਰਖਾਨੇ ਵਿੱਚ ਇੱਕ ਦਿਨ ਵਿੱਚ 1200 ਕਾਰਾਂ ਬਣਾਉਣ ਦਾ ਟੀਚਾ ਮਿੱਥਿਆ ਹੋਇਆ ਸੀ, ਪਰ ਮਜ਼ਦੂਰਾਂ ਤੋਂ 1500 ਕਾਰਾਂ ਬਣਵਾਈਆਂ ਜਾਂਦੀਆਂ ਸਨ। ਪੰਦਰਾਂ ਮਿੰਟ ਦੁਪਹਿਰੇ ਖਾਣੇ ਦੀ ਛੁੱਟੀ ਸਮੇਤ ਸੱਤ-ਸੱਤ ਮਿੰਟ ਲਈ ਦੋ ਵਾਰੀ ਚਾਹ ਦੀ ਛੁੱਟੀ ਹੁੰਦੀ ਸੀ। ਮਜ਼ਦੂਰਾਂ ਦੇ ਖਾਣਾ ਖਾਣ, ਚਾਹ-ਪਾਣੀ ਪੀਣ, ਪਿਸ਼ਾਬ ਆਦਿ ਜਾਣ ਦਾ ਇਹੀ ਸਮਾਂ ਸੀ। ਚਾਰੇ ਪਾਸੇ ਲੱਗੇ ਕੈਮਰਿਆਂ ਨਾਲ ਮਜ਼ਦੂਰਾਂ ਦੀ ਇੱਕ-ਇੱਕ ਹਰਕਤ ’ਤੇ ਨਿਗਾਹਬਾਨੀ ਕੀਤੀ ਜਾਂਦੀ ਸੀ। ਜੇਕਰ ਕੋਈ ਮਜ਼ਦੂਰ ਇੱਕ-ਦੋ ਮਿੰਟ ਲਈ ਅਰਾਮ ਕਰਨ ਲਈ ਬੈਠ ਜਾਂਦਾ ਸੀ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਸੀ। ਇਸ ਤੋਂ ਬਿਨਾਂ ਕੋਈ ਛੁੱਟੀ ਨਹੀਂ, ਬਿਨਾਂ ਮਨਜ਼ੂਰੀ ਤੋਂ ਇੱਕ ਦਿਨ ਦੀ ਛੁੱਟੀ ਦੇ 1500 ਰੁਪਏ, ਦੋ ਦਿਨ ਦੀ ਛੁੱਟੀ ਦੇ 2200 ਰੁਪਏ ਅਤੇ ਤਿੰਨ ਦਿਨ ਦੀ ਛੁੱਟੀ ਦੇ 7000 ਰੁਪਏ ਕੱਟ ਲਏ ਜਾਂਦੇ ਸਨ। ਉਸ ਸਮੇਂ ਇਸ ਕਾਰਖ਼ਾਨੇ ਵਿੱਚ 1000 ਪੱਕੇ ਮਜ਼ਦੂਰਾਂ ਤੋਂ ਇਲਾਵਾ ਲਗਭਗ 750 ਸਿਖਾਂਦਰੂ ਅਤੇ ਲਗਭਗ 2000 ਠੇਕਾ ਮਜ਼ਦੂਰ ਕੰਮ ਕਰਦੇ ਸਨ। ਸਾਰੇ ਮਜ਼ਦੂਰਾਂ ਨੂੰ ਤਿੰਨ ਸਾਲ ਲਈ ਸਿਖਲਾਈ ਵਿੱਚੋਂ ਲੰਘਣਾ ਪੈਂਦਾ ਸੀ ਜਿਸ ਦੌਰਾਨ ਕੋਈ ਕਿਰਤ ਕਨੂੰਨ ਲਾਗੂ ਨਹੀਂ ਹੁੰਦਾ। ਸਿਖਾਂਦਰੂ ਮਜ਼ਦੂਰਾਂ ਨੂੰ ਤਿੰਨ ਸਾਲ ਤੋਂ ਬਾਅਦ ਪੱਕਾ ਨਹੀਂ ਕੀਤਾ ਜਾਂਦਾ ਸੀ। ਠੇਕਾ ਮਜ਼ਦੂਰਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਸੀ। ਉਹਨਾਂ ਨੂੰ 4500-6000 ਹੀ ਤਨਖਾਹ ਮਿਲ਼ਦੀ ਸੀ। ਇਸ ਰੱਤ-ਨਿਚੋੜੂ ਪ੍ਰਬੰਧ ਖ਼ਿਲਾਫ਼ ਮਜ਼ਦੂਰਾਂ ਵਿੱਚ ਗੁੱਸਾ ਪਲ਼ ਰਿਹਾ ਸੀ, ਜਥੇਬੰਦੀ ਬਣਾਉਣ ਦੀ ਸੋਝੀ ਆ ਰਹੀ ਸੀ। ਮਜ਼ਦੂਰ ਇਸਦਾ ਇਜ਼ਹਾਰ ਵੀ ਕਰ ਚੁੱਕੇ ਸਨ। ਪ੍ਰਬੰਧਕ ਮਜ਼ਦੂਰਾਂ ਦੇ ਸਿਰ ਚੁੱਕਣ ਖ਼ਿਲਾਫ਼ ਮੌਕੇ ਦੀ ਤਾੜ ਵਿੱਚ ਸਨ ਤਾਂ ਕਿ ਮਜ਼ਦੂਰਾਂ ਨੂੰ ਸਬਕ ਸਿਖਾਇਆ ਜਾ ਸਕੇ। ਮਜ਼ਦੂਰਾਂ ਦੇ ਹੌਸਲੇ ਨੂੰ ਤੋੜਣ ਲਈ ਪ੍ਰਬੰਧਕਾਂ ਨੇ ਚੰਗੇ ਆਚਰਣ ਸਬੰਧੀ ਹਲਫਨਾਮੇ 'ਤੇ ਮਜ਼ਦੂਰਾਂ ਤੋਂ ਜ਼ਬਰੀ ਹਸਤਾਖਰ ਲੈਣੇ ਚਾਹੇ ਤਾਂ ਮਜ਼ਦੂਰਾਂ ਨੇ ਕੰਮ ਬੰਦ ਕਰਕੇ ਕਾਰਖ਼ਾਨੇ ਅੰਦਰ ਧਰਨਾ ਲਾ ਦਿੱਤਾ। ਬਦਲਾ ਲੈਣ ਦੀ ਨੀਅਤ ਨਾਲ਼ ਪ੍ਰਬੰਧਕਾਂ ਨੇ ਗਿਆਰਾਂ ਜਣਿਆਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਇਹ ਹੜਤਾਲ ਤੇਰਾਂ ਦਿਨਾਂ ਤੱਕ ਚੱਲੀ। ਕੱਢੇ ਮਜ਼ਦੂਰਾਂ ਨੂੰ ਵਾਪਸ ਰਖਵਾਕੇ ਇਹ ਸੰਘਰਸ਼ ਰੁਕਿਆ।
ਇਹ ਸੰਘਰਸ਼ ਠੇਕਾ ਅਤੇ ਪੱਕੇ ਮਜ਼ਦੂਰਾਂ ਨੇ ਮਿਲ਼ਕੇ ਲੜਿਆ ਜੋ ਇੱਕ ਸ਼ਲਾਘਾਯੋਗ ਵਰਤਾਰਾ ਸੀ। ਮਜ਼ਦੂਰਾਂ ਦਾ ਇਹ ਸੰਘਰਸ਼ ਰਵਾਇਤੀ ਟਰੇਡ ਯੂਨੀਅਨਾਂ ਤੋਂ ਅਲਹਿਦਾ ਵੱਖਰੇ ਅੰਦਾਜ਼ ਵਾਲਾ ਸੰਘਰਸ਼ ਸੀ, ਮਜ਼ਦੂਰ ਲੜਣ ਦੀ ਜਾਂਚ ਸਿੱਖ ਰਹੇ ਸਨ। ਮਜ਼ਦੂਰਾਂ ਦੀ ਜੁਝਾਰੂ ਏਕਤਾ ਸਾਹਮਣੇ ਕਾਰਖਾਨਾ ਪ੍ਰਬੰਧਕ ਬੇਵੱਸ ਨਜ਼ਰ ਆ ਰਹੇ ਸਨ। ਬਦਲਾਲਊ ਕਾਰਵਾਈ ਕਰਦੇ ਹੋਏ ਪ੍ਰਬੰਧਕਾਂ ਨੇ ਫਿਰ ਤੋਂ ਦੋ ਜਣਿਆਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਬੱਸ ਸੇਵਾ ਬੰਦ ਕਰ ਦਿੱਤੀ। 29 ਅਗਸਤ ਨੂੰ ਗੇਟ 'ਤੇ ਬੈਰੀਅਰ ਲਾਕੇ ਫਿਰ ਤੋਂ ਚੰਗੇ ਆਚਰਣ ਸਬੰਧੀ ਹਲਫਨਾਮੇ 'ਤੇ ਦਸਖ਼ਤ ਕਰਵਾਉਣੇ ਚਾਹੇ ਤਾਂ ਮਜ਼ਦੂਰਾਂ ਨੇ ਗੇਟ ਅੰਦਰ ਧਰਨਾ ਲਾ ਦਿੱਤਾ। ਇਸ ਸੰਘਰਸ਼ ਦੀ ਹਮਾਇਤ ਵਿੱਚ ਮਾਰੂਤੀ ਦੇ ਤਿੰਨ ਹੋਰ ਪਲਾਂਟ ਸੁਜ਼ੂਕੀ ਪਾਵਰ ਟਰੇਨ, ਸੁਜ਼ੂਕੀ ਕਾਸਟਿੰਗ ਅਤੇ ਸੁਜ਼ੂਕੀ ਮੋਟਰ ਬਾਈਕ ਦੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਸੰਘਰਸ਼ ਦੇ ਦਬਾਅ ਵਿੱਚ 16 ਸਤੰਬਰ ਨੂੰ ਪ੍ਰਬੰਧਕਾਂ ਨੇ ਕੁੱਝ ਮੰਗਾਂ ਮੰਨ ਲਈਆਂ ਅਤੇ ਹੜਤਾਲ ਸਮਾਪਤ ਹੋ ਗਈ।
ਪ੍ਰਬੰਧਕਾਂ ਨੇ ਪੱਕੇ ਅਤੇ ਠੇਕਾ ਮਜ਼ਦੂਰਾਂ ਵਿਚਕਾਰ ਫੁੱਟ ਪਾਉਣ ਦੇ ਇਰਾਦੇ ਨਾਲ਼ 1200 ਠੇਕਾ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਪੱਕੇ ਮਜ਼ਦੂਰਾਂ ਨੂੰ ਕਿਹਾ ਕਿ ਤੁਹਾਡੀ ਯੂਨੀਅਨ ਤਾਂ ਪੱਕੇ ਮਜ਼ਦੂਰਾਂ ਲਈ ਹੈ, ਤੁਸੀਂ ਠੇਕੇ ਵਾਲਿਆਂ ਤੋਂ ਕੀ ਲੈਣਾ ਹੈ। ਇੱਥੇ ਫਿਰ ਮਜ਼ਦੂਰਾਂ ਨੇ ਸਾਂਝ ਦਾ ਸਬੂਤ ਦਿੱਤਾ ਅਤੇ ਧਰਨਾ ਲਾ ਦਿੱਤਾ।
ਪ੍ਰਬੰਧਕਾਂ ਦੀ ਗੁੰਡਾਗਰਦੀ ਖ਼ਿਲਾਫ ਅਤੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਇਸ ਇਲਾਕੇ ਦੇ ਲੱਗਭਗ ਪੰਦਰਾਂ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਮਾਰੂਤੀ ਸੁਜ਼ੂਕੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਵਿੱਚ ਹੜਤਾਲ ਕਰ ਦਿੱਤੀ। ਲੱਗਭੱਗ ਦਸ ਹਜ਼ਾਰ ਮਜ਼ਦੂਰ ਇਸ ਹੜਤਾਲ ਦੀ ਹਮਾਇਤ ਵਿੱਚ ਖੜ੍ਹੇ ਹੋ ਗਏ। ਪ੍ਰਬੰਧਕਾਂ ਨੇ ਵੱਡੀ ਨਫਰੀ ਪੁਲਸ ਬੁਲਾਕੇ ਧਰਨਾ ਕਾਰਖਾਨੇ ਅੰਦਰੋਂ ਚੁਕਵਾ ਦਿੱਤਾ, ਪਰ ਮਜ਼ਦੂਰ ਕਾਰਖਾਨਾ ਗੇਟ ਦੇ ਬਾਹਰ ਧਰਨੇ ’ਤੇ ਡਟੇ ਰਹੇ। ਇੱਕ ਵਾਰ ਫੇਰ ਪ੍ਰਬੰਧਕਾਂ ਨੂੰ ਮੂੰਹ ਦੀ ਖਾਣੀ ਪਈ। 21 ਅਕਤੂਬਰ ਨੂੰ ਹੋਏ ਸਮਝੌਤੇ ਵਿੱਚ ਕੰਮ ਤੋਂ ਕੱਢੇ ਗਏ ਮਜ਼ਦੂਰਾਂ ਨੂੰ ਵਾਪਸ ਰੱਖਿਆ ਗਿਆ। ਪਰ ਨਾਲ਼ ਹੀ ਗਿਆਰਾਂ ਕਮੇਟੀ ਮੈਂਬਰਾਂ ਸਮੇਤ ਤੀਹ ਜਣਿਆਂ ’ਤੇ ਅੰਦਰੂਨੀ ਜਾਂਚ ਬਿਠਾ ਦਿੱਤੀ ਗਈ।
ਮਜ਼ਦੂਰਾਂ ਨੇ ਆਪਣੀ ਯੂਨੀਅਨ ਮਰੂਤੀ ਸੁਜ਼ੂਕੀ ਵਰਕਰਜ਼ ਯੂਨੀਅਨ ਦਾ ਗਠਨ ਕੀਤਾ ਅਤੇ ਰਜਿਸਟ੍ਰੇਸ਼ਨ ਕਰਵਾਈ। ਯੂਨੀਅਨ ਵੱਲੋਂ ਪ੍ਰਬੰਧਕਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਠੇਕਾ ਪ੍ਰਥਾ ਖ਼ਤਮ ਕਰਨ ਅਤੇ ਪੱਕੀ ਭਰਤੀ ਕਰਨ ਦੀ ਮੁੱਖ ਮੰਗ ਰੱਖੀ ਗਈ।
ਕਾਰਖਾਨਾ ਮਾਲਕ ਮਜ਼ਦੂਰਾਂ ’ਤੇ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। 18 ਜੁਲਾਈ 2012 ਵਾਲ਼ੇ ਦਿਨ ਕਾਰਖਾਨੇ ਅੰਦਰ ਵੱਡੀ ਸੰਖਿਆ ਵਿੱਚ ਬਾਊਂਸਰ ਬੁਲਾਕੇ ਮਜ਼ਦੂਰਾਂ ਦੀ ਕੁੱਟਮਾਰ ਦੀ ਤਿਆਰੀ ਕੀਤੀ ਗਈ। ਇੱਕ ਮੈਨੇਜਰ ਵੱਲੋਂ ਇੱਕ ਮਜ਼ਦੂਰ ਨੂੰ ਜਾਤੀਸੂਚਕ ਗਾਲ੍ਹਾਂ ਕੱਢਣ ਅਤੇ ਧਮਕਾਉਣ ਤੋਂ ਬਾਅਦ ਮਸਲਾ ਭੜਕ ਗਿਆ। ਦੋ ਘੰਟੇ ਮਜ਼ਦੂਰਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਜਿਸਦਾ ਮਜ਼ਦੂਰਾਂ ਨੇ ਡਟਕੇ ਮੁਕਾਬਲਾ ਕੀਤਾ। ਪ੍ਰਬੰਧਕਾਂ ਨੇ ਪੁਲਿਸ ਬਲਾਂ ਦੀ ਵੱਡੀ ਨਫਰੀ ਰਾਹੀਂ ਇਸ ਸੰਘਰਸ਼ ਨੂੰ ਦਬਾਇਆ। ਇੱਕ ਸਾਜ਼ਿਸ਼ ਤਹਿਤ ਮਜ਼ਦੂਰਾਂ ਦੇ ਹਮਦਰਦ ਮੈਨੇਜਰ ਅਵਨੀਸ਼ ਕੁਮਾਰ ਦਾ ਅੱਗ ਲਾਕੇ ਕਤਲ ਕਰ ਦਿੱਤਾ ਗਿਆ। ਇਸ ਸਭ ਦਾ ਇਲਜ਼ਾਮ ਮਜ਼ਦੂਰਾਂ ਸਿਰ ਮੜ੍ਹ ਦਿੱਤਾ ਗਿਆ। ਸਾਰੇ ਖ਼ਬਰੀ ਚੈਨਲਾਂ ਅਤੇ ਸਰਕਾਰ ਨੇ ਮਜ਼ਦੂਰਾਂ ਉੱਤੇ ਅੱਤਵਾਦੀਆਂ ਦਾ ਠੱਪਾ ਲਾ ਦਿੱਤਾ। 148 ਮਜ਼ਦੂਰਾਂ ਉੱਤੇ ਮੈਨੇਜਰ ਦੀ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਆਗੂ ਟੀਮ ਦੇ ਗਿਆਰਾਂ ਜਣਿਆਂ ਨੂੰ ਵੀ ਦੋਸ਼ੀ ਬਣਾਇਆ ਗਿਆ, ਜੋ ਉੱਥੇ ਉਸ ਵਕਤ ਮੌਜੂਦ ਹੀ ਨਹੀਂ ਸਨ।
ਸੈਸ਼ਨ ਕੋਰਟ ਵਿੱਚ ਚੱਲੇ ਇਸ ਕੇਸ ਵਿੱਚ ਕਾਰਖਾਨੇ ਦੇ ਫਰਜ਼ੀ ਗਵਾਹ ਉਹਨਾਂ ਦੀ ਪਛਾਣ ਤੱਕ ਨਹੀਂ ਕਰ ਸਕੇ। 2546 ਪੱਕੇ ਅਤੇ 1800 ਠੇਕਾ ਮਜ਼ਦੂਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। 10 ਮਾਰਚ 2017 ਨੂੰ ਗੁਰੂਗ੍ਰਾਮ (ਗੁੜਗਾਓਂ) ਦੀ ਅਦਾਲਤ ਨੇ ਮਰੂਤੀ-ਸਜ਼ੂਕੀ ਦੇ ਮਾਨੇਸਰ ਸਥਿਤ ਕਾਰਖ਼ਾਨੇ ਦੇ ਬੇਗੁਨਾਹ 31 ਮਜ਼ਦੂਰਾਂ ਨੂੰ ਸਥਾਨਕ ਅਦਾਲਤ ਵੱਲ਼ੋਂ ਕਤਲ, ਇਰਾਦਾ ਕਤਲ, ਹਮਲਾ ਕਰਕੇ ਸੱਟਾਂ ਮਾਰਨ ਆਦਿ ਦਾ ਨਜ਼ਾਇਜ ਤੌਰ ’ਤੇ ਦੋਸ਼ੀ ਠਹਿਰਾਇਆ ਗਿਆ ਅਤੇ 17 ਮਾਰਚ ਨੂੰ ਬੇਹੱਦ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ। ਤੇਰਾਂ ਮਜ਼ਦੂਰਾਂ ਨੂੰ ਉਮਰ ਕੈਦ, ਚਾਰ ਨੂੰ ਪੰਜ-ਪੰਜ ਸਾਲ ਦੀ ਕੈਦ ਅਤੇ 14 ਨੂੰ ਚਾਰ-ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮਜ਼ਦੂਰਾਂ ਨੂੰ ਜ਼ੁਰਮਾਨੇ ਵੀ ਲਗਾਏ ਗਏ। ਜਿਹੜੇ 14 ਮਜ਼ਦੂਰਾਂ ਨੂੰ 4-4 ਸਾਲ ਦੀ ਸਜ਼ਾ ਸੁਣਾਈ ਗਈ ਉਹ ਪਹਿਲਾਂ ਹੀ ਸੁਣਵਾਈ ਦੌਰਾਨ ਇਸ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰਹਿ ਚੁੱਕੇ ਸਨ। ਇਸ ਲਈ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕੁੱਲ 148 ਮਜ਼ਦੂਰ ਜੇਲ੍ਹ ਵਿੱਚ ਡੱਕੇ ਗਏ ਸਨ। ਇਹਨਾਂ ਵਿੱਚੋਂ 117 ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਇਹ ਮਜ਼ਦੂਰ ਚਾਰ-ਚਾਰ ਸਾਲ ਤੋਂ ਵਧੇਰੇ ਸਮਾਂ ਜੇਲ੍ਹ ਵਿੱਚ ਕੱਟ ਚੁੱਕੇ ਸਨ। ਨਾ ਹੀ ਇਨ੍ਹਾਂ ਮਜ਼ਦੂਰਾਂ ਨਾਲ਼ ਹੋਈ ਬੇਇਨਸਾਫ਼ੀ ਦੇ ਦੋਸ਼ੀਆਂ ਖਿਲਾਫ਼ ਕਿਸੇ 'ਤੇ ਕਾਰਵਾਈ ਹੋਈ ਅਤੇ ਨਾ ਹੀ ਇਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ। ਉਮਰ ਕੈਦ ਦੀ ਸਜ਼ਾ ਭੁਗਤ ਰਹੇ ਦੋ ਸਾਥੀ ਪਵਨ ਦਹੀਆ ਦੀ ਕਰੰਟ ਲੱਗਣ ਕਾਰਨ ਅਤੇ ਜੀਆ ਲਾਲ ਦੀ ਕੈਂਸਰ ਕਾਰਨ ਮੌਤ ਹੋ ਗਈ। ਮਜ਼ਦੂਰਾਂ ਖਿਲਾਫ਼ ਦਰਜ ਕੀਤੇ ਝੂਠੇ ਪੁਲਿਸ ਕੇਸਾਂ ਦੇ ਫ਼ੌਜਦਾਰੀ ਮੁਕੱਦਮਿਆਂ ਦਾ ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਇਨਸਾਫ਼ ਦੇਣ ਦੀ ਥਾਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਕਿ ਮਜ਼ਦੂਰਾਂ ਨੂੰ ਸਬਕ ਸਿਖਾਉਣਾ ਜਰੂਰੀ ਹੈ ਤਾਂ ਕਿ ਦੇਸ਼ ਵਿੱਚ ਨਿਵੇਸ਼ 'ਤੇ ਅਸਰ ਨਾ ਪਵੇ। ਭਾਵ ਸਾਮਰਾਜੀ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰਨ ਲਈ ਨਿਰਦੋਸ਼ ਮਜ਼ਦੂਰਾਂ ਦੀ ਬਲੀ ਦਿੱਤੀ ਗਈ। ਇਸ ਘਟਨਾ ਵਿਚ ਅਦਾਲਤ, ਅਫ਼ਸਰਸ਼ਾਹੀ ਅਤੇ ਸਰਕਾਰ ਦਾ ਪੱਖਪਾਤੀ ਰਵੱਈਆ ਜੱਗ ਜ਼ਾਹਿਰ ਹੋਇਆ ਹੈ ਕਿ ਇਹ ਸਿਰਫ਼ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਲਈ ਹਨ। ਇਸ ਸੰਘਰਸ਼ ਨੇ ਸਾਮਰਾਜੀ ਸਰਮਾਏਦਾਰਾਨਾ ਪ੍ਰਬੰਧ ਦੇ ਅਸਲੀ ਖਾਸੇ ਨੂੰ ਉਜਾਗਰ ਕੀਤਾ ਕਿ ਜਦੋਂ ਮਜ਼ਦੂਰਾਂ ਦਾ ਮਸਲਾ ਆਉਂਦਾ ਹੈ ਉਦੋਂ ਸਾਰਾ ਸਰਕਾਰੀ ਤੰਤਰ ਮਾਲਕਾਂ ਦੇ ਪੱਖ 'ਚ ਭੁਗਤਦਾ ਹੈ। ਅਦਾਲਤਾਂ ਵਿੱਚ ਇਨਸਾਫ਼ ਮਜ਼ਦੂਰਾਂ ਲਈ ਮ੍ਰਿਗਤ੍ਰਿਸ਼ਨਾ ਹੈ।
ਮਰੂਤੀ ਮਜ਼ਦੂਰਾਂ ਦੇ ਸੰਘਰਸ਼ ਨੇ ਦੇਸ਼ ਦੁਨੀਆਂ ਦੇ ਇਨਸਾਫ਼ਪਸੰਦ ਲੋਕਾਂ ਦਾ ਧਿਆਨ ਖਿੱਚਿਆ। ਏਨੇ ਜਬਰ ਅਤੇ ਪਹਿਲੀ ਲੀਡਰਸ਼ਿਪ ਵਿੱਚੋਂ ਕੁੱਝ ਦੇ ਪੈਸੇ ਲੈਕੇ ਚਲੇ ਜਾਣ ਜਿਹੀਆਂ ਦਿਲ ਤੋੜੂ ਘਟਨਾਵਾਂ ਤੋਂ ਬਾਅਦ ਵੀ ਇਹਨਾਂ ਮਜ਼ਦੂਰਾਂ ਨੇ ਹੌਸਲਾ ਨਹੀਂ ਛੱਡਿਆ। ਸਾਰੇ ਕੇਸ ਦੀ ਪੈਰਵਾਈ ਮਜ਼ਦੂਰਾਂ ਨੇ ਆਪਣੇ ਦਮ 'ਤੇ ਕੀਤੀ। ਸਾਥੀ ਜੀਆ ਲਾਲ ਜਿਸ ਦੀ ਕੈਂਸਰ ਨਾਲ਼ ਮੌਤ ਹੋਈ ਉਸ ਦਾ ਇਲਾਜ ਵੀ ਮਜ਼ਦੂਰ ਆਪਣੇ ਪੱਧਰ ਜਥੇਬੰਦਕ ਢੰਗ ਨਾਲ ਕਰਵਾ ਰਹੇ ਹਨ।
ਅਜੋਕੇ ਸਮੇਂ ਸਾਡਾ ਮੁਲਕ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲੀਆਂ ਸਨਅਤਾਂ ਦਾ ਅਹਾਤਾ ਬਣ ਗਿਆ ਹੈ ਜਿੱਥੇ ਰਾਜ ਕਰਦੀਆਂ ਪਾਰਲੀਮਾਨੀ ਪਾਰਟੀਆਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰ ਰਹੀਆਂ ਹਨ। ਉਹਨਾਂ ਦੇ ਤਾਨਾਸ਼ਾਹੀ ਹੁਕਮਾਂ ਦੇ ਵਿਰੋਧ ਨੂੰ ਹੁਣ ਅਨੁਸ਼ਾਸਨਹੀਣਤਾ ਅਤੇ ਰਾਸ਼ਟਰ ਵਿਰੋਧੀ ਕਿਹਾ ਜਾ ਰਿਹਾ ਹੈ। ਕਨੂੰਨ ਹੁਣ ਸਿਰਫ਼ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਬੂਹੇ ਦਾ ਨੌਕਰ ਬਣ ਕੇ ਰਹਿ ਗਿਆ ਹੈ। ਹੁਣ ਸਿੱਧੇ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲਣਾ ਅਤੇ ਮਜ਼ਦੂਰਾਂ ਨੂੰ ਇਹ ਵੀ ਜਾਨਣਾ ਹੋਵੇਗਾ ਕਿ ਵਿਅਕਤੀਗਤ ਤੌਰ 'ਤੇ ਮਜ਼ਦੂਰਾਂ ਨੂੰ ਕੋਈ ਅਧਿਕਾਰ ਨਹੀਂ ਹਨ। ਹੁਣ ਤਾਂ ਸਗੋਂ ਭਾਜਪਾ ਦੀ ਅਗਵਾਈ ਵਾਲੀ ਫ਼ਿਰਕੂ ਫਾਸ਼ੀ ਮੋਦੀ ਹਕੂਮਤ ਨੇ ਉਜ਼ਰਤਾਂ ਦਾ ਕੋਡ, 2019, ਉਦਯੋਗਿਕ ਸਬੰਧਾਂ ਕੋਡ 2020, ਸੋਸ਼ਲ ਸਕਿਉਰਟੀ ਕੋਡ 2020 ਅਤੇ ਕਿੱਤਾਮੁੱਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ 2020, ਸੰਸਦ ਵਿੱਚੋਂ ਪਾਸ ਕਰਵਾਕੇ ਇਸ ਸਾਲ 21 ਨਵੰਬਰ ਤੋਂ ਲਾਗੂ ਵੀ ਕਰ ਦਿੱਤੇ ਗਏ ਹਨ। ਇਹਨਾਂ ਕਿਰਤ ਕੋਡਾਂ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਨੂੰ ਮਨਮਾਨੇ ਢੰਗ ਨਾਲ ਕਿਰਤੀਆਂ ਦੀ ਲੁੱਟ ਹੋਰ ਤਿੱਖੀ ਕਰਨ ਲਈ ਖੁੱਲੀ ਛੁੱਟੀ ਮਿਲ ਗਈ ਹੈ।
ਕਿਰਤੀ ਜਮਾਤ ਨੂੰ ਇਹ ਭਲੀਭਾਂਤ ਸਮਝਣਾ ਹੋਵੇਗਾ ਕਿ ਅਫ਼ਸਰਸ਼ਾਹੀ, ਸਿਆਸਤਦਾਨ ਅਤੇ ਅਦਾਲਤਾਂ ਦੇ ਰੂਪਾਂ ਵਾਲੇ ਹਕੂਮਤ ਦੇ ਸਾਰੇ ਅੰਗ ਮਜਦੂਰਾਂ ਦੇ ਹਿੱਤਾਂ ਦੀ ਰਾਖ਼ੀ ਲਈ ਨਹੀਂ ਸਗੋਂ ਆਪਣੇ ਜਮਾਤੀ ਕਿਰਦਾਰ ਅਨੁਸਾਰ ਦੇਸ਼ੀ ਬਦੇਸ਼ੀ ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਹਾਜ਼ਰ ਸਨ। ਕਿਰਤੀ ਜਮਾਤ ਨੂੰ ਆਪਣੀ ਜਮਾਤੀ ਲੜਾਈ, ਆਪਣੀ ਖੁਦ ਦੀ ਜਮਾਤੀ ਏਕਤਾ ਅਤੇ ਨਾਲ ਹੀ ਹੋਰਨਾਂ ਮਿਹਨਤਕਸ਼ ਕਾਮਿਆਂ ਤੇ ਲੁੱਟੇ-ਪੁੱਟੇ ਜਾਂਦੇ ਲੋਕਾਂ ਨਾਲ ਤਕੜੀ ਸਾਂਝ ਵਿਕਸਤ ਕਰਦਿਆਂ ਲੜਨੀ ਪੈਣੀ ਹੈ।
Narayan Dutt <ndutt2011@gmail.com>
ਨਰਾਇਣ ਦੱਤ
ਬਰਨਾਲਾ
ਮੋਬਾਇਲ ਸੰਪਰਕ
9646010770

-
ਨਰਾਇਣ ਦੱਤ , writer
ndutt2011@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.