ਭਾਜਪਾ ਨੇ ਪੰਜਾਬ ਦੇ ਲੋਕਾਂ ਨਾਲ ਲਿਆ ਇੱਕ ਹੋਰ ਪੰਗਾ; ਖੋਹੇ ਪਾਣੀਆਂ 'ਤੇ ਮਨਾਉਣ ਲੱਗੇ ਜਸ਼ਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 4 ਦਸੰਬਰ 2025- ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਵਿਵਾਦ ਤਾਂ ਹਾਲੇ ਖ਼ਤਮ ਹੀ ਹੋਇਆ ਸੀ ਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਦੇ ਨਾਲ ਨਵਾਂ ਪੰਗਾ ਲੈ ਲਿਆ ਹੈ। ਦਰਅਸਲ, ਭਾਜਪਾ ਨੇ ਹੁਣ ਪੰਜਾਬ ਦੇ ਖੋਹੇ ਗਏ ਪਾਣੀਆਂ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਖਲਬਲੀ ਮੱਚ ਗਈ ਹੈ। ਦਰਅਸਲ, ਭਾਜਪਾ ਦੁਆਰਾ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ 5 ਦਸੰਬਰ ਨੂੰ ਹੋਣ ਵਾਲੇ ਗੰਗ ਨਹਿਰ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਇਸ ਸਮਾਗਮ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਇਸ ਫੈਸਲੇ ਲਈ ਭਾਜਪਾ (BJP) ਨੂੰ ਘੇਰਿਆ ਹੈ।
ਪੰਜਾਬ ਦੇ ਪਾਣੀਆਂ ਨੂੰ ਖੋਹੇ ਕੇ ਬਣਾਈ ਗਈ ਸੀ ਗੰਗ ਨਹਿਰ- ਕਾਂਗਰਸ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਮਾਗਮ ਦੀ ਆਲੋਚਨਾ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਰੇ ਟਵੀਟ ਕਰਦਿਆਂ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਇਸ ਫੈਸਲੇ ਨੂੰ "ਸਾਡੇ ਇਤਿਹਾਸ ਦਾ ਅਪਮਾਨ" ਦੱਸਿਆ। ਉਨ੍ਹਾਂ ਕਿਹਾ ਕਿ ਇਹ ਨਹਿਰ ਅੰਗਰੇਜ਼ਾਂ ਦੁਆਰਾ ਬੀਕਾਨੇਰ ਦੇ ਰਾਜੇ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪਾਣੀਆਂ ਨੂੰ ਖੋਹੇ ਕੇ ਬਣਾਈ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਜਿਹੇ ਇਤਿਹਾਸ ਦੀ ਵਡਿਆਈ ਕਰ ਰਹੀ ਹੈ, ਜੋ "ਪੰਜਾਬ ਨੂੰ ਦਿੱਤਾ ਗਿਆ ਗਹਿਰਾ ਦਰਦ ਹੈ।"
ਰਾਜਾ ਵੜਿੰਗ ਨੇ ਵੀ ਇਸ ਮਸਲੇ 'ਤੇ ਟਵੀਟ ਕੀਤਾ ਹੈ। ਰਾਜਾ ਵੜਿੰਗ ਨੇ ਇਸ ਨੂੰ ਗੈਰ-ਸੰਵੇਦਨਸ਼ੀਲ ਦੱਸਦੇ ਹੋਏ ਕਿਹਾ ਕਿ ਫਾਜ਼ਿਲਕਾ, ਅਬੋਹਰ ਅਤੇ ਮੁਕਤਸਰ ਦੇ ਕਿਸਾਨ ਜਦੋਂ ਕੁਝ ਘੰਟਿਆਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ, ਉਦੋਂ ਭਾਜਪਾ ਇਸ ਨਹਿਰ ਦੀ ਸ਼ਤਾਬਦੀ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ "ਪੰਜਾਬ ਦੇ ਮੁੱਦਿਆਂ ਪ੍ਰਤੀ ਭਾਜਪਾ ਦੀ ਅਸੰਵੇਦਨਸ਼ੀਲਤਾ" ਨੂੰ ਦਰਸਾਉਂਦੀ ਹੈ।
ਗੰਗ ਨਹਿਰ ਦੇ ਸ਼ਤਾਬਦੀ ਸਮਾਗਮ 5 ਦਸੰਬਰ ਨੂੰ- ਅਰਜੁਨ ਰਾਮ ਮੇਘਵਾਲ
ਇਸ ਵਿਵਾਦ ਦੀ ਸ਼ੁਰੂਆਤ ਭਾਜਪਾ ਲੀਡਰ ਅਰਜੁਨ ਰਾਮ ਮੇਘਵਾਲ ਦੀ ਸੋਸ਼ਲ ਮੀਡੀਆ ਪੋਸਟ ਤੋਂ ਹੋਈ। ਅਰਜੁਨ ਰਾਮ ਮੇਘਵਾਲ ਨੇ ਟਵੀਟ ਕਰਕੇ ਕਰਦਿਆਂ ਗੰਗ ਨਹਿਰ ਨੂੰ "ਜੀਵਨ ਦਾਇਕ" ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਸ਼ਾਨਦਾਰ ਸ਼ਤਾਬਦੀ 5 ਦਸੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮਹਾਰਾਜਾ ਗੰਗਾ ਸਿੰਘ ਜੀ ਦੁਆਰਾ ਨੀਂਹ ਪੱਥਰ ਰੱਖਣ ਦੀ ਸੌਵੀਂ ਵਰ੍ਹੇਗੰਢ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਨੂੰ "ਵਿਰਾਸਤ ਅਤੇ ਵਿਕਾਸ ਦੀ ਸ਼ਾਨਦਾਰ ਯਾਤਰਾ" ਦੱਸਿਆ, ਜਿਸ ਨੇ ਸੂਬੇ ਦੀ ਜ਼ਮੀਨ ਨੂੰ ਅਮੀਰ ਬਣਾਇਆ। ਕਾਂਗਰਸ ਦਾ ਦੋਸ਼ ਹੈ ਕਿ ਇਹ ਸਮਾਗਮ ਉਸ ਇਤਿਹਾਸ ਨੂੰ ਜਸ਼ਨ ਵਜੋਂ ਪੇਸ਼ ਕਰ ਰਿਹਾ ਹੈ ਜਦੋਂ ਪੰਜਾਬ ਦੇ ਪਾਣੀ ਜ਼ਬਰਦਸਤੀ ਦੂਜੇ ਸੂਬਿਆਂ ਨੂੰ ਦਿੱਤੇ ਗਏ ਸਨ ਅਤੇ ਪੰਜਾਬ ਨੂੰ ਇਸ ਦਾ ਇੱਕ ਪੈਸਾ ਵੀ ਨਹੀਂ ਮਿਲਿਆ।