ਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਦਸੰਬਰ,2025
ਇਫਟੂ ਦੇ ਪੰਜਾਬ ਕਮੇਟੀ ਦੇ 'ਸ਼ਨੀਵਾਰ ਅੰਦੋਲਨ' ਦੇ ਨਾਂਅ ਤਹਿਤ ਦਿੱਤੇ ਗਏ ਸੱਦੇ ਉੱਤੇ ਇਫਟੂ ਵਲੋਂ ਨਵਾਂਸ਼ਹਿਰ ਵਿਖੇ ਬਾਰਾਦਰੀ ਬਾਗ ਅੱਗੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਫਟੂ ਵਰਕਰਾਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ,ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਾਨਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ।ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਬੁਨਿਆਦੀ ਅਧਿਕਾਰ ਖੋ ਲੈਂਦੇ ਹਨ। ਜੀ ਅਧਿਕਾਰ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਇਹ ਮਜ਼ਦੂਰ ਜਮਾਤ ਕੋਲੋਂ ਉਸਦਾ ਯੂਨੀਅਨ ਬਣਾਉਣ ਦਾ ਅਧਿਕਾਰ, ਹੜਤਾਲ ਕਾਰਨ ਦਾ ਅਧਿਕਾਰ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਨੂੰ ਖਤਮ ਕਰਦੇ ਹਨ,ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਮਜ਼ਦੂਰਾਂ ਦੀ ਸੁੱਰਖਿਆ ਪ੍ਰਤੀ ਮਾਲਕਾਂ ਦੀ ਜਵਾਬਦੇਹੀ ਨੂੰ ਖ਼ਤਮ ਕਰਦੇ ਹਨ। ਉਹਨਾਂ ਕਿਹਾ ਕਿ ਇਹ ਕੋਡ ਸਕੀਮ ਵਰਕਰਾਂ, ਗ਼ਿਗ ਵਰਕਰਾਂ,ਕੱਚੇ ਵਰਕਰਾਂ, ਆਉਟਸੋਰਸ ਵਰਕਰਾਂ ਦੇ ਹਿੱਤਾਂ ਉੱਤੇ ਵੀ ਘਾਤਕ ਹਮਲਾ ਹਨ ਜਿਹਨਾਂ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਇਹ ਲੇਬਰ ਕੋਡ ਮਜ਼ਦੂਰ ਪੱਖੀ ਹਨ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਰੇ ਪੁਜਾਬ ਵਿੱਚ ਇਸ 'ਸ਼ਨੀਵਾਰ ਅੰਦੋਲਨ' ਨੂੰ ਸ਼ੁਰੂ ਕਰਨ।