AAP MLA ਮਾਫੀ ਮੰਗੇ- ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੱਗ ਵਾਲੇ ਦਿੱਤੇ ਬਿਆਨ ਦਾ ਲਿਆ ਸਖ਼ਤ ਨੋਟਿਸ
ਡੇਰਾ ਬਾਬਾ ਨਾਨਕ 'ਚ ਦਸਤਾਰ ਦੀ ਬੇਅਦਬੀ ਦਾ ਮਾਮਲਾ: ਜਥੇਦਾਰ ਗੜਗੱਜ ਦੀ ਸਖ਼ਤ ਪ੍ਰਤੀਕਿਰਿਆ, ਦੋਸ਼ੀ ਤੋਂ ਪੰਥਕ ਮਾਫ਼ੀ ਦੀ ਮੰਗ
"ਦਸਤਾਰ ਗੁਰੂ ਦੀ ਬਖ਼ਸ਼ਿਸ਼, ਅਪਮਾਨ ਅਣਬਰਦਾਸ਼ਤ": ਗੜਗੱਜ ਨੇ ਕਿਹਾ - ਸਿਆਸਤ ਵੱਖਰੀ, ਦਸਤਾਰ ਦਾ ਸਤਿਕਾਰ ਸਭ ਤੋਂ ਉੱਪਰ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 5 ਦਸੰਬਰ 2025- ਡੇਰਾ ਬਾਬਾ ਨਾਨਕ ਵਿਖੇ ਦਸਤਾਰ ਦੀ ਬੇਅਦਬੀ ਦੇ ਮਾਮਲੇ ਨੇ ਸੰਗਤ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ। ਇਸ ਮਾਮਲੇ 'ਤੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦਸਤਾਰ ਬਾਰੇ ਕੀਤੇ ਗਏ ਵਿਵਾਦਿਤ ਬਿਆਨਾਂ ਨੂੰ "ਮੰਦਭਾਗੇ ਅਤੇ ਨਿੰਦਣਯੋਗ" ਕਰਾਰ ਦਿੰਦਿਆਂ ਕਿਹਾ ਕਿ ਦਸਤਾਰ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਹੋਈ ਸ਼ਹਿਨਸ਼ਾਹੀ ਅਤੇ ਸਿੱਖ ਪਹਿਚਾਣ ਦਾ ਅਟੁੱਟ ਪ੍ਰਤੀਕ ਹੈ, ਜਿਸਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਕਬੂਲਯੋਗ ਨਹੀਂ।
ਗੜਗੱਜ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਦਸਤਾਰ ਬਾਰੇ "ਕਿੱਲ ਲੱਗਣ" ਵਾਲੇ ਬਿਆਨ ਸਿਰਫ ਅਗਿਆਨਤਾ ਹੀ ਨਹੀਂ, ਸਗੋਂ ਸਿੱਖ ਮਰਿਆਦਾ ਦੀ ਖੁੱਲ੍ਹੀ ਅਪਮਾਨਨਾ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦਸਤਾਰਾਂ ਵਿੱਚ ਕਦੇ ਕਿੱਲ ਨਹੀਂ ਹੁੰਦੀ, ਸਗੋਂ ਇਹ ਗੁਰੂ ਪਾਤਸ਼ਾਹ ਵੱਲੋਂ ਦਿੱਤੀ ਸ਼ਾਨ ਅਤੇ ਹੁਕਮ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਮੁਲਕ ਦੀ ਆਜ਼ਾਦੀ ਤੋਂ ਲੈ ਕੇ ਸਰਹੱਦਾਂ ਦੀ ਰੱਖਿਆ ਤੱਕ - ਹਰ ਮੋੜ 'ਤੇ ਦਸਤਾਰਧਾਰੀ ਸਿੱਖਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ।
ਜਥੇਦਾਰ ਸਾਹਿਬ ਨੇ ਕਿਹਾ ਕਿ ਸਿਆਸੀ ਤਕਰਾਰਾਂ ਜਾਂ ਚੋਣਾਂ ਦੀ ਗਰਮੀ ਵਿੱਚ ਕੋਈ ਵੀ ਨੇਤਾ ਦਸਤਾਰ ਬਾਰੇ ਅਪਮਾਨਜਨਕ ਬੋਲ ਨਹੀਂ ਬੋਲ ਸਕਦਾ। ਉਨ੍ਹਾਂ ਨੇ ਅਪੀਲ ਕੀਤੀ ਕਿ ਦੋਸ਼ੀ ਆਗੂ ਨੂੰ ਸਮੁੱਚੇ ਪੰਥ ਤੋਂ ਖੁੱਲ੍ਹੀ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਉਸਦੇ ਸ਼ਬਦਾਂ ਨੇ ਸਾਰੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਵਿੱਚ ਜਿਹੜੇ ਵੀ ਲੋਕ ਦਸਤਾਰ ਦੀ ਨਿੰਦਾ ਕਰਦੇ ਨਜ਼ਰ ਆਏ, ਉਹ ਕਦੇ ਵੀ ਇੱਜ਼ਤ ਨਹੀਂ ਕਮਾ ਸਕੇ।
ਦਸਤਾਰ ਸਿਰਫ ਕੱਪੜਾ ਨਹੀਂ, ਇਹ ਗੁਰੂ ਵਾਲੀ ਮੱਤ, ਪਛਾਣ ਤੇ ਅਸਥਿਤਾ ਦੀ ਨਿਸ਼ਾਨੀ ਹੈ। ਇਸ ਲਈ, ਚੋਣਾਂ ਦੇ ਮਾਹੌਲ 'ਚ ਹਰ ਕਿਸੇ ਨੂੰ ਵੋਟਾਂ ਤੋਂ ਵੱਧ ਦਸਤਾਰ ਦੀ ਸ਼ਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਗੜਗੱਜ ਨੇ ਅੰਤ ਵਿੱਚ ਕਿਹਾ ਕਿ ਸਿਆਸਤ ਆਪਣੀ ਜਗ੍ਹਾ ਹੈ, ਪਰ ਦਸਤਾਰ ਦੀ ਬੇਅਦਬੀ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰਿਆਂ ਨੂੰ ਇਸਦੀ ਅਸਲੀ ਕਦਰ ਸਮਝਣੀ ਚਾਹੀਦੀ ਹੈ।