ਦੀਪ ਚੀਮਾ ਦਾ ਕਤਲ ਕਰਨ ਵਾਲੇ ਗੈਂਗਸਟਰ ਦਾ ਬਟਾਲਾ ਪੁਲਿਸ ਨੇ ਕੀਤਾ ਐਨਕਾਊਂਟਰ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਪੁਲਿਸ ਨੇ ਇੱਕ ਹੋਰ ਵੱਡੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਹੈ। ਮਾਨਿਕ ਨਾਮ ਦਾ ਇਹ ਗੈਂਗਸਟਰ ਜੱਗੂ ਭਗਵਾਨਪੁਰੀਏ ਗੈਂਗ ਲਈ ਕੰਮ ਕਰ ਰਿਹਾ ਸੀ ਅਤੇ ਦੋ ਨਵੰਬਰ ਨੂੰ ਹੋਏ ਦੀਪ ਚੀਮਾਂ ਦੇ ਕਤਲ ਕਾਂਡ ਦਾ ਦੋਸ਼ੀ ਵੀ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਦੀਪ ਚੀਮਾ ਕਤਲ ਕਾਂਡ ਦੇ ਦੋ ਦੋਸ਼ੀ ਪੁਲਿਸ ਵੱਲੋਂ ਪਹਿਲਾਂ ਹੀ ਇੱਕ ਰਫਤਾਰ ਕਰ ਲਏ ਗਏ ਹਨ ਅਤੇ ਤਿੰਨ ਹੋਰ ਦੀ ਪੁਲਿਸ ਨੇ ਪਹਿਚਾਣ ਕਰ ਲਈ ਗਈ ਹੈ । ਇੱਕ ਸੂਚਨਾ ਦੇ ਆਧਾਰ ਤੇ ਅੱਜ ਪਤਾ ਲੱਗਾ ਕਿ ਇਹਨਾਂ ਤਿੰਨਾਂ ਵਿੱਚੋਂ ਇੱਕ ਮਾਨਿਕ ਨਾਮ ਦਾ ਨੌਜਵਾਨ ਮੋਟਰਸਾਈਕਲ ਤੇ ਪਿੰਡ ਕੋਲੀਆਂ ਤੋਂ ਬਟਾਲਾ ਵੱਲ ਨੂੰ ਆ ਰਿਹਾ ਹੈ ਤੇ ਪੁਲਿਸ ਨੇ ਬਟਾਲਾ ਨੇੜੇ ਸੈਦ ਮੁਬਾਰਕ ਵਿਖੇ ਨਾਕਾ ਲਗਾ ਕੇ ਇਸ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸਨੇ ਪੁਲਿਸ ਪਾਰਟੀ ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਵਿੱਚੋ ਪੁਲਿਸ ਨੇ ਇਸ ਨੂੰ ਜਖਮੀ ਕਰ ਦਿੱਤਾ ਤੇ ਗਿਰਫਤਾਰ ਕਰ ਲਿਆ। ਮਾਨਿਕ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉੱਥੇ ਹੀ ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਜੋ ਮੌਕੇ ਤੇ ਪਹੁੰਚੇ ਸਨ ਨੇ ਦੱਸਿਆ ਕਿ ਜਖਮੀ ਗੈਂਗਸਟਰ ਮਾਣਕ ਜੱਗੂ ਭਗਵਾਨਪੁਰੀਆ ਗੈਂਗ ਦੇ ਅੰਮ੍ਰਿਤ ਦਾਲਮ ਅਤੇ ਕੇਸ਼ਵ ਸ਼ਿਵਾਲਾ ਦੇ ਸਿੱਧੇ ਸੰਪਰਕ ਵਿੱਚ ਹੈ ਅਤੇ ਉਹਨਾਂ ਦੇ ਇਸ਼ਾਰੇ ਤੇ ਇਹਨਾਂ ਨੇ ਦੀਪ ਚੀਮਾ ਦਾ ਕਤਲ ਕੀਤਾ ਸੀ । ਉਹਨਾਂ ਦੱਸਿਆ ਕਿ ਦੀਪ ਚੀਮਾ ਦਾ ਕਤਲ ਗੈਂਗਵਾਰ ਦਾ ਇੱਕ ਹਿੱਸਾ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਅਤੇ ਘਨਸ਼ਾਮਪੁਰੀਆ ਗੈਂਗ ਵਿਚਕਾਰ ਚੱਲ ਰਹੀ ਹੈ। ਦੀਪ ਚੀਮਾ ਗਨਸ਼ਾਮਪੁਰੀਆ ਗੈਂਗ ਦਾ ਇੱਕ ਕਰਿੰਦਾ ਸੀ।