ਸੁਖਬੀਰ ਬਾਦਲ ਨੇ ਚੋਣਾਂ 'ਚ ਗੈਂਗਸਟਰਵਾਦ ਦੀ ਵਰਤੋਂ ਕੀਤੀ- ਕੁਲਦੀਪ ਧਾਲੀਵਾਲ ਦਾ ਵੱਡਾ ਦੋਸ਼
ਚੰਡੀਗੜ੍ਹ, 16 ਨਵੰਬਰ 2025: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ 'ਤੇ ਤਿੱਖਾ ਵਾਰ ਕੀਤਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਤਰਨ ਤਾਰਨ ਵਿੱਚ ਆਪਣਾ ਉਮੀਦਵਾਰ ਖੜ੍ਹਾ ਕੀਤਾ, ਸੁਖਬੀਰ ਬਾਦਲ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟ ਦਿੱਤੀ। ਇਸ ਤੋਂ ਇਲਾਵਾ ਕੁਲਦੀਪ ਧਾਲੀਵਾਲ ਨੇ ਕਿਹਾ ਕਿ 'ਆਪ' ਉਮੀਦਵਾਰ ਨੂੰ ਇਸ ਪਾਰਟੀ ਵੱਲੋਂ ਧਮਕਾਇਆ ਗਿਆ ਸੀ।
ਕੁਲਦੀਪ ਧਾਲੀਵਾਲ ਨੇ ਇਹ ਵੀ ਆਖਿਆ ਕਿ ਤਰਨ ਤਾਰਨ ਚੋਣ ਨੂੰ ਲੈ ਕੇ ਅਕਾਲੀ ਦਲ ਨੇ ਬਹੁਤ ਗੁੰਡਾਗਰਦੀ ਕੀਤੀ ਅਤੇ ਪਿੰਡਾਂ ਵਿੱਚ ਉਹਨਾਂ ਦੇ ਵਰਕਰਾਂ ਨੂੰ ਧਮਕਾਇਆ ਜਾਂਦਾ ਰਿਹਾ। ਕੁਲਦੀਪ ਧਾਲੀਵਾਲ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਬਾਦਲ ਨੇ ਗੈਂਗਸਟਰਾਂ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਸਰਹੱਦੀ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਖੁਦ ਗੈਂਗਸਟਰ ਪੈਦਾ ਕਰਕੇ ਗਏ ਨੇ, ਉਹੀ ਅੱਜ ਗੈਂਗਸਟਰਾਂ ਦੇ ਮੁੱਦੇ 'ਤੇ ਬੋਲ ਰਹੇ ਨੇ ਕਿਉਂਕਿ ਉੱਥੇ ਅਕਾਲੀ ਦਲ ਦਾ ਕੋਈ ਬੰਦਾ ਨਹੀਂ ਲੱਭਿਆ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੇ ਤਰਨ ਤਾਰਨ ਵਿੱਚ ਵਿਕਾਸ ਦੇ ਨਾਂ 'ਤੇ ਵੋਟ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਭਾਜਪਾ ਦੇ ਝਾਂਸੇ ਵਿੱਚ ਨਾ ਆਉਣ ਕਿਉਂਕਿ ਇਹ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਨੇ ਪਰ ਜ਼ਮੀਨ 'ਤੇ ਕੁਝ ਵੀ ਨਹੀਂ ਕਰ ਪਾਉਂਦੇ। ਉਨ੍ਹਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਅੰਦਰ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਤੱਕ ਪੰਜਾਬ ਵਿੱਚ ਅਸੀਂ ਅਥਾਹ ਵਿਕਾਸ ਕੀਤਾ ਹੈ। ਪੰਜਾਬ ਦੇ ਸਿਹਤ, ਸਿੱਖਿਆ ਅਤੇ ਬਿਜਲੀ ਸੈਕਟਰ ਵਿੱਚ ਅਸੀਂ ਵੱਡੇ ਪੱਧਰ 'ਤੇ ਤਬਦੀਲੀ ਲਿਆਂਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਿਆ ਹੈ।
ਕੁਲਦੀਪ ਧਾਲੀਵਾਲ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਅਕਾਲੀ ਦਲ ਦਿੱਤਾ ਤਿੱਖਾ ਜਵਾਬ
ਉੱਥੇ ਦੂਜੇ ਪਾਸੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਕੁਲਦੀਪ ਧਾਲੀਵਾਲ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਤਿੱਖਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਖੁਦ ਤਰਨ ਤਾਰਨ ਵਿੱਚੋਂ ਉਮੀਦਵਾਰ ਨਹੀਂ ਲੱਭਿਆ, ਇਸੇ ਕਰਕੇ ਹੀ ਉਹਨਾਂ ਨੇ ਅਕਾਲੀ ਦਲ ਨਾਲ ਜੁੜੇ ਸਾਬਕਾ ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਤਰਨ ਤਾਰਨ ਤੋਂ ਚੋਣ ਲੜਵਾਇਆ। ਅਰਸ਼ਦੀਪ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੌਖਲਾਹਟ ਵਿੱਚ ਆ ਕੇ ਇਸ ਵੇਲੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂਆਂ ਵਿਰੁੱਧ ਮਾਮਲੇ ਦਰਜ ਕਰ ਰਹੀ ਹੈ ਅਤੇ ਬੀਤੇ ਕੱਲ ਹੀ ਉਹਨਾਂ ਦੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਵਿਰੁੱਧ ਐਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।