ਨਸ਼ੇ ਦੀ ਭੇਂਟ ਚੜ੍ਹੀ ਇੱਕ ਹੋਰ ਜਵਾਨ; ਖਾਲੀ ਪਲਾਟ 'ਚੋਂ ਮਿਲੀ ਲਾਵਾਰਿਸ ਲਾਸ਼, ਮੁਹਿੰਮ 'ਤੇ ਸਵਾਲ!
ਸਰਿੰਜਾਂ ਤੇ ਨਸ਼ੇ ਦੇ ਸਾਮਾਨ ਨੇ ਕੀਤਾ ਖੁਲਾਸਾ, ਲੋਕਾਂ 'ਚ ਸਹਿਮ; ਪੁਲਿਸ ਕਰ ਰਹੀ ਜਾਂਚ
ਦੀਪਕ ਜੈਨ
ਜਗਰਾਉਂ, 16 ਨਵੰਬਰ 2025- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ 'ਜੰਗ' ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਇੱਥੇ ਡਿਸਪੋਜਲ ਰੋਡ 'ਤੇ ਸਥਿਤ ਸ਼੍ਰੀ ਦਵਾਰਕਾਧੀਸ਼ ਮੰਦਰ ਦੇ ਸਾਹਮਣੇ ਇੱਕ ਖਾਲੀ ਪਏ ਪਲਾਟ ਵਿੱਚੋਂ ਲਗਭਗ 24-25 ਸਾਲ ਦੇ ਨੌਜਵਾਨ ਦੀ ਲਾਵਾਰਿਸ ਮ੍ਰਿਤਕ ਦੇਹ ਬਰਾਮਦ ਹੋਈ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਮ੍ਰਿਤਕ ਦੇਹ ਦੇ ਕੋਲੋਂ ਸਰਿੰਜ, ਲਾਈਟਰ ਅਤੇ ਸਿਲਵਰ ਪੰਨੀ ਦੇ ਟੁਕੜੇ ਮਿਲੇ ਹਨ, ਜੋ ਸਿੱਧਾ ਨਸ਼ੇ ਦੀ ਓਵਰਡੋਜ਼ ਵੱਲ ਇਸ਼ਾਰਾ ਕਰਦੇ ਹਨ।
ਇਸ ਦਰਦਨਾਕ ਘਟਨਾ ਦੀ ਖ਼ਬਰ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਕਾਰਨ ਇੱਕ ਪਾਸੇ ਜਿੱਥੇ ਲੋਕ ਦੁਖੀ ਹਨ, ਉੱਥੇ ਹੀ ਸਥਾਨਕ ਪ੍ਰਸ਼ਾਸਨ ਦੇ ਨਸ਼ਾ ਮੁਕਤੀ ਦੇ ਵੱਡੇ-ਵੱਡੇ ਦਾਅਵਿਆਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਖਾਲੀ ਪਲਾਟ 'ਚੋਂ ਇਸ ਤਰ੍ਹਾਂ ਨੌਜਵਾਨ ਦੀ ਲਾਸ਼ ਮਿਲਣਾ ਸਾਬਤ ਕਰਦਾ ਹੈ ਕਿ ਨਸ਼ਾ ਸਿਰਫ਼ ਕਾਗਜ਼ਾਂ ਵਿੱਚ ਹੀ ਖਤਮ ਹੋਇਆ ਹੈ, ਹਕੀਕਤ ਵਿੱਚ ਨਹੀਂ।
ਗੁੰਮ ਹੋਇਆ ਬੂਟ ਲੱਭਣ ਗਏ ਵਿਅਕਤੀ ਨੇ ਖੋਲ੍ਹਿਆ ਭੇਦ
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪਿਛਲੇ ਕਰੀਬ 20 ਦਿਨਾਂ ਤੋਂ ਮੰਦਰ ਨੇੜੇ ਧਰਨੇ 'ਤੇ ਬੈਠੇ ਧਰਨਾਕਾਰੀਆਂ ਵਿੱਚੋਂ ਇੱਕ ਵਿਅਕਤੀ ਆਪਣਾ ਗੁੰਮ ਹੋਇਆ ਬੂਟ ਲੱਭਣ ਲਈ ਖਾਲੀ ਪਲਾਟ ਵੱਲ ਗਿਆ।
ਮੌਕੇ 'ਤੇ ਮੌਜੂਦ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਕਸਰ ਕੁੱਤੇ ਧਰਨਾਕਾਰੀਆਂ ਦੇ ਬੂਟ ਚੁੱਕ ਕੇ ਲੈ ਜਾਂਦੇ ਹਨ। ਅੱਜ ਵੀ ਜਦੋਂ ਬੂਟ ਨਾ ਮਿਲਿਆ ਤਾਂ ਲੱਭਣ ਗਏ ਵਿਅਕਤੀ ਨੇ ਦੇਖਿਆ ਕਿ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਸਰਪੰਚ ਅਨੁਸਾਰ ਨੌਜਵਾਨ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਜੀਨ ਦੀ ਪੈਂਟ ਪਾਈ ਹੋਈ ਸੀ। ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਮੌਤ ਇੱਕ-ਦੋ ਦਿਨ ਪਹਿਲਾਂ ਹੋਈ ਹੈ ਅਤੇ ਉਸਦੀ ਦੇਹ ਨੂੰ ਜਾਨਵਰਾਂ ਵੱਲੋਂ ਖਾਧਾ ਵੀ ਗਿਆ ਹੈ।
ਪੁਲਿਸ ਨੇ ਲਾਸ਼ ਕਬਜ਼ੇ 'ਚ ਲਈ, ਸ਼ਨਾਖਤ ਜਾਰੀ
ਘਟਨਾ ਦੀ ਸੂਚਨਾ ਤੁਰੰਤ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਦਿੱਤੀ ਗਈ, ਜਿਸ ਮਗਰੋਂ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੀ ਮ੍ਰਿਤਕ ਦੇਹ ਬਾਰੇ ਸੂਚਨਾ ਮਿਲੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਮ੍ਰਿਤਕ ਨੌਜਵਾਨ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਾਪਿਆਂ ਵਿੱਚ ਡਰ ਦਾ ਮਾਹੌਲ
ਦਿਨ-ਬ-ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਦੇ ਜਵਾਨ ਬੱਚਿਆਂ ਦੇ ਮਾਪਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਨਾਮੁਰਾਦ ਨਸ਼ੇ ਨਾਲ ਜੰਗੀ ਪੱਧਰ 'ਤੇ ਲੜਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਛੋਟੀ ਅਤੇ ਵੱਡੀ ਮੱਛੀ 'ਤੇ ਸ਼ਿਕੰਜਾ ਕਸਣ ਦੀ ਮੰਗ ਕਰ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾ ਸਕੇ।