ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ
ਯੂਨੀਵਰਸਿਟੀ ਸੈਨੇਟ ਦੀ ਤੁਰੰਤ ਬਹਾਲੀ ਤੇ ਚੋਣਾਂ ਕਰਾਉਣ ਦੀ ਮੰਗ
ਹਰਦਮ ਮਾਨ
ਸਰੀ, 13 ਨਵੰਬਰ 2025- ਕੈਨੇਡਾ ਵਿਚ ਰਹਿ ਰਹੇ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਜਮਹੂਰੀ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਹੈ। ਸਰੀ ‘ਚ ਹੋਈ ਇੱਕ ਵਿਸ਼ੇਸ਼ ਬੈਠਕ ਵਿੱਚ ਪੁਰਾਣੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਸੈਨੇਟ ਦੀ ਤੁਰੰਤ ਬਹਾਲੀ ਤੇ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਇਹ ਮੀਟਿੰਗ ਬੀਤੇ ਦਿਨ ਰੈੱਡ ਐਫ ਰੇਡੀਓ ਦੇ ਪ੍ਰਸਿੱਧ ਹੋਸਟ ਹਰਜਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਧਾਲੀਵਾਲ ਲੌਂਜ, ਸਰੀ ਵਿੱਚ ਹੋਈ, ਜਿਸ ਵਿੱਚ ‘ਪੀ.ਯੂ. ਕੈਂਪਸ ਸਟੂਡੈਂਟਸ ਅਲੂਮਨੀ (ਰਜਿ.) ਵੈਨਕੂਵਰ’ ਦੇ ਮੈਂਬਰਾਂ ਸਮੇਤ ਕਈ ਪ੍ਰਮੁੱਖ ਪੁਰਾਣੇ ਵਿਦਿਆਰਥੀ ਹਾਜਰ ਸਨ।
ਮੀਟਿੰਗ ਵਿਚ ਹਰਜਿੰਦਰ ਸਿੰਘ ਥਿੰਦ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇਕ ਸਿੱਖਿਆ ਦਾ ਕੇਂਦਰ ਨਹੀਂ, ਸਗੋਂ ਪੰਜਾਬ ਦੀ ਬੌਧਿਕ ਤੇ ਸੱਭਿਆਚਾਰਕ ਵਿਰਾਸਤ ਦਾ ਜੀਵੰਤ ਪ੍ਰਤੀਕ ਹੈ। ਇਸ ਦੀ ਲੋਕਤੰਤਰੀ ਬਣਤਰ ਅਤੇ ਅਕਾਦਮਿਕ ਸੁਤੰਤਰਤਾ ਦੀ ਸੁਰੱਖਿਆ ਹਰ ਵਿਦਿਆਰਥੀ ਅਤੇ ਅਧਿਆਪਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀਆਂ ਅਤੇ ਸਟਾਫ਼ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਗਿਆ ਤਾਂ ਇਹ ਸੰਸਥਾ ਦੇ ਭਵਿੱਖ ਲਈ ਗੰਭੀਰ ਸੰਕਟ ਬਣ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਂਦੇ ਹੋਏ ਚੋਣਾਂ ਦੀਆਂ ਤਰੀਕਾਂ ਦਾ ਜਲਦੀ ਐਲਾਨ ਕੀਤਾ ਜਾਵੇ।
ਸਭ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਕਿਹਾ ਕਿ ਯੂਨੀਵਰਸਿਟੀ ਦੇ ਲੋਕਤੰਤਰੀ ਢਾਂਚੇ ਤੇ ਵਿਦਿਆਰਥੀ ਹਿਤਾਂ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨਾ ਹਰ ਪੁਰਾਣੇ ਵਿਦਿਆਰਥੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸੈਨੇਟ ਬਹਾਲੀ ਅਤੇ ਚੋਣਾਂ ਤੋਂ ਬਿਨਾਂ ਯੂਨੀਵਰਸਿਟੀ ਦੀ ਲੋਕਤੰਤਰੀ ਆਤਮਾ ਅਧੂਰੀ ਹੈ। ਮੀਟਿੰਗ ਵਿਚ ਐਲਾਨ ਕੀਤਾ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਜਮਹੂਰੀ ਪਛਾਣ, ਸੈਨੇਟ ਦੀ ਬਹਾਲੀ ਅਤੇ ਵਿਦਿਆਰਥੀ ਅਧਿਕਾਰਾਂ ਦੀ ਰੱਖਿਆ ਲਈ ਹਰ ਮੰਚ ‘ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਬਾਜ ਸਿੰਘ ਬਰਾੜ, ਹਰਮੀਤ ਸਿੰਘ ਖੁੱਡੀਆਂ, ਅਜੇਪਾਲ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਸੰਘਾ, ਬਖ਼ਸ਼ੀਸ਼ ਸਿੰਘ ਜ਼ੀਰਾ, ਨਵਨੀਤ ਸ਼ਰਮਾ, ਮਨਜੀਤ ਸਿੰਘ ਮਾਂਗਟ, ਕਰਤਾਰ ਸਿੰਘ ਢਿੱਲੋਂ, ਅਮਰਿੰਦਰ ਸਰਾਂ, ਹਰਜੀਤ ਕੌਰ ਗਰੇਵਾਲ, ਜੈਸਮੀਨ ਕੌਰ, ਹੈਰੀ ਸਦਿਓੜਾ, ਕੁਲਬੀਰ ਸਿੰਘ ਬੈਨੀਪਾਲ, ਅਮਰੀਕ ਸਿੰਘ ਬਾਠ, ਸੰਜੇ ਰਾਣਾ, ਦੀਪ ਕੌਰ ਸੰਧੂ ਅਤੇ ਰਾਹੁਲ ਦੱਤ ਸ਼ਾਮਲ ਹੋਏ।