ਵਿਸ਼ਵ ਰਾਜਨੀਤੀ -ਭਾਰਤੀ ਹਿੱਸੇਦਾਰੀ
-ਗੁਰਮੀਤ ਸਿੰਘ ਪਲਾਹੀ
ਜਦੋਂ ਵਿਸ਼ਵ ਭਰ ਵਿੱਚ ਪ੍ਰਵਾਸੀਆਂ ਬਾਰੇ ਇੱਕ ਵੱਡੀ ਚਰਚਾ, ਛਿੜੀ ਹੋਈ ਹੈ, ਸੌੜੀ ਸੋਚ ਵਾਲੇ ਰਾਸ਼ਟਰਵਾਦੀ ਲੋਕ ਬ੍ਰਹਿਮੰਡੀ ਅਤੇ ਮਨੁੱਖੀ ਸਾਂਝੀਵਾਲਤਾ ਦੀ ਧਾਰਨਾ ਅਤੇ ਸੋਚ ਨਕਾਰ ਕੇ "ਆਪਣੇ ਲੋਕਾਂ" ਅਤੇ ਆਪੋ-ਆਪਣੇ ਹਿੱਤ ਸਾਧਣ ਦੇ ਰਾਹ ਤੁਰੇ ਹੋਏ ਹਨ। ਉਸ ਵੇਲੇ ਪ੍ਰਵਾਸੀ ਲੋਕਾਂ ਦੀਆਂ ਵੱਖੋ-ਵੱਖਰੇ ਦੇਸ਼ਾਂ 'ਚ ਜਾਕੇ ਕੀਤੀਆਂ ਪ੍ਰਾਪਤੀਆਂ ਬਾਰੇ ਵੱਡਾ ਜ਼ਿਕਰ ਕਰਨਾ ਬਣਦਾ ਹੈ।
ਇਸ ਦੇ ਨਾਲ-ਨਾਲ ਇਹ ਗੱਲ ਵੀ ਵਿਚਾਰੀ ਜਾਣੀ ਬਣਦੀ ਹੈ ਕਿ ਸੌੜੀ ਸੋਚ ਵਾਲੇ ਲੋਕ ਜਿਹੜੇ ਮਨੁੱਖ ਨੂੰ ਨਸਲ, ਦੇਸ਼, ਧਰਮ ਦੇ ਅਧਾਰ 'ਤੇ ਵੰਡਣਾ ਚਾਹੁੰਦੇ ਹਨ, ਆਮ ਲੋਕ, ਅਜਿਹੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਕਾਰ ਰਹੇ ਹਨ।
ਅਮਰੀਕਾ 'ਚ ਨਿਊਯਾਰਕ ਦੇ ਵੋਟਰਾਂ ਨੇ 34 ਵਰ੍ਹਿਆਂ ਦੇ ਜੋਹਰਾਨ ਮਮਦਾਨੀ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਦੇ ਕੇ ਨਿਊਯਾਰਕ ਦਾ ਮੇਅਰ ਚੁਣ ਲਿਆ। ਜੋਹਰਾਨ ਮਮਦਾਨੀ 34 ਵਰ੍ਹਿਆਂ ਦਾ ਹੈ, ਉਸਦੀ ਮਾਂ ਮੀਰਾ ਨਾਇਰ ਭਾਰਤੀ ਹੈ, ਉਸਦਾ ਪਿਤਾ ਮਹਿਮੂਦ ਮਮਦਾਨੀ ਯੁਗਾਂਡਾ 'ਚ ਜਨਮਿਆ ਵਿਦਵਾਨ ਹੈ। ਮਮਦਾਨੀ ਲਗਭਗ 7 ਵਰ੍ਹੇ ਪਹਿਲਾਂ ਅਮਰੀਕਾ ਪੁੱਜਿਆ। ਉਸਨੇ ਥੋੜ੍ਹੇ ਸਮੇਂ 'ਚ ਹੀ ਆਪਣੀ ਮਜ਼ਬੂਤ ਸਥਿਤੀ ਦਰਜ਼ ਕੀਤੀ ਅਤੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਮੀਦਵਾਰ ਨੂੰ ਹਰਾਕੇ ਇੱਕ ਡੈਮੋਕਰੇਟਿਕ ਉਮੀਦਵਾਰ ਦੇ ਤੌਰ 'ਤੇ ਮੇਅਰ ਦਾ ਅਹੁਦਾ ਹੀ ਪ੍ਰਾਪਤ ਨਹੀਂ ਕੀਤਾ ਸਗੋਂ ਟਰੰਪ ਦੀ ਰਾਸ਼ਟਰਵਾਦੀ ਸੋਚ ਨੂੰ ਚੈਲਿੰਜ ਕੀਤਾ ਅਤੇ ਇੱਕ ਨਵੇਂ ਰਾਸ਼ਟਰ ਦੇ ਪੁਨਰ ਜਨਮ ਦੀ ਗੱਲ ਕੀਤੀ।
ਜੋਹਰਾਨ ਮਮਦਾਨੀ ਵਾਂਗਰ ਦੁਨੀਆਂ ਭਰ ਦੇ 29 ਦੇਸ਼ਾਂ ਵਿੱਚ 260 ਤੋਂ ਜ਼ਿਆਦਾ ਭਾਰਤਵੰਸ਼ੀ ਜਨ ਪ੍ਰਤੀਨਿਧਤਾ ਨਿਭਾਅ ਚੁੱਕੇ ਹਨ ਜਾਂ ਨਿਭਾ ਰਹੇ ਹਨ। ਇਹਨਾਂ ਵਿੱਚ ਵਿਸ਼ੇਸ਼ ਤੌਰ 'ਤੇ ਬਰਤਾਨੀਆ, ਮਾਰੀਸ਼ਸ, ਫਰਾਂਸ, ਅਮਰੀਕਾ, ਕੈਨੇਡਾ ਆਦਿ ਮੁੱਖ ਤੌਰ 'ਤੇ ਜਾਣੇ ਜਾਂਦੇ ਹਨ ਅਤੇ ਲੋਕਤੰਤਰਿਕ ਪ੍ਰਕਿਰਿਆ ਵਿੱਚ ਇਹ ਭਾਰਤੀ ਸਿਖ਼ਰਾਂ 'ਤੇ ਪੁੱਜੇ ਨਜ਼ਰ ਆਉਂਦੇ ਹਨ।
ਦੁਨੀਆਂ ਦੇ ਹੋਰ ਦੇਸ਼ਾਂ ਵਿੱਚ 3.43 ਕਰੋੜ ਤੋਂ ਵੱਧ ਭਾਰਤੀ ਰਹਿੰਦੇ ਹਨ। ਹੁਣੇ ਜਿਹੇ ਸਰਕਾਰ ਨੇ 29 ਦੇਸ਼ਾਂ ਦੀ ਸੂਚੀ ਦਿੱਤੀ ਹੈ, ਜਿਹਨਾਂ ਵਿੱਚ ਭਾਰਤੀ ਮੂਲ ਦੇ ਜਨ ਪ੍ਰਤੀਨਿਧੀਆਂ ਦੀ ਸੰਖਿਆ ਅਤੇ ਸੂਚੀ ਦਿੱਤੀ ਗਈ ਹੈ।
ਮਾਰੀਸ਼ਸ ਵਿੱਚ ਸਭ ਤੋਂ ਜ਼ਿਆਦਾ 45 ਭਾਰਤੀ ਮੂਲ ਦੇ ਲੋਕ , ਲੋਕ-ਪ੍ਰਤੀਨਿਧਾਂ ਵਜੋਂ ਚੁਣੇ ਗਏ। ਭਾਰਤੀ ਮੂਲ ਦੇ ਨਵੀਨ ਰਾਮ ਗੁਲਾਮ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਹਨ। ਇਸੇ ਤਰ੍ਹਾਂ ਗੁਆਨਾ ਵਿੱਚ ਭਾਰਤੀ ਮੂਲ ਦੇ 33 ਲੋਕ ਜਨ ਪ੍ਰਤੀਨਿਧ ਚੁਣੇ ਗਏ। ਬਰਤਾਨੀਆ ਵਿੱਚ 31, ਫਰਾਂਸ ਵਿੱਚ 24, ਸੂਰੀਨਾਮ ਵਿੱਚ 21, ਫਿਜ਼ੀ ਅਤੇ ਮਲੇਸ਼ੀਆ 'ਚ 17-17 ਹਨ। ਅਮਰੀਕਾ ਵਿੱਚ ਭਾਰਤੀ ਮੂਲ ਦੇ 6 ਲੋਕ ਉੱਚ ਅਹੁਦਿਆਂ 'ਤੇ ਜਨ ਪ੍ਰਤੀਨਿਧ ਹਨ।
ਕਮਲਾ ਸੁਸ਼ੀਲਾ ਪ੍ਰਸਾਦ ਵਿਸੇਸਰ ਭਾਰਤੀ ਮੂਲ ਦੀ ਪ੍ਰਤੀਨਿਧ ਤ੍ਰਿਨਿਦਾਦ ਅਤੇ ਟੋਬੈਗੋ 'ਚ ਪ੍ਰਧਾਨ ਮੰਤਰੀ 2010 ਤੋਂ 2015 ਤੱਕ ਚੁਣੀ ਗਈ। ਹੁਣ ਫਿਰ 2025 ਵਿੱਚ ਤ੍ਰਿਨਿਦਾਦ ਦੀ ਪ੍ਰਧਾਨ ਮੰਤਰੀ ਹੈ।
ਸਿੰਗਾਪੁਰ ਵਿੱਚ 2023 ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਥਰਮਨ ਸ਼ਾਨਮੁਗਰਥਨਮ ਨੇ ਜਿੱਤ ਹਾਸਲ ਕੀਤੀ ਤੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਬਣੇ। ਇਸ ਚੋਣਾਂ 'ਚ ਉਹਨਾਂ ਨੇ 70.4 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਭਾਰਤੀ ਥਰਮਨ ਦਾ ਜਨਮ 25 ਫਰਵਰੀ 1957 ਵਿੱਚ ਸਿੰਗਾਪੁਰ 'ਚ ਹੋਇਆ ਅਤੇ ਉਹਨਾ ਦੇ ਦਾਦਾ ਤਾਮਿਲਨਡੂ ਦੇ ਮੂਲ ਨਿਵਾਸੀ ਸਨ। ਪਿਤਾ ਵਿਗਿਆਨੀ ਸਨ। ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਲੰਦਨ ਤੋਂ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਦੇਵੇਨ ਨਾਗਰ ਅਤੇ ਐੱਸ.ਆਰ. ਨਾਥਨ ਸਿੰਘਾਪੁਰ ਦੇ ਰਾਸ਼ਟਰਪਤੀ ਰਹੇ।
42 ਦੇਸ਼ ਵਿਸ਼ਵ ਵਿੱਚ ਇਹੋ ਜਿਹੇ ਹਨ, ਜਿਥੇ ਸਰਕਾਰ ਵਿੱਚ ਜਾਂ ਵਿਰੋਧੀ ਧਿਰਾਂ 'ਚ ਭਾਰਤੀਵੰਸ਼ੀ ਲੋਕ ਪ੍ਰਤੀਨਿਧੀ ਬਣੇ ਹਨ। ਕੈਨੇਡਾ 'ਚ ਸਭ ਤੋਂ ਜ਼ਿਆਦਾ ਪਾਰਲੀਮੈਂਟ ਮੈਂਬਰ ਹਨ। ਇਹਨਾ ਵਿੱਚ ਤਿੰਨ ਕੈਬਨਿਟ ਮੰਤਰੀ ਭਾਰਤੀ ਮੂਲ ਦੇ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਭਾਰਤੀ ਮੂਲ ਦੀ ਸੀ। ਰਿਸ਼ੀ ਸੂਨਕ ਬਰਤਾਨੀਆ ਦੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ ਅਤੇ 200 ਸਾਲ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ।
ਇਸ ਵੇਲੇ ਗੁਆਨਾ ਦੇਸ਼ ਦੀ ਨੁਮਾਇੰਦਗੀ ਵੀ ਭਾਰਤੀ ਮੂਲ ਦੇ ਮੁਹੰਮਦ ਇਰਫਾਨ ਅਲੀ ਕੋਲ ਹੈ ਅਤੇ ਉਹ ਰਾਸ਼ਟਰਪਤੀ ਹਨ। ਭਾਰਤਵੰਸ਼ੀ ਰਾਜਨੇਤਾ ਪਰਵਿੰਦਰ ਕੁਮਾਰ 2017-18 ਤੋਂ 2024 ਤੱਕ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਰਹੇ। ਆਇਰਲੈਂਡ ਦੇ ਮੁੱਖੀ ਵੀ 2022 ਤੋਂ 2024 ਤੱਕ ਭਾਰਤੀ ਮੂਲ ਦੇ ਨੇਤਾ ਏਰਿਕ ਬਰਾਡਕਰ ਨੇ ਕੀਤਾ। ਪ੍ਰਿਥਵੀਰਾਜ ਸਿੰਘ 2019 ਤੋਂ 2024 ਤੱਕ ਮਾਰੀਸ਼ਸ ਦੇ ਸਤਵੇਂ ਰਾਸ਼ਟਰਪਤੀ ਰਹੇ। ਵਿਕਾਸਸ਼ੀਲ ਦੇਸ਼ਾਂ ਅਮਰੀਕਾ, ਕੈਨੇਡਾ ਬਰਤਾਨੀਆ, ਅਸਟਰੇਲੀਆ, ਨਿਊਜ਼ੀਲੈਂਡ ਸਮੇਤ 15 ਮੁਲਕਾਂ ਵਿੱਚ 200 ਤੋਂ ਜ਼ਿਆਦਾ ਭਾਰਤੀ ਮੂਲ ਦੇ 200 ਤੋਂ ਵੱਧ ਵਿਅਕਤੀ ਅਗਵਾਈ ਵਾਲੇ ਅਹੁਦਿਆਂ 'ਤੇ ਕਾਬਜ਼ ਹਨ। ਇਹ ਰਿਪੋਰਟ ਭਾਰਤੀ ਭਾਈਚਾਰੇ ਦਰਮਿਆਨ ਕੰਮ ਕਰ ਰਹੇ ਅਮਰੀਕੀ ਸੰਗਠਨ ਦੀ ਹੈ, ਜੋ ਪਹਿਲੀ ਵੇਰ ਛਾਪੀ ਗਈ ਹੈ। ਇਹਨਾਂ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚੋਂ 60 ਵਿਅਕਤੀ ਕੈਬਨਿਟ ਰੈਂਕ ਦੇ ਅਹੁਦਿਆਂ ਉੱਤੇ ਬਿਰਾਜਮਾਨ ਹਨ। ਦੁਨੀਆਂ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਉਪ ਰਾਸ਼ਟਰਪਤੀ ਦੇ ਰੂਪ 'ਚ ਪਹਿਲੀ ਸ਼ਖ਼ਸੀਅਤ ਭਾਰਤੀ ਵਿਰਾਸਤ ਤੋਂ ਕਿਸੇ ਦਾ ਹੋਣਾ ਵੱਡੇ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਇਸ ਵੇਲੇ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ। ਇਸੇ ਤਰ੍ਹਾਂ ਟਾਈਮ ਪੱਤ੍ਰਿਕਾ ਨੇ 100 ਉਭਰਦੀਆਂ ਸ਼ਕਤੀਸ਼ਾਲੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਅਨੇਕਾਂ ਭਾਰਤੀ ਮੂਲ ਦੇ ਸਿਆਸਤਦਾਨ, ਕਾਰੋਬਾਰੀ ਟੈਕਨੋਕਰੇਟ ਹਨ।
ਇੱਥੇ ਹੀ ਬਸ ਨਹੀਂ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸਰਕਾਰ ਵਿੱਚ ਪ੍ਰਤੀਨਿਧਤਾ ਵੱਧ ਰਹੀ ਹੈ। ਵਰਜੀਨੀਆ ਸਟੇਟ 'ਚ ਇਹਨੀ ਦਿਨੀਂ ਡੈਮੋਕਰੇਟ ਗ਼ਜ਼ਾਲਾ ਹਾਸ਼ਮੀ ਗਵਰਨਰ ਚੁਣੀ ਗਈ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਰਾਜ-ਭਾਗ ਵਿੱਚ 130 ਤੋਂ ਜ਼ਿਆਦਾ ਭਾਰਤੀ ਚੰਗੇ ਅਹੁਦਿਆਂ 'ਤੇ ਸਨ ਅਤੇ ਟਰੰਪ ਦੀ ਪ੍ਰਧਾਨਗੀ ਵਿੱਚ 80 ਤੋਂ ਵੱਧ ਲੋਕ ਚੰਗੇ ਰਾਜਨੀਤਿਕ ਪ੍ਰਬੰਧਕੀ ਅਹੁਦਿਆਂ 'ਤੇ ਕੰਮ ਕਰ ਰਹੇ ਸਨ।
ਬਰਤਾਨੀਆ 'ਚ ਰਿਸ਼ੀ ਸੂਨਕ ਤੋਂ ਬਿਨ੍ਹਾਂ ਪ੍ਰੀਤੀ ਪਟੇਲ, ਗਗਨ ਮਹਿੰਦਰਾ, ਸੀਮਾ ਮਲਹੋਤਰਾ, ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ, ਸੋਜਨ ਜੋਸੇਫ ਲੋਕ-ਪ੍ਰਤੀਨਿਧੀ ਵਜੋਂ ਸੇਵਾ ਨਿਭਾ ਰਹੇ ਹਨ।
ਭਾਰਤ ਵਿੱਚੋਂ ਪ੍ਰਵਾਸ 18-19ਵੀਂ ਸਦੀ 'ਚ ਵਿਸ਼ੇਸ਼ ਤੌਰ 'ਤੇ ਗਿਣਿਆ ਜਾਂਦਾ ਹੈ, ਜਦੋਂ ਭਾਰਤੀ ਲੋਕ ਆਪਣਾ ਚੰਗੇਰੇ ਭਵਿੱਖ ਲਈ ਦੇਸ਼ ਛੱਡਕੇ ਵਿਦੇਸ਼ ਗਏ। ਇਹਨਾਂ ਪ੍ਰਵਾਸੀਆਂ ਨੇ ਮਿਹਨਤ ਕਰਕੇ ਓਪਰੇ ਸੱਭਿਆਚਾਰ ਵਿੱਚ ਆਪਣੀ ਥਾਂ ਬਣਾਈ ਅਤੇ ਫਿਰ ਮੋਹਰੀ ਬਣਕੇ ਨਾਮਣਾ ਖੱਟਿਆ। ਖੇਤਰ ਭਾਵੇਂ ਖੇਤੀਬਾੜੀ ਦਾ ਸੀ ਜਾਂ ਇੰਜੀਨਿਅਰਿੰਗ ਦਾ, ਲੇਖਣੀ ਦਾ ਸੀ, ਜਾਂ ਪੱਤਰਕਾਰੀ ਦਾ, ਕਾਰੋਬਾਰ ਦਾ ਸੀ ਜਾਂ ਸਿਆਸਤ ਦਾ, ਪ੍ਰਵਾਸੀਆਂ ਨੇ ਨਵੀਆਂ ਪੈੜਾਂ ਪਾਈਆਂ ਅਤੇ ਹੋਰ ਲੋਕਾਂ ਲਈ ਰਾਹ ਦਸੇਰਾ ਬਣੇ। ਅੱਜ ਵੀ ਜਦੋਂ ਪੂਰਾ ਬ੍ਰਹਿਮੰਡ, ਇੱਕ ਪਿੰਡ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਭਾਰਤੀ ਪ੍ਰਭਾਵਸ਼ਾਲੀ ਲੋਕ ਇਸ ਵਿਸ਼ਵ ਪਿੰਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਪਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਮੁਲਕਾਂ 'ਚ ਵਸੇ ਪਰਵਾਸੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਆਮ ਤੌਰ 'ਤੇ ਅਨਪੜ੍ਹ ਜਾਂ ਬਹੁਤੀਆਂ ਪੜ੍ਹੀਆਂ-ਲਿਖੀਆਂ ਨਹੀਂ ਸਨ, ਪਰ ਇਹਨਾਂ ਪਰਵਾਸੀ ਭਾਰਤੀਆਂ ਨੇ ਵੱਡੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਉੱਥੋਂ ਦੀ ਸਭਿਅਤਾ ਵਿੱਚ ਵਿਚਰਨ ਦਾ ਮੌਕਾ ਦਿੱਤਾ।
ਬਿਨ੍ਹਾਂ ਸ਼ੱਕ ਅੱਜ ਪ੍ਰਵਾਸੀਆਂ ਦੇ ਵਿਰੋਧ ਵਿੱਚ ਅਮਰੀਕਾ, ਕੈਨੇਡਾ, ਬਰਤਾਨੀਆ 'ਚ ਉੱਥੋਂ ਦੇ ਕੁਝ ਨਾਗਰਿਕਾਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ, ਪ੍ਰਵਾਸੀਆਂ ਨੂੰ ਦੇਸ਼ੋਂ ਕੱਢਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਨਸਲੀ ਟਿੱਪਣੀਆਂ ਵੀ ਹੋ ਰਹੀਆਂ ਹਨ, ਉਹਨਾਂ ਖ਼ਿਲਾਫ਼ ਵੱਡੇ ਗਰੁੱਪ ਬਣ ਰਹੇ ਹਨ।
ਅਮਰੀਕਾ, ਕੈਨੇਡਾ, ਯੂ.ਕੇ. ਪ੍ਰਸ਼ਾਸ਼ਨ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉੱਥੋਂ ਕੱਢਿਆ ਵੀ ਜਾ ਰਿਹਾ ਹੈ ਅਤੇ ਇਸ ਵਰਤਾਰੇ ਨਾਲ ਪ੍ਰਵਾਸੀਆਂ ਵਿੱਚ ਡਰ ਦੀ ਭਾਵਨਾ ਬਣੀ ਹੋਈ ਹੈ। ਖ਼ਾਸ ਤੌਰ 'ਤੇ ਉਹਨਾਂ ਪ੍ਰਵਾਸੀਆਂ ਲਈ ਜਿਹੜੇ ਵਿੰਗੇ-ਟੇਡੇ ਢੰਗ ਨਾਲ, ਜਾਂ ਸਿਆਸੀ ਸ਼ਰਨ ਲੈਕੇ ਉੱਥੇ ਪੁੱਜੇ। ਗ਼ਲਤ ਬਿਆਨੀ ਕਰਕੇ ਉੱਥੇ ਦੇ ਕਾਨੂੰਨੀ ਦਸਤਾਵੇਜ ਹਾਸਲ ਕੀਤੇ।
ਪਰ ਵੇਖਣਾ ਹੋਏਗਾ ਕਿ ਪ੍ਰਵਾਸੀਆਂ ਤੋਂ ਬਿਨ੍ਹਾਂ ਇਹ ਦੇਸ਼ ਤਰੱਕੀ ਕਰਨ ਦੇ ਸਮਰੱਥ ਰਹਿਣਗੇ? ਸਵਾਲ ਉੱਠਦਾ ਹੈ ਕਿ ਵਪਾਰ ਨੂੰ ਸਭਨਾਂ ਮੁਲਕਾਂ ਤੱਕ ਪਹੁੰਚਾਉਣ ਦੀ ਤਰਜੀਹ ਦੇਣਾ ਪਰ ਉੱਥੋਂ ਦੀ ਮਨੁੱਖੀ ਸ਼ਕਤੀ ਨੂੰ ਨਕਾਰਨਾ ਕਿੱਥੋਂ ਤੱਕ ਸਹੀ ਹੈ।
ਅਸਲ 'ਚ ਸਮੇਂ-ਸਮੇਂ ਰੂੜੀਵਾਦੀ ਸੋਚ ਵਾਲੇ ਲੋਕ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਿਆਂ, ਕੁਝ ਇਹੋ ਜਿਹੇ ਕਾਰਜ ਕਰਦੇ ਹਨ, ਜਿਹੜੇ ਕਿਸੇ ਵੀ ਹਾਲਤ ਵਿੱਚ ਲੋਕ-ਹਿਤੈਸ਼ੀ ਨਹੀਂ ਹੁੰਦੇ। ਦੌਰ ਭਾਵੇਂ ਡਿਕਟੇਟਰਾਨ ਸੋਚ ਵਾਲੇ ਲੋਕਾਂ ਦਾ ਕਦੇ ਉਭਰਦਾ ਰਿਹਾ ਹੋਵੇ, ਪਰ ਅੰਤ ਜਿੱਤ ਹੱਥੀਂ ਕੰਮ ਕਰਨ ਵਾਲਿਆਂ, ਸੂਝਵਾਨ ਲੋਕਾਂ ਦੀ ਹੁੰਦੀ ਹੈ, ਜੋ ਧਰਮ, ਨਸਲ, ਜਾਤ, ਦੇਸ਼ ਦੇ ਪਾੜ ਨੂੰ ਨਕਾਰਦੇ ਹਨ।
ਭਾਰਤੀ ਪ੍ਰਵਾਸੀਆਂ ਦੀ ਤੂਤੀ ਦੇਸ਼-ਵਿਦੇਸ਼ ਵਿੱਚ ਇਸ ਕਰਕੇ ਬੋਲਦੀ ਹੈ, ਕਿਉਂਕਿ ਉਹ ਲੋਕ-ਭਲਾਈ ਹਿੱਤ ਕਾਰਜ ਕਰਨ ਨੂੰ ਸਦਾ ਤਰਜੀਹ ਦਿੰਦੇ ਰਹੇ ਹਨ ਅਤੇ ਜਿੱਥੇ-ਜਿੱਥੇ ਵੀ ਜਾਕੇ ਉਹ ਵਸੇ, ਉਹਨਾਂ ਉੱਥੋਂ ਦੇ ਲੋਕਾਂ ਨਾਲ ਡੂੰਘੀ ਸਾਂਝ ਪਾਕੇ ਉਸ ਖਿੱਤੇ ਦੀ ਤਰੱਕੀ ਲਈ ਜੀਊਣਾ-ਮਰਨਾ ਆਪਣਾ ਫ਼ਰਜ਼ ਸਮਝਿਆ। ਇਹ ਗੱਲ ਵੀ ਵਰਨਣਯੋਗ ਹੈ ਕਿ ਵਿਸ਼ਵ ਰਾਜਨੀਤੀ ਵਿੱਚ ਕਈ ਥਾਵਾਂ ਉੱਥੇ ਭਾਰਤਵੰਸ਼ੀ ਸਿਆਸਤਦਾਨਾਂ ਨੇ ਉੱਥੋਂ ਦੇ ਸਿਆਸੀ ਮਾਹੌਲ ਨੂੰ ਹੀ ਬਦਲਕੇ ਰੱਖ ਦਿੱਤਾ ਅਤੇ ਉੱਥੋਂ ਦੇ ਰਾਸ਼ਟਰ ਦੇ ਨਿਰਮਾਣ ਜਾਂ ਪੂਨਰ ਗੱਠਨ ਵਿੱਚ ਬਣਦਾ ਯੋਗਦਾਨ ਪਾਇਆ।
-ਗੁਰਮੀਤ ਸਿੰਘ ਪਲਾਹੀ
-9815802070

-
-ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.