19 ਸਾਲਾ ਵਹੀਦਾ ਤਬੱਸੁਮ ਲਈ ਖ਼ੁਦਾ ਬਣ ਕੇ ਬਹੁੜੇ DMC ਲੁਧਿਆਣਾ ਦੇ ਡਾ. ਅਨੁਭਵ ਸ਼ਰਮਾ
- ਹੱਡੀ ਦੇ ਕੈਂਸਰ ਤੋਂ ਪੀੜਤ ਕਸ਼ਮੀਰੀ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ
ਲੁਧਿਆਣਾ, 12 ਨਵੰਬਰ 2025- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾ ਵਹੀਦਾ ਤਬੱਸਮ ਪਿਛਲੇ 3-4 ਸਾਲਾਂ ਤੋਂ ਨਰਕ ਭਰੀ ਜ਼਼ਿੰਦਗੀ ਜਿਉਣ ਲਈ ਮਜਬੂਰ ਸੀ ਕਿਉਂਕਿ ਉਹ ਆਪਣੇ ਪੱਟ ਵਿੱਚ ਅਨੋਖੇ ਕੈਂਸਰ ਤੋਂ ਪੀੜਤ ਸੀ ਜਿਸ ਕਾਰਨ ਉਸਨੂੰ ਬੜਾ ਭਿਆਨਕ ਦਰਦ ਸਹਿਣਾ ਪੈ ਰਿਹਾ ਸੀ।
ਵਹੀਦਾ ਤਬੱਸਮ ਦੇ ਪਿਤਾ ਸਵਰਗੀ ਰਾਸ਼ਿਦ ਖਾਨ ਘਰ ਵਿੱਚ ਇਕੱਲੇ ਕਮਾਉਣ ਵਾਲੇ ਸਨ ਜੋ ਦੋ ਸਾਲ ਪਹਿਲਾਂ ਉਹ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਸੰਸਾਰ ਨੂੰ ਅਲਵਿਦਾ ਕਹਿ ਗਏ।
ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ (ਡੀ.ਐਮ.ਸੀ.ਐਚ.) ਦੇ ਹੱਡੀਆਂ ਨਾਲ ਸਬੰਧਿਤ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਨੁਭਵ ਸ਼ਰਮਾ ਵਹੀਦਾ ਤਬੱਸੁਮ ਨੂੰ ਰੱਬ ਬਣਕੇ ਬਹੁੜੇ।
ਡਾ. ਅਨੁਭਵ ਸ਼ਰਮਾ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਨਾ ਸਿਰਫ ਉਸਦੀ ਸਰਜਰੀ ਹੀ ਕੀਤੀ ਸਗੌਂ ਆਪਣੇ ਪਰਿਵਾਰਕ ਮਿੱਤਰਾਂ ਤੇ ਸਾਥੀ ਡਾਕਟਰ ਸਾਹਿਬਾਨ ਦੇ ਸਹਿਯੋਗ ਨਾਲ ਇਲਾਜ਼ ਦਾ ਪੂਰਾ ਖ਼ਰਚਾ ਵੀ ਚੁੱਕਿਆ।
ਵਹੀਦਾ ਤਬੱਸੁਮ ਦੇ ਟਿਊਮਰ ਦਾ ਇਲਾਜ ਕਰਨ ਲਈ ਵਿਸ਼ੇਸ਼ ਸੀਟੀ-ਗਾਈਡਡ ਆਰ ਐਫ ਏ ਪ੍ਰਕਿਰਿਆ ਅਪਣਾਈ ਗਈ ਜਿਸ ਨਾਲ ਹੁਣ ਉਸਨੂੰ ਦਰਦ ਤੋਂ ਰਾਹਤ ਮਿਲੀ ਹੈ। ਡਾ. ਅਨੁਭਵ ਸ਼ਰਮਾ ਦੀ ਦੇਖਭਾਲ ਹੇਠ ਜਲਦ ਤੰਦਰੁਸਤ ਹੋਣ ਦਾ ਪੂਰਾ ਵਿਸ਼ਵਾਸ ਹੈ।
ਵਹੀਦਾ ਤਬੱਸਮ ਦੀ ਮਾਤਾ ਜੀ ਨੇ ਉਸ ਦੀ ਬੇਟੀ ਨੂੰ ਨਵੀਂ ਜਿੰਦਗੀ ਦੇਣ ਲਈ ਇਨਸਾਨ ਪ੍ਰਸਤ ਦਰਦਮੰਦ ਡਾ. ਅਨੁਭਵ ਸ਼ਰਮਾ ਸਮੇਤ ਉਨ੍ਹਾਂ ਦੇ ਸਰਜਰੀ ਸਹਿਯੋਗੀਆਂ ਤੇ ਆਰਥਿਕ ਮਦਦ ਕਰਨ ਵਾਲੇ ਡਾਕਟਰ ਭਾਈਚਾਰੇ ਤੇ ਦਾਨਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ।