ਸੈਮੀਨਾਰ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 12 ਨਵੰਬਰ 2025 : ਮੱਛੀ ਪਾਲਣ ਵਿਭਾਗ ਵੱਲੋਂ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਵਿੱਤੀ ਸਹਾਇਤਾ ਨਾਲ ਤਾਜ਼ੇ ਪਾਣੀ ਵਿੱਚ ਮੱਛੀ ਪਾਲਣ ਸਬੰਧੀ ਤਿੰਨ ਰੋਜ਼ਾ ਟ੍ਰੇਨਿੰਗ ਅਤੇ ਸਮਰੱਥਾ ਵਿਕਾਸ ਕੈਂਪ ਪੀ.ਐਨ.ਬੀ ਫਾਰਮਰਜ਼ ਟ੍ਰੇਨਿੰਗ ਸੈਂਟਰ, ਸਰਹਿੰਦ ਵਿਖੇ ਲਗਾਇਆ ਗਿਆ , ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸ਼ਿਰਕਤ ਕਰਦਿਆਂ ਸਿਖਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ , ਉਹਨਾਂ ਵੱਲੋਂ ਮੱਛੀ ਪਾਲਣ ਨੂੰ ਇੱਕ ਉਭਰਦਾ ਖੇਤਰ ਦੱਸਦੇ ਹੋਏ ਇਸ ਵਿੱਚ ਆਮਦਨ ਦੇ ਸਰੋਤ ਪੈਦਾ ਕਰਨ ਦੀ ਵਿਸ਼ੇਸ਼ ਸਮੱਰਥਾ ਬਾਰੇ ਦੱਸਿਆ , ਉਹਨਾ ਵੱਲੋਂ ਸਿਖਿਆਰਥੀਆਂ ਨੂੰ ਇਹ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ
ਕੈਂਪ ਦੀ ਸ਼ੁਰੂਆਤ ਸ੍ਰੀਮਤੀ ਰਸ਼ੂ ਮਹਿੰਦੀਰੱਤਾ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਫਤਿਹਗੜ੍ਹ ਸਾਹਿਬ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੱਛੀ ਪਾਲਣ ਦੇ ਖੇਤਰ ਦੇ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਮੇਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ ਮੱਛੀ ਪਾਲਣ ਦੇ ਖੇਤਰ ਨਾਲ ਜੁੜੇ ਵੱਖ- ਵੱਖ ਪ੍ਰੋਜੈਕਟਾਂ ਨੂੰ ਅਪਣਾਉਣ ਲਈ 40 ਤੋਂ 60% ਸਬਸਿਡੀ ਦਾ ਉਪਬੰਧ ਹੈ
ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਵਿਭਾਗ ਵੱਲੋਂ ਹਰ ਮਹੀਨੇ 5 ਦਿਨਾਂ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾਂਦੇ ਹਨ। ਕੋਈ ਵੀ ਪੰਜਾਬ ਦਾ ਵਸਨੀਕ ਇਹ ਸਿਖਲਾਈ ਲੈ ਕੇ ਮੱਛੀ ਪਾਲਣ ਦੇ ਕਿੱਤੇ ਨਾਲ ਜੁੜ ਸਕਦਾ ਹੈ। ਇਸ ਟ੍ਰੇਨਿੰਗ ਕੈਂਪ ਵਿੱਚ ਸ਼ਾਮਿਲ ਸਿਖਿਆਰਥੀਆਂ ਨੂੰ ਵੱਖ- ਵੱਖ ਵਿਸ਼ਿਆ ਦੇ ਮਾਹਿਰਾਂ ਵੱਲੋਂ ਤਾਜ਼ੇ ਪਾਣੀ ਵਿੱਚ ਮੱਛੀ ਪਾਲਣ ਦੀ ਲਗਭਗ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਸਿਖਿਆਰਥੀਆਂ ਨੂੰ ਨਵਾਂ ਮੱਛੀ ਤਲਾਬ ਬਣਾਉਣਾ, ਉਸ ਦਾ ਪ੍ਰਬੰਧਨ ਕਰਨਾ, ਸੰਯੁਕਤ ਮੱਛੀ ਪਾਲਣ ਨਾਲ ਆਪਣੀ ਆਮਦਨ ਵਿੱਚ ਵਾਧਾ ਕਰਨਾ, ਮੱਛੀ ਪਾਲਣ ਦੀਆਂ ਅਤਿ ਆਧੁਨਿਕ ਤਕਨੀਕਾਂ ਜਿਵੇਂ ਬਾਇਓ ਫਲੋਕ ਕਲਚਰ ਸਿਸਟਮ, ਸਜ਼ਾਵਟੀ ਮੱਛੀ ਪਾਲਣ ਆਦਿ ਵਿਸ਼ਿਆ ਤੇ ਵਿਸ਼ੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ । ਇਸ ਕੈਂਪ ਵਿੱਚ ਇੱਕ ਦਿਨ ਲਈ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ , ਲੁਧਿਆਣਾ ਵਿਖੇ ਦੌਰਾ ਕਰਵਾਇਆ ਗਿਆ ਜਿਥੇ ਸਿਖਿਆਰਥੀਆਂ ਨੂੰ ਯੂਨਿਟ ਦੇਖਣ ਦਾ ਮੌਕਾ ਮਿਲਿਆ
ਸਿਖਿਆਰਥੀਆਂ ਨੂੰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਮੱਛੀ ਪਾਲਣ ਅਫਸਰ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਬਲਜੋਤ ਕੌਰ ਵੱਲੋਂ ਵਿਭਾਗੀ ਸਕੀਮਾਂ ਅਤੇ ਮੱਛੀ ਬਰੀਡਿੰਗ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ , ਇਸ ਕੈਂਪ ਵਿੱਚ ਸ੍ਰੀ ਐਚ.ਐਸ ਸਿੱਧੂ, ਡਾਇਰੈਕਟਰ ਪੀ.ਐਨ.ਬੀ ਟ੍ਰੇਨਿੰਗ ਸੈਂਟਰ, ਸ੍ਰੀ ਬਾਲ ਕ੍ਰਿਸ਼ਨ , ਡੇਅਰੀ ਇੰਸਪੈਕਟਰ, ਡਾਂ. ਅੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਵੱਲੋਂ ਵੀ ਆਪਣੇ –ਆਪਣੇ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਸ੍ਰੀ ਬਲਬੀਰ ਸਿੰਘ ਸੋਢੀ ,ਐਮ.ਸੀ. ਵੀ ਮੌਜੂਦ ਸਨ , ਅੰਤ ਵਿੱਚ ਸਿਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੰਡੇ ਗਏ