ਵਰਕਸ਼ਾਪ ਦੇ ਬਾਹਰੋਂ ਬਲੈਰੋ ਪਿੱਕਅੱਪ ਗੱਡੀ ਚੋਰੀ, ਪੁਲਿਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ
ਜਗਰਾਉਂ, 9 ਨਵੰਬਰ (ਦੀਪਕ ਜੈਨ) - ਸਥਾਨਕ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਨੇ ਇੱਕ ਵਰਕਸ਼ਾਪ ਦੇ ਬਾਹਰੋਂ ਚੋਰੀ ਹੋਈ ਬਲੈਰੋ ਪਿੱਕਅੱਪ ਗੱਡੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਗਵਾੜ ਲਧਾਈ, ਜੋ ਸਬਜ਼ੀ ਮੰਡੀ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ, ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸਨੇ ਆਪਣੀ ਬਲੈਰੋ ਪਿੱਕਅੱਪ ਗੱਡੀ (ਨੰਬਰ PB-10GX-7643) ਮਿਤੀ 15 ਅਕਤੂਬਰ ਨੂੰ ਮੁਰੰਮਤ ਲਈ ਰਾਏਕੋਟ ਰੋਡ 'ਤੇ ਸਥਿਤ ਕੁਲਦੀਪ ਕੁਮਾਰ ਦੀ ਵਰਕਸ਼ਾਪ 'ਤੇ ਛੱਡੀ ਸੀ। ਗੱਡੀ ਦੇ ਕਾਗਜ਼ਾਤ ਵੀ ਡੈਸ਼ਬੋਰਡ ਵਿੱਚ ਹੀ ਪਏ ਸਨ।ਮਨਪ੍ਰੀਤ ਸਿੰਘ ਅਨੁਸਾਰ, ਮਕੈਨਿਕ ਕੋਲ ਕੰਮ ਜ਼ਿਆਦਾ ਹੋਣ ਕਾਰਨ ਗੱਡੀ ਦੀ ਮੁਰੰਮਤ ਵਿੱਚ ਦੇਰੀ ਹੋ ਗਈ ਅਤੇ ਉਸਨੇ ਗੱਡੀ ਵਰਕਸ਼ਾਪ ਦੇ ਬਾਹਰ ਖੜ੍ਹੀ ਕਰ ਦਿੱਤੀ। ਮਿਤੀ 25-26 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਗੱਡੀ ਨੂੰ ਕਾਗਜ਼ਾਤ ਸਮੇਤ ਚੋਰੀ ਕਰਕੇ ਲੈ ਗਿਆ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮੁਲਜ਼ਮ ਦੀ ਪਛਾਣ ਹਨੀ ਵਾਸੀ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਉਸ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।