ਨਵੀਆਂ ਪੈੜਾਂ ਛੱਡ ਗਿਆ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ
ਸਾਹਿਤ ਰਾਹੀਂ ਜ਼ਿੰਦਗੀ ਹੋਰ ਖ਼ੂਬਸੂਰਤ ਹੁੰਦੀ ਹੈ: ਗੁਰਪ੍ਰੀਤ ਘੁੱਗੀ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਲਾਈਆਂ ਰੌਣਕਾਂ
ਚੰਡੀਗੜ੍ਹ , 9 ਨੰਵਬਰ 2025- ਅੱਜ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਭਵਨ ਵਿਖੇ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੇਲਾ ਲਗਾਇਆ ਗਿਆ ਜਿਸ ਵਿੱਚ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਿਤ ਪ੍ਰਦਰਸ਼ਨੀਆਂ ਅਤੇ ਪੇਸ਼ਕਾਰੀਆਂ ਦਾ ਆਨੰਦ ਵੱਡੀ ਗਿਣਤੀ ਵਿੱਚ ਆਏ ਮੇਲੀਆਂ ਨੇ ਮਾਣਿਆ । ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਪੰਜਾਬ ਚਿੰਤਕ ਅਤੇ ਪ੍ਰਸਿੱਧ ਫ਼ਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਸਾਹਿਤ ਦੀ ਹੋਂਦ ਸਾਨੂੰ ਹੋਰ ਸਿਰਜਣਾਤਮਕ ਬਣਾਉਂਦੀ ਹੈ । ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਕਿਤਾਬਾਂ ਹੋਣ ਉਸ ਘਰ ਦਾ ਮਾਹੌਲ ਆਪੇ ਹੀ ਸੁਖਾਵਾਂ ਬਣਿਆ ਰਹੇਗਾ । ਉੱਘੇ ਚਿੰਤਕ, ਵਿਦਵਾਨ ਅਤੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਤੇਰਾ ਸਿੰਘ ਚੰਨ ਦੇ ਸਾਹਿਤਕ ਯੋਗਦਾਨ ਨੂੰ ਵਿਲੱਖਣ ਦੱਸਿਆ । ਤੇਰਾ ਸਿੰਘ ਚੰਨ ਦੇ ਜਥੇਬੰਦਕ ਯੋਗਦਾਨ ਬਾਰੇ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਕਮਾਲ ਸੀ ਜਿਸ ਨਾਲ ਬਹੁਤ ਪ੍ਰੇਰਣਾ ਮਿਲਦੀ ਹੈ । ਵਿਸ਼ੇਸ਼ ਮਹਿਮਾਨ ਪ੍ਰਸਿੱਧ ਗ਼ਜ਼ਲ ਗਾਇਕ ਸੁਰਜੀਤ ਸਿੰਘ ਧੀਰ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਚੰਨ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਨਵੀਆਂ ਪ੍ਰਾਪਤੀਆਂ ਹਾਸਿਲ ਕਰ ਰਹੀ ਹੈ । ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਸਾਹਿਤਕ ਜਥੇਬੰਦੀਆਂ ਸਾਰਥਕ ਸੰਵਾਦ ਲਈ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਹਨ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਤੇਰਾ ਸਿੰਘ ਚੰਨ ਦਾ ਯੋਗਦਾਨ ਬਹੁਤ ਵਡਮੁੱਲਾ ਹੈ । ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸਭਾ ਆਪਣੇ ਰਾਹ ਦਸੇਰਿਆਂ ਤੋਂ ਸੇਧ ਲੈ ਕੇ ਚੰਗੇ ਸਮਾਗਮ ਕਰਵਾਉਣ ਲਈ ਦ੍ਰਿੜ ਸੰਕਲਪ ਹੈ । ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਚੰਨ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਭਾ ਆਪਣਾ ਕੰਮ ਬਾਖੂਬੀ ਕਰ ਰਹੀ ਹੈ । ਪੰਜਾਬੀ ਲੇਖਕ ਸਭਾ ਵੱਲੋਂ ਇਸ ਮੌਕੇ ਇਕ ਕਿਤਾਬਚਾ ਜਾਰੀ ਕੀਤਾ ਗਿਆ ਜਿਸ ਵਿੱਚ ਸਭਾ ਦੇ ਇਤਿਹਾਸ ਅਤੇ ਇਸ ਸਾਲ ਦੀਆਂ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ । ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਤੇਰਾ ਸਿੰਘ ਚੰਨ ਸਿਰਜਣਾ ਅਤੇ ਸੰਗਰਾਮ’ ਪ੍ਰਧਾਨਗੀ ਮੰਡਲ ਤੋਂ ਇਲਾਵਾ ਜਸਵਿੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਵੱਲੋੰ ਰਿਲੀਜ਼ ਕੀਤੀ ਗਈ | ਉੱਘੇ ਲੋਕ ਕਲਾਕਾਰ ਬਲਕਾਰ ਸਿੱਧੂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਤੇਰਾ ਸਿੰਘ ਚੰਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਤੇਰਾ ਸਿੰਘ ਚੰਨ ਪਰਿਵਾਰ ਵੱਲੋਂ ਦਿੱਤੇ ਗਏ ਇਸ ਪੁਰਸਕਾਰ ਵਿੱਚ ਨਗਦ ਰਾਸ਼ੀ, ਸਨਮਾਨ ਚਿੰਨ ਅਤੇ ਸਨਮਾਨ ਪੱਤਰ ਸ਼ਾਮਿਲ ਹੈ । ਸਨਮਾਨ ਪੱਤਰ ਗੁਰਨਾਮ ਕੰਵਰ ਨੇ ਪੜ੍ਹਿਆ । ਇਸ ਮੌਕੇ ਤੇਰਾ ਸਿੰਘ ਚੰਨ ਪਰਿਵਾਰ ਵੱਲੋਂ ਓਹਨਾਂ ਦੇ ਪੁੱਤਰ ਮਨਦੀਪ ਸਿੰਘ ਅਤੇ ਦਿਲਦਾਰ ਸਿੰਘ, ਧੀ ਨਿਤਾਸ਼ਾ ਅਤੇ ਨੂੰਹ ਡਾ. ਅਮੀਰ ਸੁਲਤਾਨਾ ਨੇ ਸ਼ਮੂਲੀਅਤ ਕੀਤੀ । ਮਨਦੀਪ ਸਿੰਘ ਨੇ ਚੰਨ ਜੀ ਨਾਲ ਸਬੰਧਿਤ ਗੱਲਾਂ ਸਾਂਝੀਆਂ ਕੀਤੀਆਂ । ਦੋ ਸਰੋਤਿਆਂ ਊਸ਼ਾ ਕੰਵਰ ਅਰੇ ਸੁਰਿੰਦਰ ਕੁਮਾਰ ਨੂੰ ਬਲਵਿੰਦਰ ਸਿੰਘ ਉੱਤਮ ਵੱਲੋਂ ਨਗਦ ਇਨਾਮ ਅਰੇ ਸਨਮਾਨ ਚਿੰਨ ਭੇਂਟ ਕੀਤੇ ਗਏ | ਸਭਾ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਇਸ ਮੌਕੇ ਸਨਮਾਨਿਤ ਹੋਏ ਜਿਨ੍ਹਾਂ ਵਿਚ ਗੁਲਜ਼ਾਰ ਸਿੰਘ ਸੰਧੂ, ਡਾ. ਦੀਪਕ ਮਨਮੋਹਨ ਸਿੰਘ, ਡਾ. ਲਾਭ ਸਿੰਘ ਖੀਵਾ, ਡਾ. ਸ਼ਿੰਦਰਪਾਲ ਸਿੰਘ, ਡਾ. ਸਵੈਰਾਜ ਸੰਧੂ, ਡਾ. ਗੁਰਮੇਲ ਸਿੰਘ ਅਤੇ ਸ਼ਾਮ ਸਿੰਘ ਅੰਗ ਸੰਗ ਸ਼ਾਮਿਲ ਸਨ | ਪੰਜਾਬੀ ਲੇਖਕ ਸਭਾ ਵੱਲੋਂ ਚਾਰ ਮਤੇ ਪੇਸ਼ ਕਰਕੇ ਪ੍ਰਵਾਨ ਕੀਤੇ ਗਏ ਜਿਨ੍ਹਾਂ ਵਿਚ ਚੰਡੀਗੜ੍ਹ ਦੀ ਪ੍ਰਸ਼ਾਸਕੀ ਭਾਸ਼ਾ ਪੰਜਾਬੀ ਬਨਾਉਣ ਬਾਰੇ, ਪੰਜਾਬ 'ਚ ਪੰਜਾਬੀ ਭਾਸ਼ਾ ਕਾਨੂੰਨ ਪੂਰੀ ਤਰਾਂ ਲਾਗੂ ਕਰਨ, ਪੰਜਾਬ ਯੂਨੀਵਰਸਿਟੀ ਨੂੰ ਸਾਂਝੇ ਸੰਘਰਸ਼ ਰਾਹੀਂ ਬਚਾਓ ਸਬੰਧੀ ਅਤੇ ਪ੍ਰਗਟਾਵੇ ਦੀ ਅਜ਼ਾਦੀ ਉੱਤੇ ਹਮਲਿਆਂ ਦੀ ਨਿਖੇਧੀ ਬਾਰੇ ਮਤੇ ਸ਼ਾਮਿਲ ਸਨ ਜਿਨ੍ਹਾਂ ਨੂੰ ਕ੍ਰਮਵਾਰ ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਡਾ. ਅਵਤਾਰ ਸਿੰਘ ਪਤੰਗ ਅਤੇ ਗੁਰਨਾਮ ਕੰਵਰ ਵੱਲੋਂ ਪੇਸ਼ ਕੀਤਾ ਗਿਆ | ਸੁਰੇਸ਼ ਕੁਮਾਰ, ਡਾ. ਦੀਪਾ ਅਤੇ ਅਵੀ ਸੰਧੂ ਦੀਆਂ ਲਿਖੀਆਂ ਪੁਸਤਕਾਂ ਵੀ ਇਸ ਮੌਕੇ ਰਿਲੀਜ਼ ਹੋਈਆਂ| ਪ੍ਰਸਿੱਧ ਲੋਕ ਗਾਇਕਾ ਡੌਲੀ ਸਿੰਘ ਨੇ ਲੋਕ ਗੀਤਾਂ ਦੀ ਖ਼ੂਬਸੂਰਤ ਮਹਿਫ਼ਿਲ ਸਜਾਈ ਜਿਸ ਵਿਚ ਗੁਰਵਿੰਦਰ ਲਵਲੀ, ਰਜਿੰਦਰ ਸਿੰਘ ਅਤੇ ਕਰਮ ਚੰਦ ਨੇ ਸਾਜਿੰਦਿਆਂ ਦੇ ਰੂਪ ਵਿਚ ਸਾਥ ਦਿੱਤਾ | ਬਹੁਤ ਸਾਰੀਆਂ ਉਹਨਾਂ ਸ਼ਖ਼ਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਮੇਲੇ ਦੀ ਸਫਲਤਾ ਵਾਸਤੇ ਮਹੱਤਵਪੂਰਨ ਯੋਗਦਾਨ ਪਾਇਆ | ਧੰਨਵਾਦੀ ਸ਼ਬਦ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਹੇ | ਮੇਲੇ ਵਿਚ ਸਭਿਆਚਾਰਕ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ, ਚਿਤਰਕਲਾ ਅਤੇ ਕੈਲੀਗ੍ਰਾਫ਼ੀ ਖਿੱਚ ਦਾ ਕੇਂਦਰ ਰਹੀਆਂ | ਹਾਜ਼ਿਰ ਸਰੋਤਿਆਂ ਵਿਚ ਪ੍ਰਮੁੱਖ ਤੌਰ ਤੇ ਫਿਲਮ ਅਦਾਕਾਰ ਬੀ. ਐੱਨ ਸ਼ਰਮਾ, ਮਲਕੀਅਤ ਰੌਣੀ, ਸ਼ਵਿੰਦਰ ਮਾਹਲ, ਭਾਰਤ ਭੂਸ਼ਨ ਵਰਮਾ, ਪਰਮਜੀਤ ਪੱਲੂ, ਪੰਮੀ ਸਿੱਧੂ ਸੰਧੂ, ਜੰਗ ਬਹਾਦਰ ਗੋਇਲ, ਕੈਪਟਨ ਨਰਿੰਦਰ ਸਿੰਘ, ਜਸਬੀਰ ਭੁੱਲਰ, ਐੱਸ. ਕੇ ਅੱਗਰਵਾਲ, ਜੇ ਐੱਸ ਖੁਸ਼ਦਿਲ, ਜਗਤਾਰ ਭੁੱਲਰ, ਨਵਦੀਪ ਗਿੱਲ, ਦੀਪਤੀ ਬਬੂਟਾ, ਅਵਤਾਰ ਸਿੰਘ ਪਾਲ, ਗੁਰਦੇਵ ਪਾਲ, ਪਰਮਜੀਤ ਪਰਮ, ਹਰਬੰਸ ਸੋਢੀ, ਅਮਰਾਓ ਸਿੰਘ ਗਿੱਲ, ਸੁਰਜੀਤ ਕੌਰ ਬੈਂਸ, ਮਲਕੀਅਤ ਬਸਰਾ, ਸ਼ਾਇਰ ਭੱਟੀ, ਸਿਮਰਜੀਤ ਗਰੇਵਾਲ, ਅਨੂ ਸ਼ਰਮਾ, ਰੋਹਨ ਸ਼ਰਮਾ, ਨਵਨੀਤ ਮਠਾੜੂ , ਨਰਿੰਦਰ ਨਸਰੀਨ, ਸ਼ਮਸ਼ੀਲ ਸਿੰਘ ਸੋਢੀ, ਅਜੀਤ ਹਮਦਰਦ, ਗੁਰਜੋਧ ਕੌਰ, ਲਾਭ ਸਿੰਘ ਲਹਿਲੀ, ਹਰਮਿੰਦਰ ਕਾਲੜਾ ਆਦਿ ਦੇ ਨਾਮ ਜ਼ਿਕਰੇ ਖ਼ਾਸ ਹਨ |