ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੋਹਾਲੀ ਦੇ ਸਿੱਖ ਵਿਦਿਆਰਥੀ ਮਨਨਦੀਪ ਸਿੰਘ ਦੀ ਇਸਰੋ ਤੇ ਕਿਤਾਬ ਲਿੱਖਣ ਤੇ ਪ੍ਰਸ਼ੰਸਾ
ਮੋਹਾਲੀ : ਮੋਹਾਲੀ ਦੇ ਸੈਕਟਰ 71 ਦੇ ਵਿਦਿਆਰਥੀ ਮਨਨਦੀਪ ਸਿੰਘ ਪੁੱਤਰ ਡਾ ਸਰਬਦੀਪ ਸਿੰਘ ਨੇ ਦਸਵੀਂ ਜਮਾਤ ਵਿੱਚ ਭਾਰਤ ਦੇ ਸਭ ਤੋਂ ਵੱਕਾਰੀ ਸੰਸਥਾਨਾਂ ਵਿੱਚੋਂ ਇੱਕ ਇਸਰੋ – ਭਾਰਤੀ ਪੁਲਾੜ ਖੋਜ ਸੰਗਠਨ ‘ਤੇ ਇੱਕ ਕਿਤਾਬ ਲਿਖ ਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਉਚੇਚੇ ਤੌਰ ਤੇ ਉਹਨਾਂ ਦੇ ਗ੍ਰਹਿ ਮੋਹਾਲੀ ਵਿਖੇ ਮਨਨਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਹੋਣਹਾਰ ਬੱਚੇ ਦੀ ਛੋਟੀ ਉਮਰੇ ਇਸ ਪ੍ਰਾਪਤੀ ਲਈ ਪ੍ਰਸ਼ੰਸਾ ਕੀਤੀ ਅਤੇ ਉਸਦੇ ਉੱਜਲ ਭਵਿੱਖ ਅਤੇ ਗੁਰਸਿੱਖੀ ਜੀਵਨ ਲਈ ਅਸੀਸ ਦਿੱਤੀ ਗਈ l
ਮਨਨਦੀਪ ਸਿੰਘ ਨੇ ਪਿਛਲੇ ਸਾਲਾਂ ਤੋਂ ਆਪਣੇ ਅਧਿਆਪਕ ਸ੍ਰੀ ਸਰਵੇਸ਼ ਭਾਰਦਵਾਜ, ਡਾਇਰੈਕਟਰ, ਐਸ.ਡੀ.ਆਰ.ਓ ਦੇ ਮਾਰਗਦਰਸ਼ਨ ਹੇਠ ਭਾਰਤ ਦੇ ਪੁਲਾੜ ਪ੍ਰੋਗਰਾਮਾਂ ‘ਤੇ ਇੱਕ ਕਿਤਾਬ ਲਿਖਣ ਦਾ ਫੈਸਲਾ ਕੀਤਾ ਅਤੇ ਆਪਣੀ ਕਿਤਾਬ ਵਿੱਚ ਇਸਰੋ ਦੇ ਲੰਬੇ ਸਫ਼ਰ ਨੂੰ ਕਹਾਣੀ ਦੇ ਰੂਪ ਵਿੱਚ ਦਰਸਾਇਆ ਹੈ ਜੋ ਕਿ ਅਜੋਕੀ ਪੀੜੀ ਨੂੰ ਪੁਲਾੜ ਸਾਈਂਸ ਪ੍ਰਤੀ ਰੂਚੀ ਨੂੰ ਉਤਸ਼ਾਹਿਤ ਕਰਦੀ ਹੈ l
ਇਸ ਕਿਤਾਬ ਵਿੱਚ ਇਸਰੋ ਬਾਰੇ ਹਰ ਪਹਿਲੂ ਡਾ. ਵਿਕਰਮ ਸਾਰਾਭਾਈ ਦੇ ਯੁੱਗ ਤੋਂ ਲੈ ਕੇ ਚੰਦਰਯਾਨ-3 ਦੀ ਸੌਫਟ ਲੈਂਡਿੰਗ, ਇਸਰੋ ਦੇ ਸੋਲਰ ਮਿਸ਼ਨ ਆਦਿਤਿਆ L-1 ਵਰਗੀਆਂ ਮੌਜੂਦਾ ਪ੍ਰਾਪਤੀਆਂ ਤੱਕ ਇਸਰੋ ਦੀ ਸ਼ਾਨਦਾਰ ਯਾਤਰਾ ਸ਼ਾਮਲ ਹੈ ਅਤੇ ਇਹ ਇਸ ਵੱਕਾਰੀ ਸੰਸਥਾ ਦੇ ਸ਼ਾਨਦਾਰ ਭਵਿੱਖ ਦੀ ਇੱਕ ਝਲਕ ਪੇਸ਼ ਕਰਦੀ ਹੈ ਅਤੇ ਭਾਰਤੀ ਵਿਗਿਆਨੀਆਂ ਦੀ ਸਮਰੱਥਾ ਅਤੇ ਬ੍ਰਹਿਮੰਡੀ ਸਰਹੱਦਾਂ ਨੂੰ ਪਾਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਿੱਚ ਉਨ੍ਹਾਂ ਦਾ ਅਟੱਲ ਵਿਸ਼ਵਾਸ ਦਰਸਾਉਂਦੀ ਹੈ l ਇਹ ਕਿਤਾਬ ਭਾਰਤ ਦੇ ਪਹਿਲੇ ਉਪਗ੍ਰਹਿ, ਆਰੀਆਭੱਟ ਦੇ ਇਤਿਹਾਸਕ ਲਾਂਚ ਨਾਲ ਸ਼ੁਰੂ ਹੁੰਦੀ ਹੈ, ਜਿਸਨੇ ਦੇਸ਼ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇਹ ਪ੍ਰਾਪਤੀ ਨਾ ਸਿਰਫ਼ ਇੱਕ ਤਕਨੀਕੀ ਮੀਲ ਪੱਥਰ ਹੈ, ਸਗੋਂ ਪੁਲਾੜ ਖੋਜ ਦੇ ਵਿਸ਼ਵ ਪੱਧਰ ‘ਤੇ ਭਾਰਤ ਦੇ ਉਭਾਰ ਦਾ ਪ੍ਰਤੀਕ ਵੀ ਹੈ।
ਇਸ ਉਪਲੱਭਦੀ ਲਈ ਮਨਨਦੀਪ ਸਿੰਘ ਨੂੰ ਪਹਿਲਾਂ ਬੈਂਗਲੁਰੂ ਵਿਖੇ ਐਸ.ਡੀ.ਆਰ.ਓ ਦੇ ਮੁੱਖ ਦਫਤਰ ਵਿਖੇ ਸ੍ਰੀ ਸਰਵੇਸ਼ ਭਾਰਦਵਾਜ ਦੁਆਰਾ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ, ਇਸਰੋ ਦੇ ਵੱਖ-ਵੱਖ ਵਿਗਿਆਨੀਆਂ ਤੋਂ ਵੀ ਪ੍ਰਸ਼ੰਸਾ ਹਾਸਲ ਹੋਈ ਹੈ।
ਪੰਜਾਬ ਸਰਕਾਰ ਦੁਆਰਾ ਮਨਨਦੀਪ ਸਿੰਘ ਨੂੰ 15 ਅਗਸਤ 2025 ਦੇ ਅਜਾਦੀ ਦਿਵਸ ਸਮਾਰੋਹ ਤੇ ਇਸ ਉਪਲੱਭਦੀ ਲਈ ਜਿਲ੍ਹਾ ਮੋਹਾਲੀ ਵਿਖੇ ਸ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ, ਪਸ਼ੂ ਪਾਲਣ ਅਤੇ ਫ਼ੂਡ ਪ੍ਰੋਸਸਸਿੰਗ ਮੰਤਰੀ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ l
ਇਹ ਇਸ ਵਿਚਾਰ ਦਾ ਪ੍ਰਮਾਣ ਹੈ ਕਿ “ਜਦੋਂ ਸੁਪਨੇ ਉਡਾਣ ਭਰਦੇ ਹਨ, ਤਾਂ ਉਹ ਕੌਮਾਂ ਨੂੰ ਉਨ੍ਹਾਂ ਤਾਰਿਆਂ ਤੱਕ ਲੈ ਜਾ ਸਕਦੇ ਹਨ ਜਿਨ੍ਹਾਂ ਨੂੰ ਉਹ ਕਦੇ ਹੈਰਾਨੀ ਨਾਲ ਦੇਖਦੇ ਹੁੰਦੇ ਸਨ l”