US ਹਾਦਸੇ ਦੇ ਦੋਸ਼ੀ ਜਸ਼ਨਪ੍ਰੀਤ ਦਾ ਪਰਿਵਾਰ ਤੇ ਪਿੰਡ ਵਾਸੀਆ ਨੇ ਕੀਤੇ ਨਵੇਂ ਖੁਲਾਸੇ
ਮੇਰੇ ਤੇ ਯਕੀਨ ਨਹੀਂ ਤਾਂ ਪੂਰੇ ਪਿੰਡ ਨੂੰ ਪੁੱਛ ਲਵੋ ਨਸ਼ੇ ਦੇ ਲਾਗੇ ਵੀ ਨਹੀਂ ਜਾਂਦਾ ਜਸ਼ਨਪ੍ਰੀਤ, ਜਸ਼ਨਪ੍ਰੀਤ ਦੇ ਪਿਤਾ , ਪਿੰਡ ਦੇ ਹਰ ਧਾਰਮਿਕ ਸਮਾਗਮ ਵਿੱਚ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੁੰਦਾ ਸੀ ਜਸ਼ਨਪ੍ਰੀਤ _ਪਿੰਡ ਵਾਸੀ
ਰੋਹਿਤ ਗੁਪਤਾ
ਗੁਰਦਾਸਪੁਰ 24 ਅਕਤੂਬਰ 2025- ਬੀਤੇ ਦਿਨ ਬੇਹਦ ਚਰਚਾ ਵਿੱਚ ਆਈ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਵੱਲੋਂ ਕੈਲੀਫੋਰਨੀਆ ਵਿੱਚ ਟਰੱਕ ਦੁਰਘਟਨਾ ਦੀ ਖਬਰ ਦਾ ਅਸਰ ਗੁਰਦਾਸਪੁਰ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਸ਼ਨਪ੍ਰੀਤ ਜੋ ਗੁਰਦਾਸਪੁਰ ਦੇ ਪਿੰਡ ਪੁਰਾਨਾ ਸ਼ਾਲਾ ਦਾ ਰਹਿਣ ਵਾਲਾ ਹੈ ਦਾ ਪਰਿਵਾਰ ਅਤੇ ਪਿੰਡ ਵਾਸੀ ਜਸ਼ਨਪ੍ਰੀਤ ਦੇ ਹੱਕ ਵਿੱਚ ਆ ਖਲੋਤੇ ਹਨ ਅਤੇ ਦਾਵਾ ਕੀਤਾ ਹੈ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਸੀ ਅਤੇ ਇੱਕ ਹੋਣਹਾਰ ਬੱਚਾ ਸੀ। ਇਥੋਂ ਤੱਕ ਕੀ ਉਸਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਬਚਪਨ ਤੋਂ ਹੀ ਗੁਰਸਿੱਖ ਹੋਣ ਦੇ ਨਾਤੇ ਜਸ਼ਨਪ੍ਰੀਤ ਪਿੰਡ ਦੇ ਹਰ ਧਾਰਮਿਕ ਸਮਾਗਮ ਵਿੱਚ ਸਿੰਘ ਸੱਜ ਕੇ ਪੰਜਾਂ ਪਿਆਰਾ ਵਿੱਚ ਸ਼ਾਮਿਲ ਹੁੰਦਾ ਸੀ। ਨਸ਼ਾ ਕਰਨਾ ਤਾਂ ਦੂਰ ਉਸਨੇ ਕਦੀ ਨਸ਼ੇ ਵੱਲ ਵੇਖਿਆ ਵੀ ਨਹੀਂ ਹੈ। ਉਸ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।
ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਇੱਕ ਨਿੱਜੀ ਸਕੂਲ ਵਿੱਚ ਬੱਸ ਡਰਾਈਵਰ ਹਨ ਅਤੇ ਕਰਜ਼ਾ ਚੁੱਕ ਕੇ 2022 ਵਿੱਚ ਜਸ਼ਨ ਨੂੰ ਅਮਰੀਕਾ ਭੇਜਿਆ ਸੀ, ਜਿੱਥੇ ਉਸ ਨੂੰ ਪੀਆਰ ਵੀ ਮਿਲਣ ਵਾਲੀ ਸੀ । ਤਿੰਨ ਮਹੀਨਿਆਂ ਤੋਂ ਉਹ ਗੱਡੀ ਚਲਾ ਰਿਹਾ ਸੀ । ਜਸ਼ਨ ਦੇ ਪਿਤਾ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ ਇੱਕ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ , ਉਹਨਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਜਿਨਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਿਲ ਸਨ ਦੀ ਮੌਤ ਦਾ ਦੁੱਖ ਹੈ ਅਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਪਰ ਜਸ਼ਨਪ੍ਰੀਤ ਦਾ ਨਸ਼ੇ ਨਾਲ ਕੋਈ ਸੰਬੰਧ ਨਹੀਂ ਹੈ, ਉਹ ਨਸ਼ਾ ਨਹੀਂ ਕਰਦਾ ਉਸ ਨੂੰ ਨਜਾਇਜ਼ ਭੰਡਿਆ ਜਾ ਰਿਹਾ ਹੈ।
ਦੂਜੇ ਪਾਸੇ ਜਸ਼ਨਪ੍ਰੀਤ ਦੇ ਦੋਸਤ ਹੀ ਮਿਲ ਜੁਲ ਕੇ ਉਸ ਦੇ ਕੇਸ ਦੀ ਪੈਰਵੀ ਕਰ ਰਹੇ ਹਨ । ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅਕਾਲ ਤਖਤ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ।ਜਸ਼ਨਪ੍ਰੀਤ ਦੇ ਪਿਤਾ ਇੱਕ ਨਿੱਜੀ ਸਕੂਲ ਦੀ ਬੱਸ ਚਲਾਉਂਦੇ ਹਨ ਅਤੇ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਉਹਨਾਂ ਨਾਲ ਜਿਆਦਤੀ ਕੀਤੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਜਸ਼ਨਪ੍ਰੀਤ ਤੇ ਨਸ਼ੇ ਵਿੱਚ ਹੋਣ ਦੇ ਇਲਜ਼ਾਮ ਲੱਗੇ ਸਨ।
ਉਹਨਾਂ ਭਾਰਤ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖਲੰਦਾਜੀ ਕਰਕੇ ਇਸਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ ਤਾਂ ਜੋ ਸਿੱਖ ਧਰਮ ਨੂੰ ਨਾਜਾਇਜ਼ ਬਦਨਾਮ ਨਾ ਕੀਤਾ ਜਾ ਸਕੇ ।