ਬੱਚਾ ਵੇਚਣ ਤੇ ਖ਼ਰੀਦਣ ਵਾਲਿਆਂ ਖਿਲਾਫ ਮੁਕੱਦਮਾ ਦਰਜ- ਮੁਲਜ਼ਮ ਗ੍ਰਿਫ਼ਤਾਰ
ਅਸ਼ੋਕ ਵਰਮਾ
ਮਾਨਸਾ, 25 ਅਕਤੂਬਰ 2025: ਆਪਣਾ ਬੱਚਾ ਵੇਚਣ ਵਾਲੇ ਮਾਤਾ-ਪਿਤਾ ਸਬੰਧੀ ਮਾਮਲਾ ਧਿਆਨ ਵਿੱਚ ਆਉਣ 'ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਦੀਆਂ ਹਦਾਇਤਾਂ 'ਤੇ ਕਾਰਵਾਈ ਅਮਲ ਵਿਚ ਲਿਆਉਂਦਿਆਂ ਬੱਚੇ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਰੈਸਕਿਊ ਕੀਤਾ ਗਿਆ ਅਤੇ ਗੋਦ ਲੈਣ ਦਾ ਦਾਅਵਾ ਕਰਨ ਵਾਲੇ ਪਤੀ, ਪਤਨੀ ਅਤੇ ਗੋਦ ਦੇਣ ਵਾਲੇ ਮਾਤਾ-ਪਿਤਾ 'ਤੇ ਥਾਣਾ ਬਰੇਟਾ ਪੁਲਿਸ ਨੇ ਕੇਸ ਦਰਜ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਦੱਸਿਆ ਕਿ ਮਾਪਿਆਂ ਵਲੋਂ ਆਪਣਾ ਬੱਚਾ ਵੇਚਣ ਸਬੰਧੀ ਮਾਮਲਾ ਧਿਆਨ ਵਿੱਚ ਆਇਆ ਸੀ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਬੱਚਾ ਰੈਸਕਿਉ ਕਰਨ ਉਪਰੰਤ ਬਾਲ ਭਲਾਈ ਕਮੇਟੀ ਕੋਲ ਪੇਸ਼ ਕਰਦੇ ਹੋਏ ਬੱਚੇ ਨੂੰ ਅਨੰਤਨਾਥ ਆਸ਼ਰਮ ਨਥਾਣਾ ’ਚ ਸ਼ਿਫ਼ਟ ਕੀਤਾ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਮਾਮਲਾ ਧਿਆਨ ’ਚ ਆਉਣ ਉਪਰੰਤ ਤੁਰੰਤ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਕਾਰਵਾਈ ਕਰਨ ਦੀ ਹਦਾਇਤ ਪ੍ਰਾਪਤ ਹੋਈ ਸੀ ਜਿਸ ਉਪਰੰਤ ਥਾਣਾ ਬਰੇਟਾ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਬੱਚਾ ਰੈਸਕਿਊ ਕਰਨ ਦੇ ਬਾਅਦ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੀ ਤਫਤੀਸ਼ ਅਨੁਸਾਰ ਬੱਚਾ ਵੇਚਣ ਦੇ ਮਾਮਲੇ ਦਾ ਨਸ਼ੇ ਦੀ ਪੂਰਤੀ ਨਾਲ ਕੋਈ ਸਬੰਧ ਨਹੀਂ ਹੈ। ਭਾਵੇਂ ਕਿ ਮਾਪੇ ਨਸ਼ਾ ਕਰਦੇ ਸਨ, ਪਰ ਇਹ ਨਸ਼ੇ ਦੀ ਪੂਰਤੀ ਲਈ ਬੱਚਾ ਵੇਚਣ ਦਾ ਮਾਮਲਾ ਨਹੀਂ ਹੈ।
ਥਾਣਾ ਬਰੇਟਾ ਵਿੱਚ ਬੱਚਾ ਰੈਸਕਿਊ ਕਰਨ ਸਮੇਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਜਿੰਦਰ ਕੌਰ, ਬਾਲ ਸੁਰੱਖਿਆ ਅਫ਼ਸਰ ਨਤੀਸ਼ਾ ਅੱਤਰੀ, ਰਜਿੰਦਰ ਕੁਮਾਰ, ਰਾਜਵੀਰ ਸ਼ਰਮਾ, ਸੁਖਦੀਪ ਕੌਰ, ਨਵਜੋਤ ਕੌਰ, ਬਾਲ ਭਲਾਈ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ, ਨਿਲਮ ਕਕੱੜ ਤੇ ਸੁਤੰਤਰ ਭਾਰਦਵਾਜ ਆਦਿ ਮੌਜੂਦ ਸਨ।