ਬਟਾਲਾ ਪੁਲਿਸ ਦੇ ਟ੍ਰੈਫਿਕ ਸਟਾਫ਼ ਨੇ ਸੁਰੱਖਿਅਤ ਅਤੇ ਸੇਫ ਵਾਹਨ ਚਲਾਉਣ ਬਾਰੇ ਕੀਤਾ ਜਾਗਰੂਕ
ਰੋਹਿਤ ਗੁਪਤਾ
ਬਟਾਲਾ, 25 ਅਕਤੂਬਰ
ਸ੍ਰੀ ਸੁਹੇਲ ਕਾਸਿਮ ਮੀਰ, ਐੱਸ.ਐੱਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਦੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਗੋਰਾਇਆ ਵੱਲੋਂ ਬਟਾਲਾ ਤੋਂ ਬਾਹਰ ਗੁਰਦਾਸਪੁਰ ਰੋਡ 'ਤੇ ਸਪੈਸ਼ਲ ਨਾਕਾ ਲਗਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਟਰੈਫਿਕ ਇੰਚਾਰਜ ਸਿੰਘ. ਗੋਰਾਇਆ ਨੇ ਦੱਸਿਆ ਕਿ ਨਿੱਤ ਦਿਹਾੜੇ ਜਿਆਦਾ ਸਪੀਡ 'ਚ ਗੱਡੀਆਂ ਦੇ ਚੱਲਣ ਕਾਰਨ ਹੁੰਦੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਸਾਨੂੰ ਸਪੀਡ ਰਾਡਾਰ ਗੰਨ ਮੁਹੱਈਆ ਕਰਵਾਈ ਗਈ ਹੈ, ਜੋ ਨਿਰਧਾਰਿਤ ਕੀਤੀ ਗਈ ਸਪੀਡ ਤੋਂ ਜਿਆਦਾ ਸਪੀਡ ਨਾਲ ਗੱਡੀਆਂ ਚਲਾਉਣ ਵਾਲੇ ਲੋਕਾਂ ਦੇ ਚਲਾਣ ਕੱਟਣ ਵਿੱਚ ਸਹਾਇਤਾ ਕਰੇਗੀ।
ਉਹਨਾਂ ਦੱਸਿਆ ਕਿ ਇਸ ਮਸ਼ੀਨ ਨੇ ਲਿਮਿਟ ਤੋਂ ਤੇਜ਼ ਚੱਲਣ ਵਾਲੀਆਂ ਗੱਡੀਆਂ ਦੀ ਆਪਣੇ ਆਪ ਹੀ ਫੋਟੋ ਖਿੱਚ ਦੇਣੀ ਹੁੰਦੀ ਹੈ ਅਤੇ ਵਾਹਨ ਚਾਲਕ ਝੂਠ ਵੀ ਨਹੀਂ ਬੋਲ ਸਕਦਾ, ਅਗਰ ਕੋਈ ਚਾਲਕ ਟਰੈਫਿਕ ਪੁਲਿਸ ਦੇ ਰੋਕਣ 'ਤੇ ਗੱਡੀ ਨਹੀਂ ਵੀ ਰੋਕਦਾ ਤਾਂ ਭਾਰੀ ਜੁਰਮਾਨੇ ਸਹਿਤ ਚਲਾਣ ਉਸਦੇ ਘਰ ਤੱਕ ਪਹੁੰਚ ਜਾਵੇਗਾ।
ਸ. ਗੋਰਾਇਆ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਟਰੈਫਿਕ ਸਟਾਫ਼ ਨੇ ਰੋਡ 'ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਰੋਡ ਲਾਈਨ 'ਤੇ ਰੋਡ ਸਾਈਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਹੈ। ਦੋ ਪਹੀਆ ਵਾਹਨਾ ਲਈ ਹੈਲਮਟ, ਗੱਡੀਆਂ ਚਲਾਉਣ ਸਮੇਂ ਸ਼ੀਟ ਬੈਲਟ ਲਗਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸੜਕ ਸੁਰੱਖਿਆ ਹੈਲਪ ਲਾਈਨ ਨੰਬਰ 112 ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ। ਛੋਟੀ ਉਮਰ ਵਿੱਚ ਡਰਾਈਵਿੰਗ ਕਰਨ ਉਪਰੰਤ ਹੋਣ ਵਾਲੀ ਕਨੂੰਨੀ ਕਾਰਵਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਰਾਈਵਿੰਗ ਲਾਇਸੈਂਸ ਦੀ ਅਹਿਮੀਅਤ ਬਾਰੇ ਅਤੇ ਫ਼ਰਿਸ਼ਤੇ ਸਕੀਮ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਰਾਹ ਚਲਦੇ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਪੋਦਿਆਂ ਦੀ ਸਾਂਭ-ਸੰਭਾਲ ਬਾਰੇ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਲੋੜ ਹੈ ਕਿ ਵੱਧ ਤੋਂ ਪੌਦੇ ਲਗਾਏ ਜਾਣ ਤੇ ਉਨਾਂ ਦੀ ਸਾਂਭ-ਸੰਭਾਲ ਕੀਤੀ ਜਾਵੇ।