ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਵੱਲੋਂ ਪਰਾਲੀ ਸਬੰਧੀ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ
ਅਸ਼ੋਕ ਵਰਮਾ
ਮਾਨਸਾ, 25 ਅਕਤੂਬਰ 2025: ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਮੂਸਾ ਅਤੇ ਝੁਨੀਰ ਬਲਾਕ ਦੇ ਪਿੰਡ ਪੇਰੋਂ ਅਤੇ ਮੋਫਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ । ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਪਰਾਲੀ ਨੂੰ ਸਮੇਟਣ ਦੇ ਸਰਕਾਰ ਦੇ ਨਿਗੂਣੇ ਪ੍ਰਬੰਧ ਨੂੰ ਨਿਸ਼ਾਨੇ ਤੇ ਲੈਂਦਿਆਂ, ਸਰਕਾਰ ਦੀ ਹਰ ਪੱਖ ਤੋਂ ਫੇਲ੍ਹ ਹੋਣ ਦੀ ਗੱਲ ਕਹੀ । ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰ ਇਸ਼ਤਿਹਾਰਾਂ ਵਿੱਚ ਪਰਾਲੀ ਪ੍ਰਬੰਧਨ ਲਈ 500 ਕਰੋੜ ਖਰਚਣ ਦੀ ਗੱਲ ਕਰ ਰਹੀ ਹੈ ਪਰ ਜ਼ਿਲ੍ਹੇ ਦੇ 242 ਪਿੰਡਾਂ ਵਿੱਚ ਤਕਰੀਬਨ 150 ਦੇ ਕਰੀਬ ਬੇਲਰ ਹੀ ਉਪਲਬਧ ਹਨ । ਉਹਨਾਂ ਕਿਹਾ ਕਿ ਬੇਲਰਾਂ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚੋਂ ਪਰਾਲੀ ਸਮੇਟਣ ਵਿੱਚ ਦਰਪੇਸ਼ ਮੁਸ਼ਕਲਾਂ ਆ ਰਹੀਆਂ ਹਨ ਪਰ ਜਿਲ੍ਹਾ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਹੀ ਮੁਜਰਮ ਬਣਾ ਕੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਲਈ 15 ਨਵੰਬਰ ਤੱਕ ਦਾ ਸਮਾਂ ਹੀ ਉਚਿੱਤ ਹੈ ਪਰ ਖੇਤਾਂ ਵਿੱਚ ਪਰਾਲੀ ਵਿਛੀ ਹੋਣ ਕਾਰਨ ਕਿਸਾਨ ਬੇਚੈਨ ਹਨ । ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੰਦ ਮੁਹੱਈਆ ਕਰਾਉਣ ਜਾਂ ਖੁਦ ਪਰਾਲੀ ਨੂੰ ਚੁੱਕਣ ਦੇ ਪ੍ਰਬੰਧ ਕਰਨ ਦੀ ਬਜਾਏ ਬੇਲੋੜੀਆਂ ਸ਼ਰਤਾਂ ਭਾਰੀ ਜੁਰਮਾਨੇ ਅਤੇ ਗ੍ਰਿਫਤਾਰੀਆਂ ਦੀ ਘੁਰਕੀ ਦਿਖਾ ਰਿਹਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਘਟੀਆ ਕਾਰਗੁਜ਼ਾਰੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਅਤੇ ਬਿਜਾਈ ਦੀ ਲੋੜ ਨੂੰ ਮੁੱਖ ਰੱਖਦਿਆਂ, ਕਿਸਾਨਾਂ ਨੂੰ ਥੋੜੀ ਢਿੱਲ ਦੇਣੀ ਚਾਹੀਦੀ ਹੈ । ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬੇਵੱਸ ਕਿਸਾਨਾਂ ਉੱਤੇ ਕੋਈ ਜ਼ੋਰ ਜਬਰੀ ਕੀਤੀ ਜਾਂਦੀ ਹੈ ਤਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ । ਇਸ ਮੌਕੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ, ਸੁਖਦੇਵ ਸਿੰਘ, ਲੀਲਾ ਸਿੰਘ ਮੂਸਾ, ਬਿੰਦਰ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ ਪੇਰੋਂ, ਬਲਜਿੰਦਰ ਸਿੰਘ, ਬਹਾਲ ਸਿੰਘ, ਜਸਵੀਰ ਸਿੰਘ ਮੋਫਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ ।