ਤਰਨ ਤਾਰਨ: ਪਿੰਡ ਘੁੱਲੇਵਾਲਾ ਵਿੱਚ ਬੰਨ੍ਹ ਨੂੰ ਵੱਡੀ ਢਾਹ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ
ਬਲਜੀਤ ਸਿੰਘ
ਤਰਨ ਤਾਰਨ, 8 ਸਤੰਬਰ 2025: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾਂ ਨੇੜੇ ਪੈਂਦੇ ਪਿੰਡ ਘੁੱਲੇਵਾਲਾ ਵਿੱਚ ਬੰਨ੍ਹ ਨੂੰ ਇੱਕ ਵੱਡੀ ਢਾਹ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਘਟਨਾ ਐਤਵਾਰ, 7 ਸਤੰਬਰ ਨੂੰ ਵਾਪਰੀ ਹੈ।
ਬੰਨ੍ਹ 'ਤੇ ਸੇਵਾ ਕਰ ਰਹੇ ਬਾਬਾ ਸਾਰਜ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਇਸੇ ਬੰਨ੍ਹ 'ਤੇ ਨੇੜੇ ਹੀ ਢਾਹ ਲੱਗੀ ਸੀ, ਅਤੇ ਹੁਣ ਅਚਾਨਕ 10 ਤੋਂ 20 ਫੁੱਟ ਚੌੜੀ ਤਰੇੜ ਆ ਗਈ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਇਸ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਬੰਨ੍ਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ, ਜਿਸ ਨਾਲ ਇਲਾਕੇ ਵਿੱਚ ਵੱਡੇ ਪੱਧਰ 'ਤੇ ਤਬਾਹੀ ਹੋ ਸਕਦੀ ਹੈ।
ਲੋਕਾਂ ਅਤੇ ਮੰਤਰੀ ਵੱਲੋਂ ਬਚਾਅ ਕਾਰਜ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਬਾਬਾ ਸਾਰਜ ਸਿੰਘ ਨੇ ਲੋਕਾਂ ਨੂੰ ਤੁਰੰਤ ਬੰਨ੍ਹ 'ਤੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਇਸ ਨੂੰ ਬਚਾਇਆ ਜਾ ਸਕੇ। ਇਸੇ ਦੌਰਾਨ, ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ। ਮੰਤਰੀ ਭੁੱਲਰ ਨੇ ਖੁਦ ਵੀ ਲੋਕਾਂ ਨਾਲ ਮੋਢੇ 'ਤੇ ਤੋੜੇ ਚੁੱਕ ਕੇ ਬੰਨ੍ਹ ਨੂੰ ਬਚਾਉਣ ਦੇ ਕੰਮ ਵਿੱਚ ਹਿੱਸਾ ਲਿਆ।
ਇਲਾਕੇ ਦੇ ਲੋਕ ਅਤੇ ਵੱਖ-ਵੱਖ ਸੰਗਤਾਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸੇਵਾ ਕਰ ਰਹੀਆਂ ਹਨ।