ਪੰਜਾਬ ਚ ਹੜ੍ਹਾਂ ਪਿੱਛੋਂ ਪੀੜਤਾਂ ਦਾ ਮੁੜ ਵਸੇਬਾ ਮੁੱਖ ਚਣੌਤੀ ?- ਅਜੀਤ ਖੰਨਾ
———————————————————
ਇਸ ਵਕਤ ਪੰਜਾਬ ਦੇ ਸਮੁੱਚੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੁਣ ਤੱਕ ਦੇ ਵੇਰਵਿਆਂ ਮੁਤਾਬਕ 2000 ਤੋ ਉੱਪਰ ਪਿੰਡ ਹੜ੍ਹਾਂ ਦੀ ਲਪੇਟ ਚ ਆਉਣ ਨਾਲ ਕਰੀਬ 1.74 ਲੱਖ ਹੈਕਟੇਅਰ ਤੋਂ ਉੱਪਰ ਦੀ ਫਸਲ ਤਬਾਹ ਹੋ ਚੁੱਕੀ ਹੈ,ਹਜ਼ਾਰਾਂ ਡੰਗਰ ਪਾਣੀ ਚ ਰੁੜ ਗਏ ਹਨ ।ਇਹ ਸਤਰਾਂ ਲਿਖੇ ਜਾਣ ਤੱਕ ਹੜ੍ਹਾਂ ਨਾਲ 50 ਦੇ ਲਗਭਗ ਲੋਕਾਂ ਦੀ ਜਾਨ ਜਾ ਚਲੀ ਜਾਣ ਤੋ ਇਲਾਵਾ 13000 ਕਰੋੜ ਤੋ ਉੱਪਰ ਦਾ ਨੁਕਸਾਨ ਹੋ ਚੁੱਕਾ ਹੈ ।ਜੋ ਬੇਹੱਦ ਦੁਖਦਾਇਕ ਕੁਦਰਤੀ ਵਰਤਾਰਾ ਹੈ।ਸੱਚ ਪੁੱਛੋ ਤਾਂ ਹੜ੍ਹਾਂ ਨੇ ਇੰਨੀ ਤਬਾਹੀ ਮਚਾਈ ਹੈ ਕੇ ਹਜ਼ਾਰਾਂ ਲੋਕਾਂ ਦੇ ਘਰ ਢਹਿ ਢੇਰੀ ਹੋ ਕੇ ਪਾਣੀ ਚ ਰੁੜਨ ਨਾਲ ਉਹ ਘਰੋ ਬੇਘਰ ਹੋ ਗਏ ਹਨ। ਪਰ ਉਨਾਂ ਦਾ ਸਬਰ ਸਿਦਕ ਵੇਖਣ ਵਾਲਾ ਹੈ।ਇਸ ਦੇ ਬਾਵਜੂਦ ਪੰਜਾਬੀਆ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਤੇ ਚੜ੍ਹਦੀਕਲਾ ਚ ਨਜ਼ਰ ਆਉਂਦੇ ਹਨ।ਪਿਛਲੇ ਇੱਕ ਮਹੀਨੇ ਤੋ ਪੰਜਾਬ ਹੜ੍ਹਾਂ ਨਾਲ ਇਕਜੁੱਟ ਹੋ ਕੇ ਲੜਾਈ ਲੜ ਰਿਹਾ ਹੈ। ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਦਿਆਂ ਬਾਹਰਲੇ ਰਾਜਾਂ ਹਰਿਆਣਾ,ਰਾਜਸਥਾਨ ਤੇ ਦਿੱਲੀ ਸਮੇਤ ਹੋਰ ਕਈ ਸੂਬਿਆਂ ਵੱਲੋਂ ਖੁੱਲ੍ਹ ਕੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਚ ਰਸਦ ਪਾਣੀ ਪਹੁਚਾਣ ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਭ ਤੋ ਵੱਧ ਵੇਖਣ ਵਾਲੀ ਗੱਲ ਇਹ ਹੈ ਕਿ ਰੱਜੀ ਪੁੱਜੀ ਰੂਹ ਵਾਲੇ ਬਾਬੇ ਨਾਨਕ ਦੇ ਵਾਰਸਾਂ ਨੇ ਥਾਂ ਥਾਂ ਲੰਗਰ ਲਾ ਕੇ ਦੁਨੀਆ ਸਾਹਮਣੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਪੰਜਾਬੀ ਮੁਸੀਬਤਾਂ ਚ ਵੀ ਚੜ੍ਹਦੀਕਲਾ ਚ ਰਹਿਣ ਵਾਲੇ ਹਨ। ਇਸ ਔਖੀ ਘੜੀ ਪੰਜਾਬੀਆਂ ਨੇ ਵਿਖਾ ਦਿੱਤਾ ਹੈ ਕਿ ਮੁਸੀਬਤ ਬੇਸ਼ੱਕ ਕੋਈ ਵੀ ਹੋਵੇ ਪੰਜਾਬੀ ਉਸ ਨਾਲ ਲੜਨਾ ਬਾਖੂਬੀ ਜਾਣਦੇ ਹਨ ।
ਉਧਰ ਜੋ ਲੜ੍ਹਾਈ ਸਾਡੀ ਸੰਗੀਤ ਇੰਡਸਟਰੀ ਮਤਲਬ ਗਾਇਕਾਂ ਵੱਲੋਂ ਲੜ੍ਹੀ ਜਾ ਰਹੀ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ ਤੇ ਉਸ ਨੂੰ ਸਲਾਮ ਕਰਨਾ ਬਣਦਾ ਹੈ।ਸਾਡੀ ਸੰਗੀਤ ਤੇ ਪੰਜਾਬੀ ਫ਼ਿਲਮ ਇੰਡੀਸਟਰੀ ਨੇ ਸਾਬਤ ਕਰ ਦਿੱਤਾ ਹੈ ਕੇ ਜੇ ਦੁਨੀਆ ਚ ਵੱਸਦੇ ਪੰਜਾਬੀਆਂ ਨੇ ਉਨਾਂ ਦੀ ਬੱਲੇ ਬੱਲੇ ਕਰਵਾਈ ਹੈ ਤਾ ਅੱਜ ਉਹ ਵੀ ਇਸ ਔਖੀ ਘੜੀ ਪੰਜਾਬ ਦੇ ਧੀ ਪੁੱਤ ਬਣ ਪੰਜਾਬ ਨਾਲ ਹਿੱਕ ਡਾਹ ਕੇ ਆਣ ਖਲੋਤੇ ਹਨ।ਉਨਾਂ ਦਾ ਖਲੋਣਾ ਬਣਦਾ ਵੀ ਸੀ ।ਇਸ ਵਿੱਚ ਜੱਸੀ ਗੁਰਦਾਸਪੁਰੀਆ ਵੱਲੋਂ ਇੱਕ ਵੱਡਾ ਰੋਲ ਨਿਭਾਉਂਦਿਆਂ ਗਾਇਕਾਂ ਨੂੰ ਹੜ੍ਹਾਂ ਚ ਡੁੱਬੇ ਪੰਜਾਬ ਦੀ ਬਾਂਹ ਫੜਨ ਲਈ ਅੱਗੇ ਆਉਣ ਲਈ ਪ੍ਰੇਰਿਆ।ਜਿਸ ਦੇ ਸਿੱਟੇ ਵਜੋਂ ਪੰਜਾਬੀ ਗਾਇਕਾਂ ਨੇ ਅੱਗੇ ਹੋ ਕੇ ਹੜ੍ਹ ਪੀੜਤਾਂ ਦੀ ਮੱਦਤ ਕੀਤੀ ।ਉਹ ਮੱਦਤ ਭਾਂਵੇ ਆਰਥਕ ਪੱਖੋਂ ਹੋਵੇ ਜਾ ਕਿਸੇ ਹੋਰ ਪੱਖੋਂ ।ਦਲਜੀਤ ਦੁਸਾਂਝ,ਸੋਨੂੰ ਸੂਦ,ਸੁਨੰਦਾ ਸ਼ਰਮਾ ,ਗੁਰਦਾਸ ਮਾਨ, ਐਮੀ ਵਿਰਕ,ਗਿੱਪੀ ਗਰੇਵਾਲ,ਰਣਜੀਤ ਬਾਵਾ,ਇੰਦਰਜੀਤ ਨਿੱਕੂ,ਜੱਸ ਬਾਜਵਾ,ਸੰਜੇ ਦਤੱ,ਮਲਿਕਵਾ ਸੂਦ,ਕਰਨ ਔਜਲਾ,ਸੋਨੀਆ ਮਾਨ ,ਸਤਿੰਦਰ ਸਰਤਾਜ ,ਮਨਕੀਰਤ ਔਲਖ,ਆਰ ਨੇਤ ਦੇ ਨਾਲ ਨਾਲ ਸਲਮਾਨ ਖ਼ਾਨ, ਸ਼ਾਰੁਖ ਖਾਂ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋ ਅੱਗੇ ਹੋ ਕੇ ਹੜ੍ਹ ਪੀੜਤਾਂ ਦੀ ਮੱਦਤ ਕੀਤੀ ਗਈ ਹੈ ।ਬਹੁਤ ਸਾਰੀਆਂ ਹੋਰ ਸੰਸਥਾਵਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮੱਦਤ ਦਾ ਐਲਾਨ ਕੀਤਾ ਗਿਆ ਹੈ।ਸਮੂਹ ਪੰਜਾਬੀ ਸੰਗੀਤ ਇੰਡਸਟਰੀ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਪੰਜਾਬ ਉਨਾਂ ਦੀ ਕਰਮ ਭੂਮੀ ਹੈ।ਇਸੇ ਕਰਕੇ ਲੋਕਾਂ ਵੱਲੋਂ ਉਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।ਪਿੰਡ ਗੋਦ ਲੈਣ ਦਾ ਵੱਡਾ ਕਾਰਜ ਜੋ ਸਰਕਾਰਾਂ ਦਾ ਬਣਦਾ ਹੈ ਉਸ ਨੂੰ ਸਾਡੇ ਦੁਸਾਂਝ ਵਰਗੇ ਗਾਇਕ ਭੈਣ ਭਰਾ ਕਰ ਰਹੇ ਹਨ।ਗਾਇਕਾਂ ਵੱਲੋਂ ਕਰੋੜਾਂ ਰੁਪਿਆ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਵਾਸਤੇ ਐਲਾਨੇ ਜਾਣ ਨੇ ਸਾਡੇ ਗੁਰੂਆਂ ਵੱਲੋਂ ਦਰਸਾਏ ਸਾਂਝੀਵਾਲਤਾ ਦੇ ਮਾਰਗ ਨੂੰ ਅਪਣਾਉਣ ਦੀ ਇਕ ਵਾਰ ਫੇਰ ਮਿਸਾਲ ਪੇਸ਼ ਕੀਤੀ ਹੈ।ਭਾਂਵੇ ਕੇ ਹਰ ਹਿੰਦੂ ਸਿੱਖ ਮੁਸਲਮਾਨ ਤੇ ਈਸਾਈ ਭਾਈਚਾਰੇ ਦੇ ਲੋਕਾਂ ਵਲੋਂ ਇਕਜੁੱਟਤਾ ਨਾਲ ਹੜ੍ਹਪੀੜਤ ਲੋਕਾਂ ਵਾਸਤੇ ਮੱਦਤ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਤੇ ਦੇਸ਼ ਵਿਦੇਸ਼ ਤੋ ਡਾਲਰਾਂ ਤੇ ਹੋਰ ਹਰ ਤਰਾਂ ਦੀ ਬੇ ਸ਼ੁਮਾਰ ਸਹਾਇਤਾ ਸਮੱਗਰੀ ਦਿੱਤੀ ਜਾ ਰਹੀ ਹੈ ।ਮੈਨੂੰ ਵੀ ਵਿਦੇਸ਼ਾਂ ਤੋ ਹੜ੍ਹ ਪੀੜਤਾਂ ਦੀ ਮੱਦਤ ਕਰਨ ਦੀ ਇੱਛਾ ਪ੍ਰਗਟਾਏ ਜਾਣ ਲਈ ਫੋਨ ਆਏ ਹਨ। ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਕਿ ਹੜ੍ਹ ਪੀੜਤਾਂ ਦੀ ਮੱਦਤ ਕਰਨ ਚ ਲੋਕਾਂ ਨੇ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜਿੱਥੇ ਖਾਲਸਾ ਏਡ ,ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਮਾਜ ਸੇਵੀ ਸੰਸਥਾਂਵਾਂ ਹੜ੍ਹਾਂ ਚ ਰਾਹਤ ਕਾਰਜਾਂ ਚ ਜੁਟੀਆਂ ਹੋਈਆਂ ਹਨ ਉੱਥੇ ਕੈਨੇਡਾ ਦੀ ਰੇਡ ਐਫ ਐਮ ਵਲੋਂ 20 ਲੱਖ ਡਾਲਰ ਇਕੱਠਾ ਕਰਕੇ ਹੜ੍ਹ ਪੀੜਤਾਂ ਲਈ ਭੇਜਿਆ ਜਾ ਰਿਹਾ ਹੈ। ਇਸ ਤੋਂ ਬਿਨਾ ਅਮਰੀਕਾ ਨਿਊਜ਼ੀਲੈਂਡ ਅਸਟਰੇਲੀਆ ਸਣੇ ਹੋਰ ਵੀ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਲੋਕਾਂ ਵੱਲੋਂ ਵੱਡੀ ਪੱਧਰ ਤੇ ਆਰਥਕ ਸਹਾਇਤਾ ਭੇਜੀ ਜਾ ਰਹੀ ਹੈ। ਕਪੂਰਥਲਾ ਦੇ ਇਕ ਫੈਕਟਰੀ ਮਾਲਕ ਵੱਲੋਂ ਆਪਣਾ ਉਤਪਾਦਨ ਬੰਦ ਕਰਕੇ ਹੜ੍ਹ ਪੀੜਤਾ ਲਈ ਮੁਫ਼ਤ ਕਿਸ਼ਤੀਆਂ ਬਣਾਈਆਂ ਜਾ ਰਹੀਆਂ ।ਬਹੁਤ ਸਾਰੇ ਲੋਕਾਂ ਵੱਲੋਂ ਰਾਹਤ ਕਾਰਜਾਂ ਲਈ ਇਲੈਕਟ੍ਰੋਨਿਕ ਕਿਸ਼ਤੀਆਂ ਭੇਜੀਆਂ ਗਈਆਂ ਹਨ।ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਲਾ ਕੇ ਹਰ ਤਰਾਂ ਦੀਆਂ ਦਵਾਈਆਂ ਦੇ ਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਬੇਘਰ ਲੋਕਾਂ ਦੇ ਸਿਰ ਦੀ ਛੱਤ ਲਈ ਤਰਪਾਲਾਂ ਤੇ ਮੱਛਰ ਤੋ ਬਚਾ ਲਈ ਮੱਛਰਦਾਨੀਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਨੌਜਵਾਨਾਂ ਵੱਲੋਂ ਜਾਨ ਦੀ ਪਰਵਾਹ ਕੀਤੇ ਬਿਨਾ ਖੁਦ ਰਾਹਤ ਕਾਰਜਾਂ ਦੀ ਕਮਾਨ ਸੰਭਾਲਦੇ ਹੋਏ ਦਿਨ ਰਾਤ ਇੱਕ ਕੀਤਾ ਹੋਇਆ ਹੈ।ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਤੇ ਵਿਹਲੜ ਦੱਸਣ ਵਾਲੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਦੂਜੇ ਪਾਸੇ ‘ਦੇਰ ਆਏ ਦਰੁਸਤ ਆਏ’ ਹੀ ਸਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਵੀ ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਦੌਰਾ ਕੀਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਪਰ ਸਿਰਫ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਨਹੀਂ ਸਰਨਾ, ਵੱਡੇ ਆਰਥਕ ਪੈਕੇਜ ਦੀ ਲੋੜ ਹੈ ।ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਆਫ਼ਤੀ ਸੂਬਾ ਘੋਸ਼ਿਤ ਕਰਦੇ ਹੋਏ ਕੇਂਦਰ ਸਰਕਾਰ ਤੋ ਸੂਬੇ ਦਾ 60 ਹਜ਼ਾਰ ਕਰੋੜ ਦਾ ਬਕਾਇਆ ਦੇਣ ਤੋ ਇਲਾਵਾ ਵਿੱਤੀ ਆਰਥਕ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਾਫ਼ੀ ਹੱਦ ਤੱਕ ਜਾਇਜ਼ ਹੈ।ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮੇਤ ਮੰਤਰੀਆਂ ਵੱਲੋਂ ਵੀ ਰਾਹਤ ਕਾਰਜ ਵੇਖੇ ਜਾ ਰਹੇ ਹਨ। ਮਾਲ ਵਿਭਾਗ ਵੱਲੋਂ 71 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ 144 ਕਿਸ਼ਤੀਆਂ ਤੇ ਐਨਡੀਆਰ ਐਫ ਦੀਆਂ 24 ਤੇ ਐਸ ਡੀ ਆਰ ਐੱਫ ਦੀਆਂ ਦੋ ਟੀਮਾ ਰਾਹਤ ਕਾਰਜ ਸੰਭਾਲ ਰਹੀਆਂ ਹਨ ਇਸ ਤੋ ਬਿਨਾ ਮਿਲਟਰੀ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ ।ਭਾਂਵੇ ਕਿ ਲੋਕਾਂ ਚ ਇਸ ਗੱਲ ਦਾ ਰੋਸ ਵੀ ਹੈ ਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਹੜ੍ਹ ਰੋਕਣ ਦੇ ਸਹੀ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਇੰਨੀ ਮਾਰ ਨਾ ਝੱਲਣੀ ਪੈਂਦੀ । ਸ੍ਰੀ ਰਾਹੁਲ ਗਾਂਧੀ ਵੱਲੋਂ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੰਜਾਬ ਨੂੰ ਵੱਡਾ ਆਰਥਕ ਪੈਕੇਜ ਦੇਣ ਦੀ ਮੰਗ ਚੁੱਕੀ ਗਈ ਹੈ। ਤੇ ਨਾਲ ਹੀ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਬਘੇਸ਼ ਬਾਘੇਲ ਵੱਲੋਂ ਵੀ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਗਿਆ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਰਾਹਤ ਕਾਰਜਾਂ ਚ ਜੁਟੇ ਹੋਏ ਹਨ ਤੇ ਹੜ੍ਹ ਪੀੜਤਾਂ ਦੀ ਆਰਥਕ ਸਹਾਇਤਾ ਕਰ ਰਹੇ ਹਨ। ਹਾਂ ਇੱਥੇ ਇੱਕ ਹੋਰ ਗੱਲ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੈਲਫੀਆਂ ਦੀ ਭੁੱਖ ਨੂੰ ਛੱਡ ਕੇ ਸਾਨੂੰ ਸਭ ਨੂੰ ਸਹੀ ਰਾਹਤ ਕਾਰਜਾਂ ਲਈ ਕੰਮ ਕਰਨ ਦੀ ਲੋੜ ਹੈ।
ਮੁੱਕਦੀ ਗੱਲ ਪੰਜਾਬ ਦਾ ਹਰ ਵਿਅਕਤੀ ਰਾਹਤ ਕਾਰਜਾਂ ਚ ਬਣਦਾ ਯੋਗਦਾਨ ਪਾ ਰਿਹਾ ਹੈ ।ਬੱਸ ਜੇ ਗੈਰ ਹਾਜ਼ਰੀ ਰੜਕਦੀ ਹੈ ਤਾਂ ਉਹ ਹੈ ਬਾਬਿਆ ਦੀ ਜੋ ਆਪਣੇ ਪ੍ਰਚਾਰ ਦੌਰਾਨ ਮਨੁੱਖਤਾ ਦੇ ਭਲੇ ਦੀ ਗੱਲ ਤਾਂ ਕਰਦੇ ਹਨ ।ਪਰ ਅੱਜ ਜਦੋ ਮਨੁੱਖਤਾ ਦੀ ਭਲਾਈ ਦਾ ਵੇਲਾ ਆਇਆ ਹੈ ਤਾਂ ਉਹ ਅੱਖ ਚ ਪਾਇਆਂ ਨਹੀਂ ਰੜਕਦੇ। ਚਲੋ!ਰੱਬ ਉਨਾਂ ਨੂੰ ਸਮੱਤ ਬਖਸ਼ੇ ।ਅਖਬਾਰਾਂ ਵੱਲੋਂ ਵੀ ਵੱਖਰੇ ਤੌਰ ਤੇ ਫੰਡ ਇਕੱਤਰ ਕਰਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਫੰਡ ਚ ਯੋਗਦਾਨ ਪਾਉਣ ਦੇ ਉਪਰਾਲੇ ਵਿੱਢੇ ਹੋਏ ਹਨ।
ਇਸ ਸਭ ਦੀ ਬਦੌਲਤ ਹੁਣ ਤੱਕ 23000 ਦੇ ਕਰੀਬ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋ ਬਚਾਇਆ ਜਾ ਚੁੱਕਾ ਹੈ। ਗਰਾਊਂਡ ਜ਼ੀਰੋ ਤੋ ਇਕੱਤਰ ਜਾਣਕਾਰੀ ਮੁਤਾਬਕ ਹੁਣ ਤੱਕ ਪੰਜਾਬ ਦੇ ਹੜ੍ਹ ਪੀੜਤਾਂ ਲਈ ਤਿੰਨ ਮਹੀਨੇ ਤੋ ਉੱਪਰ ਤੱਕ ਦਾ ਰਾਸ਼ਨ ਪਾਣੀ ਜਮ੍ਹਾ ਹੋ ਚੁੱਕਾ ਹੈ।
ਪਰ ਜੋ ਸਭ ਤੋ ਵੱਡੀ ਚੁਣੌਤੀ ਸਾਡੇ ਸਾਹਮਣੇ ਹੈ ਉਹ ਹੈ ਹੜ੍ਹਾਂ ਦਾ ਪਾਣੀ ਉਤਰਨ ਪਿੱਛੋਂ ਢਹਿ ਗਏ ਘਰਾਂ ਨੂੰ ਮੁੜ ਉਸਾਰਨਾ ,ਵਾਹੀਯੋਗ ਜਮੀਨਾ ਨੂੰ ਵਾਹੀਯੋਗ ਬਣਾਉਣਾ,ਪਾਣੀ ਚ ਵਹਿ ਗਏ ਪਸ਼ੂ ਡੰਗਰਾ ਦੀ ਥਾਂ ਨਵੇ ਪਸ਼ੂ ਡੰਗਰ ਖਰੀਦਣਾ ਤੇ ਆਰਥਕ ਪੱਖੋਂ ਸਹਾਇਤਾ ਕਰਕੇ ਉਜੜ ਚੁੱਕੇ ਲੋਕਾਂ ਦਾ ਮੁੜ ਵਸੇਬਾ ਕਰਨਾ ਹੈ। ਪਾਣੀ ਉਤਰਨ ਪਿੱਛੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕੀਤੇ ਜਾਣਾ।ਜਿਸ ਲਈ ਸਰਕਾਰਾਂ ਤੇ ਲੋਕਾਂ ਨੂੰ ਇਸ ਆਫ਼ਤ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਭਵਿੱਖ ਦੀ ਵਿਉਂਤਬੰਧੀ ਨੂੰ ਅਗਾਊਂ ਉਲੀਕੇ ਜਾਣ ਦੀ ਵੱਡੀ ਲੋੜ ਹੈ ਤਾਂ ਜੋ ਲੋਕਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਹੋ ਸਕੇ ਤੇ ਜਿੰਦਗੀ ਦੁਬਾਰਾ ਆਪਣੀ ਲੀਹ ਤੇ ਤੁਰ ਸਕੇ ।
ਜੇ ਵੇਖਿਆ ਜਾਵੇ ਤਾ ਪੰਜਾਬੀਆਂ ਨੇ ਦੇਸ਼ ਦੀ ਵੰਡ ਨੂੰ ਆਪਣੇ ਸੀਨੇ ਉੱਤੇ ਝੱਲਣ ਤੋ ਬਾਅਦ ਅਨੇਕਾਂ ਵਾਰ 1955, 1988 ਤੇ 1923 ਚ ਆਏ ਹੜ੍ਹਾਂ ਦੀ ਮਾਰ ਨੂੰ ਮਜ਼ਬੂਤੀ ਤੇ ਦਲੇਰੀ ਨਾਲ ਆਪਣੇ ਪਿੰਡੇ ਉੱਤੇ ਸਿਹਾ ਤੇ ਡੋਲੇ ਨਹੀਂ।ਪਰ ਇਸ ਵਾਰ ਹੜ੍ਹਾਂ ਦਾ ਖੌਫਨਾਕ ਤਬਾਹੀ ਵਾਲਾ ਮੰਜਰ ਬੇਹੱਦ ਦਿਲ ਦਹਿਲਾ ਦੇਣ ਵਾਲਾ ਹੈ। ਸਦਕੇ ਜਾਈਏ ਪੰਜਾਬੀਆਂ ਤੇ ਆਮ ਲੋਕਾਂ ਨੇ ਇੱਕਜੁਟ ਦੀ ਜੋ ਮਿਸਾਲ ਪੇਸ਼ ਕੀਤੀ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ। ਪੰਜਾਬੀਆਂ ਨੇ ਵਿਖਾ ਦਿੱਤਾ ਹੈ ਕੇ ਹੜ੍ਹ ਸਾਡੀਆਂ ਸਰਕਾਰਾਂ ਅੱਗੇ ਚੁਣੌਤੀ ਹੋ ਸਕਦੇ ਹਨ ਪਰ ਲੋਕਾਂ ਦੀ ਤਾਕਤ ਅੱਗੇ ਨਹੀਂ ਹੈ। ਹੜ੍ਹਾਂ ਦੇ ਚਲਦਿਆਂ ਮੈਂ ਸਰਕਾਰਾਂ ਦੀ ਨਾਕਾਮੀ ਤੇ ਆਲੋਚਨਾ ਨੂੰ ਲਾਂਭੇ ਰੱਖਦਿਆਂ ਉਨਾਂ ਲੋਕਾਂ ਦੀ ਪ੍ਰਸ਼ੰਸਾ ਕਰਨ ਨੂੰ ਤਰਜੀਹ ਦਿੰਦਾ ਹਾਂ ਜੋ ਇਸ ਬਿਪਤਾ ਦੀ ਘੜੀ ਪੀੜਤ ਲੋਕਾਂ ਦੀ ਪਿੱਠ ਤੇ ਆਣ ਖਲੋਤੇ ਹਨ।ਮੇਰੀ ਕਲਮ ਉਨਾਂ ਸਮੂਹ ਲੋਕਾਂ, ਸੰਸਥਾਂਵਾਂ ,ਦਾਨੀ ਸੱਜਣਾ, ਪ੍ਰਿੰਟ ਤੇ ਸੋਸ਼ਲ ਮੀਡੀਆ ਤੇ ਖਾਸ ਕਰ ਸੰਗੀਤ ਇੰਡਸਟਰੀ ਦੇ ਕਲਾਕਾਰਾਂ ਨੂੰ ਸਲਾਮ ਕਰਦੀ ਹੈ ਜੋ ਚਟਾਨ ਬਣ ਇਸ ਔਖੀ ਘੜੀ ਪੰਜਾਬ ਦੇ ਪੀੜਤ ਲੋਕਾਂ ਨਾਲ ਖਲੋਤੇ ਹਨ।ਕਿਉਂਕਿ ਹੜ੍ਹਾਂ ਦੀ ਵੱਡੀ ਆਫ਼ਤ ਦੇ ਚੱਲਦਿਆਂ ਲੋਕਾਂ ਨੇ ਹੌਂਸਲਾ ਨਹੀਂ ਛੱਡਿਆ ਬਲ ਕੇ ਤਕੜੇ ਹੋ ਕੇ ਹੜ੍ਹਾਂ ਨਾਲ ਟੱਕਰ ਲੈ ਰਹੇ ਹਨ ਤੇ ਅਕਾਲ ਪੁਰਖ ਦੀ ਰਜ਼ਾ ਨੂੰ ਮੰਨਦਿਆਂ ਆਖ ਰਹੇ ਹਨ ਕੇ ਅਸੀ ਚੜੀਕਲਾ ਚ ਹਾਂ ਜੋ ਪੰਜਾਬੀਆਂ ਦੇ ਬੁਲੰਦ ਹੌਂਸਲੇ ਨੂੰ ਦਰਸਾਉਂਦਾ ਹੈ ।
ਪਰ ਅੰਤ ਚ ਮੈਂ ਸਮੇਂ ਦੇ ਹਾਕਮਾਂ ਨੂੰ ਮੁਖ਼ਾਤਬ ਹੁੰਦਿਆਂ ਐਨਾ ਜਰੂਰ ਕਹਾਂਗਾ ।
ਖੁਰਾਸਾਨ ਖਸਮਾਨਾ ਜੀਆ ਹਿਦੋਸਤਾਨ ਡਰਾਇਆਂ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆਂ ॥
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆਂ ॥੧॥
ਸੋ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਉੱਤੇ ਵਿੱਤੀ ਸਹਾਇਤਾ ਦਿੱਤੇ ਜਾਣ ਵਾਸਤੇ ਦਬਾਓ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਤੇ ਦੂਜੇ ਮੰਤਰੀਆਂ ਨੂੰ ਦੌਰੇ ਛੱਡ ਕਿ ਸਕੱਤਰੇਤ ਚ ਬਹਿ ਕੇ ਰਾਹਤ ਕਾਰਜ ਭੇਜਣ ਵੱਲ ਜ਼ਿਆਦਾ ਤਵੱਜੋਂ ਦੇਣੀ ਬਣਦੀ ਹੈ ਤਾ ਜੋ ਪੰਜਾਬ ਨੂੰ ਜਿੰਨੀ ਛੇਤੀ ਹੋ ਸਕੇ ਮੁੜ ਪੈਰਾਂ ਉੱਤੇ ਖੜਾ ਕੀਤਾ ਜਾ ਸਕੇ ।ਖ਼ਾਸ ਕਰਕੇ ਇਹ ਜਿੰਮੇਵਾਰੀ ਮੁੜ ਵਸੇਬਾ ਮੰਤਰੀ ਦੀ ਬਣਦੀ ਹੈ ।
——
ਲੈਕਚਰਾਰ ਅਜੀਤ ਖੰਨਾ
ਫੋਨ:76967-54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.