ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਜੀਤ ਸਿੰਘ ਭੁੱਟਾ
ਫਤਿਹਗੜ੍ਹ ਸਾਹਿਬ , 8 ਸਤੰਬਰ 2025 : ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ, ਸ. ਬਲਜੀਤ ਸਿੰਘ ਭੁੱਟਾ, ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪਿੰਡਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ ਹੈ, ਜਿਸ ਨਾਲ ਘਰਾਂ, ਫਸਲਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ।
ਸ. ਭੁੱਟਾ ਨੇ ਦੱਸਿਆ ਕਿ ਉਨ੍ਹਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਲਈ ਖਾਣ-ਪੀਣ ਦੀਆਂ ਜ਼ਰੂਰੀ ਵਸਤੂਆਂ ਵਾਲੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਿੱਟਾਂ ਵਿੱਚ ਆਟਾ, ਚੌਲ, ਦਾਲਾਂ, ਚਾਹ ਪੱਤੀ, ਚੀਨੀ, ਸਰੋਂ ਦਾ ਤੇਲ, ਨਮਕ, ਮਿਰਚ, ਮਸਾਲੇ, ਹਲਦੀ, ਅਚਾਰ, ਸਾਬਣ, ਟੂਥਪੇਸਟ, ਬੁਰਸ਼, ਕੱਪੜੇ ਅਤੇ ਓਡੋਮੋਸ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਪਸ਼ੂਆਂ ਲਈ ਫੀਡ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਸ. ਭੁੱਟਾ ਨੇ ਸਰਕਾਰ ਨੂੰ ਹੜ੍ਹਾਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਲਗਾਤਾਰ ਨੁਕਸਾਨਾਂ ਤੋਂ ਬਚਿਆ ਜਾ ਸਕੇ। ਇਸ ਮੌਕੇ 'ਤੇ ਅੰਮ੍ਰਿਤ ਸਿੰਘ ਸਰਹਿੰਦ, ਬਲਜਿੰਦਰ ਸਿੰਘ ਰਿਟਾਇਰਡ ਏ.ਈ. ਅਤੇ ਹੋਰ ਕਈ ਆਗੂ ਵੀ ਮੌਜੂਦ ਸਨ।