Badminton ’ਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਦਾ ਸਨਮਾਨ
- ਦੋਵਾਂ ਖਿਡਾਰਨਾਂ ਦੀ ਖੇਡ ਤੇ ਮਿਹਨਤ ਦੀ ਕੀਤੀ ਸ਼ਲਾਘਾ, ਹੋਰਨਾਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਦੱਸਿਆ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ
ਜਲੰਧਰ, 2 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਬੈਡਮਿੰਟਨ ਵਿੱਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਤਨਵੀ ਸ਼ਰਮਾ ਅਤੇ ਰਾਧਿਕਾ ਸ਼ਰਮਾ ਦਾ ਅੱਜ ਇਥੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਰਿਤਿਨ ਖੰਨਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ, ਜੋ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਤਨਵੀ ਸ਼ਰਮਾ ਅੰਡਰ-19 ਜੂਨੀਅਰ ਵਰਲਡ ਨੰ.1 ਖਿਡਾਰਨ ਹੈ ਅਤੇ ਪੰਜਾਬ ਦੀ ਪਹਿਲੀ ਬੈਡਮਿੰਟਨ ਖਿਡਾਰਨ ਹੈ, ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸੇ ਤਰ੍ਹਾਂ ਰਾਧਿਕਾ ਸ਼ਰਮਾ ਮਿਕਸਡ ਡਬਲ ਵਿੱਚ ਦੇਸ਼ ਦੀ ਨੰ.1 ਖਿਡਾਰਨ ਹੈ।
ਦੋਵਾਂ ਬੈਡਮਿੰਟਨ ਖਿਡਾਰੀ ਭੈਣਾਂ ਦੀ ਖੇਡ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਨਾਲ-ਨਾਲ ਦੇਸ਼ ਦਾ ਮਾਣ ਵੀ ਵਧਾਇਆ ਹੈ, ਜਿਨ੍ਹਾਂ ਤੋਂ ਹੋਰ ਨੌਜਵਾਨ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ।
ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ’ਤੇ ਲੋੜ ਪਈ ਤਾਂ ਇਨ੍ਹਾਂ ਉੱਭਰਦੀਆਂ ਖਿਡਾਰਨਾਂ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਸਰਕਾਰ ਨਾਲ ਰਾਬਤਾ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਖਿਡਾਰਨਾਂ ਦੀ ਮਾਤਾ ਮੀਨਾ ਸ਼ਰਮਾ, ਜੋ ਕਿ ਉਨ੍ਹਾਂ ਦੇ ਕੋਚ ਵੀ ਹਨ, ਦੀ ਖਾਸ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਵਿੱਚ ਮਾਪਿਆਂ ਦੇ ਮਾਰਗਦਰਸ਼ਨ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਉਨ੍ਹਾਂ ਬੱਚੀਆਂ ਦੀ ਪਰਵਰਿਸ਼ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਦਿਸ਼ਾ ਦੇਣ ਲਈ ਮੀਨਾ ਸ਼ਰਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਦੋਵਾਂ ਖਿਡਾਰਨਾਂ ਨੇ ਇਹ ਮੁਕਾਮ ਹਾਸਲ ਕੀਤਾ।