ਟਰੰਪ ਨੇ ਗੁਆਂਢੀ ਮੁਲਕ 'ਤੇ ਠੋਕਿਆ 35% ਟੈਰਿਫ
ਬਲਜਿੰਦਰ ਸੇਖਾ
ਟੋਰਾਂਟੋ, 1 ਅਗਸਤ 2025 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਨਾਲ ਵਪਾਰਕ ਜੰਗ ਨੂੰ ਹੋਰ ਤੇਜ਼ ਕਰਦਿਆਂ ਅੱਜ ਵੱਡਾ ਫੈਸਲਾ ਲਿਆ ਹੈ ਅਤੇ ਐਗਜ਼ੀਕਿਊਟਿਵ ਆਰਡਰ ਤੇ ਦਸਤਖ਼ਤ ਕੀਤੇ ਹਨ। ਵ੍ਹਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੋਂ ਆਯਾਤ ਹੋਣ ਵਾਲੇ ਸਮਾਨ ’ਤੇ ਟੈਰਿਫ ਨੂੰ ਵਧਾ ਕੇ 35% ਕਰ ਦਿੱਤਾ ਗਿਆ ਹੈ, ਪਹਿਲਾਂ 25% ਟੈਰਿਫ ਲਾਉਣ ਦੀ ਗੱਲ ਕਹੀ ਗਈ ਸੀ । ਇਹ ਫੈਸਲਾ 1 ਅਗਸਤ 2025 ਤੋਂ ਲਾਗੂ ਹੋਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ’ਤੇ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ।
ਡੋਨਾਲਡ ਟਰੰਪ ਨੇ ਪਹਿਲਾਂ ਹੀ 10 ਜੁਲਾਈ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਖੁੱਲ੍ਹੇ ਪੱਤਰ ’ਚ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੈਨੇਡਾ ਨਾਲ ਪਹਿਲੀ ਅਗਸਤ ਤੱਕ ਡੀਲ ਨਾ ਹੋਈ ਤਾਂ ਟੈਰਿਫ ਲੱਗੇਗਾ। ਮਾਰਕ ਕਾਰਨੀ ਨੇ ਕਿਹਾ ਹੈ ਕਿ ਪਹਿਲੀ ਅਗਸਤ ਤੋਂ ਅੱਗੇ ਵੀ ਟਰੇਡ ਡੀਲ ਬਾਬਤ ਗੱਲਬਾਤ ਚੱਲਦੀ ਰਹੇਗੀ। ਟਰੰਪ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਕੈਨੇਡਾ ਨੇ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ’ਚ ਸਹਿਯੋਗ ਨਾ ਕੀਤਾ ਤਾਂ ਟੈਰਿਫ ਵਧਾਏ ਜਾਣਗੇ। ਹਾਲਾਂਕਿ, ਅਮਰੀਕੀ ਅੰਕੜਿਆਂ ਅਨੁਸਾਰ, ਕੈਨੇਡਾ ਦੀ ਸਰਹੱਦ ਤੋਂ ਸਿਰਫ 0.2% ਫੈਂਟਾਨਿਲ ਅਮਰੀਕਾ ’ਚ ਪਹੁੰਚਦਾ ਹੈ, ਜੋ ਕਿ ਬਹੁਤ ਘੱਟ ਮਾਤਰਾ ਹੈ।
ਇਸ ਫੈਸਲੇ ਨੇ ਕੈਨੇਡਾ ਦੇ ਵਪਾਰੀਆਂ ਅਤੇ ਸਿਆਸਤਦਾਨਾਂ ’ਚ ਹਲਚਲ ਮਚਾ ਦਿੱਤੀ ਹੈ। ਕੈਨੇਡੀਅਨ ਵਪਾਰ ਮੰਤਰੀ ਡੋਮਿਨਿਕ ਲੈਬਲਾਂਕ ਨੇ ਕਿਹਾ, “ਅਸੀਂ ਇਸ ਟੈਰਿਫ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਕਰ ਰਹੇ ਹਾਂ। ਸਾਡਾ ਟੀਚਾ ਕੈਨੇਡੀਅਨ ਅਰਥਵਿਵਸਥਾ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।” ਕੈਨੇਡਾ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ, ਜੋ ਪਿਛਲੇ ਸਾਲ 349 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਤੋਂ ਖਰੀਦਦਾ ਸੀ। ਇਸ ਟੈਰਿਫ ਨਾਲ ਨਾ ਸਿਰਫ ਕੈਨੇਡੀਅਨ ਉਤਪਾਦ ਮਹਿੰਗੇ ਹੋਣਗੇ, ਸਗੋਂ ਅਮਰੀਕੀ ਖਪਤਕਾਰਾਂ ਨੂੰ ਵੀ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।