ਜਾਪਾਨ ਚ ਪੰਜਾਬੀ ਪੜ੍ਹਾਉਣ ਵਾਲੇ ਪ੍ਰੋਫੈਸਰ ਦੀ ਪੁਰਾਣੀ ਯਾਦ ...
..ਮੇਰਾ ਖ਼ਜ਼ਾਨਾ .. Mera Khazana
ਪੁਰਾਣੀਆਂ ਫ਼ੋਟੋਆਂ ਫਰੋਲ ਰਿਹਾ ਸੀ ਕਿ ਅਚਾਨਕ ਇੱਕ ਬਲੈਕ ਐਂਡ ਵਾਈਟ ਫ਼ੋਟੋ ਮੇਰੇ ਸਾਹਮਣੇ ਆਈ। ਮੇਰੀ ਅਤੇ ਜਪਾਨ ਦੇ ਉਸ ਚਰਚਿਤ ਪ੍ਰੋਫੈਸਰ ਦੀ ਜੋ ਜਪਾਨੀ ਹੁੰਦੇ ਹੋਏ ਪੰਜਾਬੀ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਮਾਹਰ ਵੀ ਹੈ। ਪੰਜਾਬੀ ਜਗਤ ਨੂੰ ਹਮੇਸ਼ਾ ਉਸ ਪ੍ਰੋਫੈਸਰ ਤੇ ਮਾਣ ਰਹੇਗਾ ਕਿ ਉਸ ਨੇ ਸਭ ਤੋਂ ਪਹਿਲਾਂ ਪੰਜਾਬੀ ਸਿੱਖੀ ਪੰਜਾਬੀ ਚ ਪੀਐਚਡੀ ਕੀਤੀ ਅਤੇ ਜਪਾਨ ਦੇ ਵਿੱਚ ਪੰਜਾਬੀ ਪੜ੍ਹਾਈ ਪੰਜਾਬੀ ਚ ਕਿਤਾਬਾਂ ਲਿਖੀਆਂ ਇੱਥੋਂ ਤੱਕ ਕਿ ਕਈ ਅਹਿਮ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਜਪਾਨੀ ਵਿੱਚ . ਇੱਥੋਂ ਤੱਕ ਕਿ ਜਪੁਜੀ ਸਾਹਿਬ ਦਾ ਅਨੁਵਾਦ ਵੀ ਉਸ ਨੇ ਜਪਾਨੀ ਵਿੱਚ ਕੀਤਾ।
ਉਹ ਨਾਮੀ ਹਸਤੀ ਹੈ ਪ੍ਰੋਫੈਸਰ ਮਿਜ਼ੋਕਾਮੀ . ਹੁਣ ਤਾਂ ਉਨ੍ਹਾਂ ਦਾ ਨਾਂ ਸਾਰਾ ਜੱਗ ਜਾਣਦਾ ਹੈ। ਇੱਥੇ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 2023 ਚ ਜਪਾਨ ਦੌਰੇ ਦੌਰਾਨ ਪ੍ਰੋਫੈਸਰ ਮਿਜ਼ੋਕਾਮੀ ਨਾਲ ਉਚੇਚੀ ਮੁਲਾਕਾਤ ਕੀਤੀ ਸੀ ਅਤੇ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਹੁਲਾਰਾ ਦੇਣ ਲਈ ਉਹਨਾਂ ਦੀ ਸ਼ਲਾਘਾ ਕੀਤੀ ਸੀ । ਇਸ ਤੋਂ ਪਹਿਲਾਂ 2018 ਦੇ ਵਿੱਚ ਭਾਰਤ ਸਰਕਾਰ ਵੱਲੋਂ ਵੀ ਮਿਜ਼ੋਕਾਮੀ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ.
ਪਰ ਮੈਂ ਜਿਹੜੇ ਵਕਤ ਦੀ ਗੱਲ ਕਰ ਰਿਹਾ ਹਾਂ ਅਤੇ ਮੇਰੇ ਕੋਲ ਜਿਹੜੀ ਉਹਨਾਂ ਦੀ ਤਸਵੀਰ ਮੇਰੇ ਨਾਲ ਹੈ ਉਹ ਉਸ ਵੇਲੇ ਦੀ ਹੈ ਜਦੋਂ ਉਹ ਨਾ ਹੀ ਬਹੁਤੇ ਪ੍ਰਸਿੱਧ ਸਨ ਅਤੇ ਨਾ ਹੀ ਸਰਕਾਰੇ ਦਰਬਾਰੇ ਉਨ੍ਹਾਂ ਦੀ ਪਛਾਣ ਅਤੇ ਮਾਨਤਾ ਸੀ. ਮੇਰੇ ਨਾਲ ਉਹਨਾਂ ਦੀ ਬਲੈਕ ਐਂਡ ਵਾਈਟ ਇਹ ਤਸਵੀਰ 9ਵੇਂ ਦਹਾਕੇ ਦੇ ਸ਼ੁਰੂ ਦੀ ਹੈ ਜਦੋਂ ਉਹ ਪੰਜਾਬ ਆਏ ਹੋਏ ਸਨ ਤਾਂ ਮੈਂ ਪੰਜਾਬੀ ਅਖਬਾਰਾਂ ਲਈ ਉਹਨਾਂ ਦੀ ਇੰਟਰਵਿਊ ਕੀਤੀ ਸੀ ਕਿ ਕਿਸ ਤਰ੍ਹਾਂ ਇੱਕ ਜਪਾਨੀ ਪ੍ਰੋਫੈਸਰ ਪੰਜਾਬ ਪੰਜਾਬੀ ਸਿੱਖ ਵੀ ਰਿਹਾ ਹੈ ਤੇ ਪੰਜਾਬੀ ਪੜ੍ਹ ਵੀ ਰਿਹਾ. ਇਹ ਤਸਵੀਰ ਮੇਰੇ ਦੋਸਤ ਅਤੇ ਮੀਡੀਆ ਫ਼ੋਟੋਗਰਾਫ਼ਰ ਭੀਮ ਕਾਂਸਲ ( Singh Studio Rampura Phul ) ਨੇ ਖਿੱਚੀ ਸੀ .
ਉਦੋਂ ਸ਼ਾਇਦ ਉਸ ਦੀ ਅਜੇ ਇੱਕੋ ਪੁਸਤਕ ਜਪਾਨੀ ਪੰਜਾਬੀ ਭਾਸ਼ਾ ਦੀ ਪ੍ਰਕਾਸ਼ਿਤ ਹੋਈ ਸੀ. ਮੇਰੇ ਰਿਕਾਰਡ ਵਿੱਚ ਮੇਰੀ ਇਹ ਇੰਟਰਵਿਊ ਵੀ ਅਜੇ ਤੱਕ ਸਾਂਭੀ ਹੋਈ ਹੈ. ਫਿਰ ਕਿਸ ਵੇਲੇ ਲੱਭ ਕੇ ਨਸ਼ਰ ਕਰਾਂਗਾ. ਉਂਜ ਮੈਨੂੰ ਅਫ਼ਸੋਸ ਹੁੰਦਾ ਰਿਹਾ ਕਿ ਪ੍ਰੋਫੈਸਰ ਤੋਮਿਓ ਭਾਰਤ ਤਾਂ ਕਈ ਵਾਰ ਆਏ ਅਤੇ ਕੁਝ ਸਾਲ ਪਹਿਲਾਂ ਉਹ ਚੰਡੀਗੜ੍ਹ ਵੀ ਆਏ ਸਨ ਪਰ ਮੁਲਾਕਾਤ ਦਾ ਮੌਕਾ ਨਹੀਂ ਮਿਲਿਆ. ਕਹਿਣ ਦਾ ਭਾਵ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਨਹੀਂ ਮਿਲਿਆ ਪਰ ਮੇਰੇ ਲਈ ਉਹਨਾਂ ਉਹਨਾਂ ਨਾਲ ਕੀਤੀ ਇੰਟਰਵਿਊ ਅਤੇ ਉਹਨਾਂ ਦੀ ਇਹ ਤਸਵੀਰ ਹਮੇਸ਼ਾ ਲਈ ਇੱਕ ਅਭੁੱਲ ਯਾਦਗਾਰ ਵੀ ਹੈ ਤੇ ਮੇਰਾ ਖ਼ਜ਼ਾਨਾ ਵੀ .
ਉਹ ਜਪਾਨ ਦੇ ਸਾਕਾ ਸ਼ਹਿਰ ਵਿੱਚ ਰਹਿੰਦੇ ਹਨ। ਇਹ ਵੀ ਸਬੱਬ ਹੈ ਕਿ ਮੈਂ ਜਪਾਨ ਦੇ ਓਸਾਕਾ ਸ਼ਹਿਰ ਵਿੱਚ ਹੀ ਵਸੇ ਸਾਡੇ ਸਾਹਿਤਕਾਰ ਮਿੱਤਰ ਪਰਮਿੰਦਰ ਸੋਢੀ ਨੂੰ ਫ਼ੋਨ ਮਾਰਿਆ ਇਹ ਪੁੱਛਣ ਲਈ ਕਿ ਕੀ ਉਸ ਕੋਲ ਪ੍ਰੋਫੈਸਰ ਦਾ ਕੋਈ ਕੰਟੈਕਟ ਨੰਬਰ ਹੈ ਤਾਂ ਅੱਗੋਂ ਬੜਾ ਹੀ ਦਿਲਚਸਪ ਤੇ ਖ਼ੁਸ਼ ਕਰਨ ਵਾਲਾ ਜਵਾਬ ਮਿਲਿਆ .ਪਰਮਿੰਦਰ ਹੋਰੀਂ ਕਹਿਣ ਲੱਗੇ ਉਹ ਤਾਂ ਸੇਵਾ ਮੁਕਤ ਜੀਵਨ ਬਿਤਾ ਰਹੇ ਹਨ ਪਰ ਮੇਰੇ ਕੋਲ ਆਉਂਦਾ ਹੀ ਰਹਿੰਦੇ ਨੇ ਮੇਰੇ ਰੈਸਟੋਰੈਂਟ ਦੇ ਵਿੱਚ, ਪਿੱਛੇ ਜਿਹੇ ਮੈਂ ਉਹਨਾਂ ਦੀ ਲੰਬੀ ਸਾਰੀ ਇੰਟਰਵਿਊ ਵੀ ਕੀਤੀ ਸੀ। ਉਹਨਾਂ ਮੈਨੂੰ ਪ੍ਰੋਫੈਸਰ ਦਾ ਸੰਪਰਕ ਨੰਬਰ ਵੀ ਭੇਜਣ ਦਾ ਵਾਅਦਾ ਕੀਤਾ।
ਲਓ, ਇਹ ਵੀ ਦੇਖ ਲਵੋ ਕਿ ਉਦੋਂ ਮੇਰਾ ਚਿਹਰਾ ਮੋਹਰਾ ਕਿਹੋ ਜਿਹਾ ਸੀ ਅਤੇ ਪ੍ਰੋ ਮਿਜ਼ੋਕਾਮੀ ਕਿਹੋ ਜਿਹੇ ਸਨ ਅਤੇ ਸਾਡੀਆਂ ਹੁਣ ਦੀਆਂ ਤਸਵੀਰਾਂ ਵੀ ਹਾਜ਼ਰ ਨੇ .
July 31, 2025

-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਨੈਟਵਰਕ, ਤਿਰਛੀ ਨਜ਼ਰ ਮੀਡੀਆ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.