15 ਅਗਸਤ ਨੂੰ ਬਰਨਾਲਾ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕਨਵੈਨਸ਼ਨ ਕਰਨ ਦਾ ਫ਼ੈਸਲਾ
ਅਸ਼ੋਕ ਵਰਮਾ
ਬਰਨਾਲਾ, 30 ਜੁਲਾਈ 2025 : ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜ਼ਿਲ੍ਹਾ ਬਰਨਾਲਾ ਵੱਲੋਂ 15 ਅਗਸਤ ਨੂੰ ਬਾਅਦ ਦੁਪਹਿਰ 1 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਸ ਬਾਰੇ ਫੈਸਲਾ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਦੀ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਖੁਸ਼ੀਆ ਸਿੰਘ, ਮਨੋਹਰ ਲਾਲ, ਰਜਿੰਦਰ ਪਾਲ ਨੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਇਹ ਫਰੰਟ ਸੰਘੀ ਸਰਕਾਰ ਦੇ ਫਾਸ਼ੀ ਹਮਲੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕਰੇਗਾ ਅਤੇ ਸੰਘਰਸ਼ ਦੇ ਮੈਦਾਨ ਵਿੱਚ ਲਿਆਉਣ ਲਈ ਯਤਨਸ਼ੀਲ ਹੋਵੇਗਾ ਕਿਉਂਕਿ ਇਹ ਫਾਸ਼ੀ ਹਮਲਾ ਜ਼ਿੰਦਗੀ ਦੇ ਸਾਰੇ ਖੇਤਰਾਂ, ਆਰਥਿਕ, ਰਾਜਨੀਤਕ, ਸਮਾਜਿਕ, ਸੱਭਿਆਚਾਰ ਜਿਸ ਵਿੱਚ ਭਾਸ਼ਾ, ਇਤਿਹਾਸ, ਸਾਹਿਤ ਆਦਿ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਫਾਸ਼ੀ ਹੱਲੇ ਦਾ ਮਕਸਦ ਪਿਛਾਖੜੀ ਹਿੰਦੂ ਰਾਸ਼ਟਰ ਦੀ ਸਥਾਪਨਾ ਅਤੇ ਦੇਸੀ-ਵਿਦੇਸ਼ੀ ਲੁੱਟ ਲਈ ਰਾਹ ਪੱਧਰਾ ਕਰਨਾ ਹੈ।
ਆਗੂਆਂ ਨੇ ਕਿਹਾ ਕਿ ਲੋਕ ਘੋਲਾਂ ਤੇ ਜ਼ਬਰ, ਧਾਰਮਿਕ-ਨਸਲੀ ਭਾਸ਼ਾਈ ਅਤੇ ਸੱਭਿਆਚਾਰਕ ਘੱਟ ਗਿਣਤੀਆਂ ਨਾਲ ਵਿਤਕਰੇ ਅਤੇ ਦਮਨ ਵਿਰੁੱਧ ਅਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦੀ ਲੋੜ ਨੂੰ ਉਭਾਰਿਆ ਜਾਵੇਗਾ। ਫਰੰਟ ਦੇ ਆਗੂਆਂ ਚਰਨਜੀਤ ਕੌਰ ਅਤੇ ਹਰਮਨਦੀਪ ਨੇ ਕਿਹਾ ਕਿ ਇਹ ਫਰੰਟ ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਨਾਲ ਧੱਕੇ, ਵਿਤਕਰੇ ਅਤੇ ਦਮਨ ਵਿਰੁੱਧ ਸੰਘਰਸ਼ ਲਈ ਅਧਾਰ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਇਹ ਫਰੰਟ ਮੋਦੀ ਸਰਕਾਰ ਦੀ ਕੇਂਦਰੀਕਰਨ ਦੀ ਧੁੱਸ ਵਾਲੀਆਂ ਨੀਤੀਆਂ ਵਿਰੁੱਧ,ਹਾਸਲ ਫੈਡਰਲ ਧਾਰਾਵਾਂ ਦੀ ਰਾਖੀ ਅਤੇ ਹਕੀਕੀ ਫੈਡਰਲਿਜ਼ਮ ਲਈ ਸੰਘਰਸ਼ ਕਰਨ ਦੀ ਲੋੜ ਨੂੰ ਉਭਾਰੇਗਾ। ਮੋਦੀ ਸਰਕਾਰ ਦੀ ਰਾਜਨੀਤਕ, ਆਰਥਿਕ,ਸਮਾਜਿਕ ਅਤੇ ਸੱਭਿਆਚਾਰਕ ਕੇਂਦਰੀਕਰਨ ਵਿਰੁੱਧ ਡੱਟ ਕੇ ਸੰਘਰਸ਼ ਕਰੇਗਾ। ਆਗੂਆਂ ਨੇ ਸਾਰੇ ਸਾਥੀਆਂ ਨੂੰ 15 ਅਗਸਤ ਨੂੰ ਸਮੇਂ ਸਿਰ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।