ਤਜਵੀਜ਼ਤ ਸੀਮਿੰਟ ਫੈਕਟਰੀ ਖਿਲਾਫ ਮਤੇ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ
ਅਸ਼ੋਕ ਵਰਮਾ
ਮਾਨਸਾ, 30 ਜੁਲਾਈ 2025- ਕਰਮਗੜ੍ਹ ਔਤਾਂਵਾਲੀ ਅਤੇ ਤਲਵੰਡੀ ਅਕਲੀਆ ਦੇ ਖੇਤਾਂ ਵਿੱਚ ਪ੍ਰਸਾਤਵਿਤ ਜੇ.ਐਸ.ਡਬਲਯੂ. ਸੀਮੇਂਟ ਕਾਰਖਾਨੇ ਦੇ ਵਿਰੋਧ ਵਿੱਚ ਮਤੇ ਪਾਉਂਣ ਵਾਲੀਆਂ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਸਮੂਹ ਵਾਤਾਵਰਣ ਪ੍ਰੇਮੀਆਂ ਦਾ ਸਨਮਾਨ ਸਮਾਰੋਹ 3 ਅਗਸਤ ਦਿਨ ਐਤਵਾਰ ਨੂੰ ਤਲਵੰਡੀ ਅਕਲੀਆ ਗੁਰੂ ਘਰ ਵਿਖੇ ਕੀਤਾ ਜਾਵੇਗਾ।
ਪਿਛਲੀ 14 ਜੁਲਾਈ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਬਠਿੰਡਾ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਪ੍ਰਮਾਤਾਵਿਤ ਕਾਰਖਾਨੇ ਵਾਲੀ ਜਗ੍ਹਾ ਤੇ ਲੋਕ ਸੁਣਵਾਈ ਰੱਖੀ ਗਈ ਸੀ ਜਿਸ ਦੌਰਾਨ ਜੇ.ਐਸ.ਡਬਲਯੂ. ਅਧਿਕਾਰੀ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਲੋਕਾਂ ਦੇ ਸੁਆਲਾ ਤੋਂ ਚੁੱਪ ਵੱਟੀ ਸੀ ਅਤੇ ਵੋਟਿੰਗ ਦੌਰਾਨ ਜੇ.ਐਸ.ਡਬਲਯੂ. ਸੀਮੇਂਟ ਕਾਰਖਾਨੇ ਖਿਲਾਫ ਵੋਟਾਂ ਭੁਗਤਾਈਆਂ ਸਨ।
ਲੋਕਾਂ ਦਾ ਕਹਿਣਾ ਸੀ ਕਿ ਉਹ ਪਾਵਰ ਪਲਾਂਟ ਬਣਾਂਵਾਲਾ ਦੁਆਰਾ ਸੁੱਟੀ ਜਾਂਦੀ ਸੁਆਹ, ਅਤੇ ਧੂੰਏ ਤੋਂ ਪਹਿਲਾ ਹੀ ਦੁਖੀ ਹਨ। ਉਨ੍ਹਾਂ ਨੂੰ ਹੋਰ ਲਾਲ ਸ੍ਰੇਣੀ ਦਾ ਕੋਈ ਕਾਰਖਾਨਾ ਨਹੀਂ ਚਾਹੀਦਾ, ਕਿਉਂਕਿ ਇਲਾਕੇ ਦਾ ਹਵਾ ਪ੍ਰਦੂਸ਼ਣ ਬਾਡਰ ਲਾਈਨ ਤੋਂ ਪਹਿਲਾ ਹੀ ਟੱਪਿਆ ਹੋਇਆ ਹੈ। ਇਸ ਮੌਕੇ ਪੰਥ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਵੀ ਸੋਸ਼ਲ ਮੀਡੀਆ ਰਾਹੀਂ ਇਸ ਫੈਕਟਰੀ ਦਾ ਵਿਰੋਧ ਕੀਤਾ ਸੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਪੰਚਾਇਤਾਂ ਨੇ ਫੈਕਟਰੀ ਦੇ ਵਿਰੋਧ ਵਿੱਚ ਮਤੇ ਪਾਏ ਸਨ।
ਇਸ ਕਰਕੇ ਹੁਣ ਫੈਕਟਰੀ ਖਿਲਾਫ਼ ਮਤੇ ਪਾਉਣ ਵਾਲੀਆਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਲਈ 3 ਅਗਸਤ ਨੂੰ ਸਮਾਗਮ ਰੱਖਿਆ ਗਿਆ ਹੈ। ਸੰਘਰਸ਼ ਕਮੇਟੀ ਨੇ ਇਸ ਲੜਾਈ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਇਸ ਸਮਾਗਮ ਵਿੱਚ ਇਲਾਕਾ ਵਾਸੀਆਂ ਤੇ ਹੋਰ ਸ਼ਖਸ਼ੀਅਤਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।ਇਸ ਸਮੇਂ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ, ਮੀਡੀਆ ਖੁਸਵੀਰ ਸਿੰਘ, ਕਾਕਾ ਸਿੰਘ ਤਲਵੰਡੀ ਅਕਲੀਆ ਅਤੇ ਐਡਵੋਕੇਟ ਜਸਵਿੰਦਰ ਸਿੰਘ ਕਰਮਗੜ੍ਹ ਔਤਾਂਵਾਲੀ ਨੇ ਸਮੂਹ ਸੰਗਤ ਨੂੰ ਹੁੰਮ ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।