VC ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਨੇ ਅਰਨਿਆਲਾ ਡੈਮ ਸਟੱਡੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ
ਅੰਮ੍ਰਿਤਸਰ, 29 ਜੁਲਾਈ 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅਰਨਿਆਲਾ ਡੈਮ ਸਟੱਡੀ ਰਿਪੋਰਟ ਪੰਜਾਬ ਸਰਕਾਰ ਦੇ ਅਧਿਕਾਰੀਆਂ ਸ੍ਰੀ ਵਿਕਾਸ ਸੋਮਣ, ਐਗਜ਼ੈਕਟਿਵ ਇੰਜੀਨੀਅਰ, ਅਤੇ ਸ੍ਰੀ ਰੁਪਿੰਦਰ ਪਾਲ ਸਿੰਘ, ਐਸ.ਡੀ.ਓ., ਵਾਟਰ ਰਿਸੋਰਸਿਜ਼ ਵਿਭਾਗ (ਡਬਲਯੂ.ਆਰ.ਡੀ.), ਹੁਸ਼ਿਆਰਪੁਰ ਨੂੰ ਸੌਂਪੀ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਨੈਕ, ਏ ਪਲਸ ਪਲਸ ਅਤੇ ਕੈਟੇਗਰੀ-I ਯੂਨੀਵਰਸਿਟੀ ਦੇ ਤੌਰ ’ਤੇ ਅਤੇ “ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ” ਦੇ ਮਾਣ ਨਾਲ, ਯੂਨੀਵਰਸਿਟੀ ਸਥਾਈ ਵਿਕਾਸ ਅਤੇ ਸਮਾਜਿਕ ਖੋਜ ਵਿੱਚ ਯੋਗਦਾਨ ਦੇਣ ਲਈ ਵਚਨਬੱਧ ਹੈ। ਇਹ ਸੋਸ਼ਲ ਇੰਪੈਕਟ ਅਸੈਸਮੈਂਟ ਰਿਪੋਰਟ ਅਰਨਿਆਲਾ ਡੈਮ ਪ੍ਰੋਜੈਕਟ ਦੇ ਮਾਤਰਾਤਮਕ ਪਹਿਲੂਆਂ ਦੇ ਨਾਲ-ਨਾਲ 21ਵੀਂ ਸਦੀ ਦੇ ਸਮਾਜਿਕ ਮੁੱਦਿਆਂ ਨੂੰ ਵੀ ਡੂੰਘਾਈ ਨਾਲ ਉਜਾਗਰ ਕਰਦੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੋਸ਼ਲ ਇੰਪੈਕਟ ਅਸੈਸਮੈਂਟ ਏਜੰਸੀ ਨੇ ਪ੍ਰੋ. ਰਾਜੇਸ਼ ਕੁਮਾਰ, ਪ੍ਰਿੰਸੀਪਲ ਪ੍ਰੋਜੈਕਟ ਕੋਆਰਡੀਨੇਟਰ, ਅਤੇ ਛੇ ਮਾਹਿਰਾਂ ਦੀ ਟੀਮ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅਰਨਿਆਲਾ ਡੈਮ ਦੀ ਉਸਾਰੀ ਲਈ ਜ਼ਮੀਨ ਹਾਸਲ ਕਰਨ ਦੀ ਸਟੱਡੀ ਰਿਪੋਰਟ ਤਿਆਰ ਕੀਤੀ। ਇਹ ਪ੍ਰੋਜੈਕਟ ਪੰਜਾਬ ਸਰਕਾਰ ਦੇ ਵਾਟਰ ਰਿਸੋਰਸਿਜ਼ ਵਿਭਾਗ ਵੱਲੋਂ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਅਕਵੀਜ਼ੀਸ਼ਨ, ਰੀਹੈਬੀਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ, 2013 ਦੀ ਧਾਰਾ 4.1 ਅਧੀਨ ਚੱਲ ਰਿਹਾ ਹੈ।
ਡਬਲਯੂ.ਆਰ.ਡੀ. ਅਧਿਕਾਰੀਆਂ ਮੁਤਾਬਕ, ਅਰਨਿਆਲਾ ਡੈਮ ਦੀ ਉਸਾਰੀ ਲਈ 91.47 ਕਰੋੜ ਰੁਪਏ ਦਾ ਖਰਚਾ ਅੰਦਾਜ਼ਿਆ ਗਿਆ ਹੈ, ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਚਾਰ ਪਿੰਡਾਂ - ਅਰਨਿਆਲਾ ਸ਼ਾਹਪੁਰ, ਬਰੋਟੀ, ਬੱਸੀ ਮਾਰੂਫ ਸਿਆਲਾ ਅਤੇ ਬੱਸੀ ਮਾਰੂਫ ਹੁਸੈਨਪੁਰ ਵਿੱਚ ਸਿੰਚਾਈ ਲਈ ਪਾਣੀ ਦੀ ਸਹੂਲਤ ਵਧਾਏਗਾ। ਸਟੱਡੀ ਮੁਤਾਬਕ, 96.2% ਪਿੰਡ ਵਾਸੀਆਂ ਨੇ ਮੰਨਿਆ ਕਿ ਇਹ ਪ੍ਰੋਜੈਕਟ ਦੋਆਬਾ ਖੇਤਰ ਦੇ ਲੋਕਾਂ ਲਈ ਲਾਭਕਾਰੀ ਹੋਵੇਗਾ। 10 ਜੂਨ 2025 ਨੂੰ ਅਰਨਿਆਲਾ ਸ਼ਾਹਪੁਰ ਅਤੇ ਬਰੋਟੀ ਪਿੰਡਾਂ ਵਿੱਚ ਹੋਈਆਂ ਗ੍ਰਾਮ ਸਭਾਵਾਂ ਵਿੱਚ ਜ਼ਿਆਦਾਤਰ ਲੋਕਾਂ ਦੀ ਸਹਿਮਤੀ ਨਾਲ RFCTLARR ਐਕਟ 2013 ਦੀ “ਪਬਲਿਕ ਪਰਪਜ਼” ਧਾਰਾ ਪ੍ਰਮਾਣਿਤ ਹੋਈ।
ਅਰਨਿਆਲਾ ਡੈਮ ਦੀ ਉਸਾਰੀ ਨਾਲ ਖੇਤਰ ਵਿੱਚ ਅੰਨ ਉਤਪਾਦਨ ਵਧੇਗਾ, ਜੋ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਨਾਲ ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ। ਇਹ ਪ੍ਰੋਜੈਕਟ ਸਿੰਚਾਈ ਲਈ ਬਿਜਲੀ ਵਾਲੇ ਪੰਪਾਂ ’ਤੇ ਨਿਰਭਰਤਾ ਘਟਾ ਕੇ ਭੂਮੀਗਤ ਪਾਣੀ ਦੀ ਕਮੀ ਨੂੰ ਰੋਕਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ, ਜਿਸ ਨਾਲ ਦੋਆਬਾ ਖੇਤਰ ਦੇ ਸਮਾਜਿਕ-ਆਰਥਿਕ ਢਾਂਚੇ ’ਤੇ ਸਕਾਰਾਤਮਕ ਅਸਰ ਪਵੇਗਾ।
ਇਸ ਰਿਪੋਰਟ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਵੱਲੋਂ ਜਾਂਚਿਆ ਜਾਵੇਗਾ। ਪ੍ਰੋ. ਰਾਜੇਸ਼ ਕੁਮਾਰ ਨੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਅਤੇ SIA-ਅਰਨਿਆਲਾ ਡੈਮ ਟੀਮ ਦੇ ਮੈਂਬਰਾਂ, ਪ੍ਰੋ. (ਡਾ.) ਮਨਪ੍ਰੀਤ ਸਿੰਘ ਭੱਟੀ, ਡਾ. ਬਿਮਲਦੀਪ ਸਿੰਘ, ਡਾ. ਸਵਾਤੀ ਮਹਿਤਾ, ਡਾ. ਨੀਨਾ ਰੋਜ਼ੀ ਕਾਹਲੋਂ, ਸ੍ਰੀਮਤੀ ਸ਼ਰਨਪ੍ਰੀਤ ਕੌਰ ਅਤੇ ਸਮੂਹ ਡਾਟਾ ਵਿਸ਼ਲੇਸ਼ਕਾਂ ਅਤੇ ਫੀਲਡ ਜਾਂਚਕਰਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।