ਖੰਨਾ ਰਾਹੌਣ ਮੰਡੀ ਦੀ ਖ਼ਸਤਾਹਾਲ ਸੜਕ ਕਿਸਾਨਾਂ ਤੇ ਵਪਾਰੀਆਂ ਲਈ ਬਣੀ ਮੁਸੀਬਤ
ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਹੱਲ ਦੀ ਮੰਗ ਕੀਤੀ
ਰਵਿੰਦਰ ਸਿੰਘ
ਖੰਨਾ, 8 ਜੁਲਾਈ 2025: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹਾ ਜਾਣ ਵਾਲੇ ਖੰਨਾ ਦੇ ਦੂਜੇ ਹਿੱਸੇ ਰਾਹੌਣ ਮੰਡੀ ਦੀ ਸੜਕ ਬਹੁਤ ਮਾੜੀ ਹਾਲਤ ਵਿੱਚ ਪਹੁੰਚ ਚੁੱਕੀ ਹੈ। ਇਹ ਸੜਕ ਲਗਭਗ 10 ਨੇੜਲੇ ਪਿੰਡਾਂ ਨੂੰ ਜੋੜਦੀ ਹੈ ਅਤੇ ਇਨ੍ਹਾਂ ਪਿੰਡਾਂ ਤੋਂ ਕਿਸਾਨ ਆਪਣਾ ਅਨਾਜ ਮੰਡੀ ਤੱਕ ਲਿਆਉਂਦੇ ਹਨ। ਸੜਕ ਉੱਤੇ ਡੂੰਘੇ ਟੋਏ, ਟੁੱਟ-ਫੁੱਟ ਅਤੇ ਬਾਰਿਸ਼ ਦੌਰਾਨ ਪਾਣੀ ਭਰ ਜਾਣ ਕਰਕੇ ਇਲਾਕੇ ਦੇ ਲੋਕਾਂ ਅਤੇ ਵਪਾਰੀਆਂ ਨੂੰ ਦਿਨ-ਰਾਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰਾਂ ਤੇ ਗਾਹਕਾਂ ਨੂੰ ਵੱਡੀ ਮੁਸ਼ਕਲ
ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਕਿਉਂਕਿ ਗਾਹਕ ਮੰਡੀ ਆਉਣ ਤੋਂ ਕਤਰਾਉਂਦੇ ਹਨ। ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਨੇ ਦੱਸਿਆ ਕਿ ਲਗਭਗ ਡੇਢ ਕਿਲੋਮੀਟਰ ਲੰਬੀ ਇਹ ਸੜਕ ਛੱਪੜ ਬਣ ਚੁੱਕੀ ਹੈ, ਜਿਸ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕਈ ਵਾਰ ਸੂਚਿਤ ਕੀਤਾ ਗਿਆ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਜਨਹਿੱਤ ਪਟੀਸ਼ਨ ਦੀ ਚੇਤਾਵਨੀ
ਪੀਡੀ ਬਾਂਸਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹਲ ਨਾ ਕੀਤਾ ਗਿਆ ਤਾਂ ਉਹ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ। ਐਡਵੋਕੇਟ ਹਰਸ਼ ਭੱਲਾ ਨੇ ਵੀ ਪ੍ਰਸ਼ਾਸਨ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਖ਼ਸਤਾਹਾਲ ਸੜਕ ਹਾਦਸਿਆਂ ਨੂੰ ਦਾਵਤ ਦੇ ਰਹੀ ਹੈ।
ਐਡਵੋਕੇਟ ਹਰਸ਼ ਭੱਲਾ ਨੇ ਵੀ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਖ਼ਸਤਾਹਾਲ ਸੜਕ ਹਾਦਸਿਆਂ ਨੂੰ ਦਾਵਤ ਦੇ ਰਹੀ ਹੈ ਅਤੇ ਲੋਕਾਂ ਦੀ ਸਹੂਲਤ ਲਈ ਜਲਦੀ ਕੰਮ ਸ਼ੁਰੂ ਕਰਨਾ ਜ਼ਰੂਰੀ ਹੈ।
ਪ੍ਰਸ਼ਾਸਨ ਦੀ ਪ੍ਰਤੀਕਿਰਿਆ
ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਲਈ ਟੈਂਡਰ ਲਗਾਇਆ ਜਾ ਚੁੱਕਾ ਹੈ ਅਤੇ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।