ਭਾਰਤ ਦੀ ਇੰਗਲੈਂਡ ਵਿੱਚ ਸਭ ਤੋਂ ਵੱਡੀ ਜਿੱਤ: ਬਰਮਿੰਘਮ ਟੈਸਟ 336 ਦੌੜਾਂ ਨਾਲ ਜਿੱਤਿਆ
- 39 ਸਾਲ ਪੁਰਾਣਾ ਰਿਕਾਰਡ ਟੁੱਟਿਆ
- ਆਕਾਸ਼ ਦੀਪ ਨੇ ਲਈਆਂ 6 ਵਿਕਟਾਂ
ਨਵੀਂ ਦਿੱਲੀ, 6 ਜੁਲਾਈ 2025 - ਭਾਰਤ ਨੇ ਇੰਗਲੈਂਡ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਭਰਤੀ ਟੀਮ ਨੇ ਬਰਮਿੰਘਮ ਟੈਸਟ 336 ਦੌੜਾਂ ਨਾਲ ਜਿੱਤ ਲਿਆ ਹੈ। ਦੂਜੀ ਪਾਰੀ 'ਚ ਆਕਾਸ਼ ਦੀਪ ਨੇ 6 ਵਿਕਟਾਂ ਲਈਆਂ ਅਤੇ ਪਹਿਲੀ ਪਾਰੀ 'ਚ ਆਕਾਸ਼ ਦੀਪ ਨੇ 4 ਵਿਕਟਾਂ ਲਈਆਂ ਸਨ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।
608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਮੈਚ ਦੇ ਆਖਰੀ ਦਿਨ 271 ਦੌੜਾਂ 'ਤੇ ਆਲ ਆਊਟ ਹੋ ਗਿਆ। ਇਹ ਇੰਗਲੈਂਡ ਦੀ ਧਰਤੀ 'ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 279 ਦੌੜਾਂ ਨਾਲ ਜਿੱਤ ਦਾ ਸੀ। ਭਾਰਤ ਨੇ 1986 ਵਿੱਚ ਲੀਡਜ਼ ਵਿੱਚ ਅੰਗਰੇਜ਼ਾਂ ਨੂੰ ਇਸ ਫਰਕ ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਭਾਰਤ ਨੇ 58 ਸਾਲਾਂ ਵਿੱਚ ਬਰਮਿੰਘਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ, ਇੱਥੇ ਖੇਡੇ ਗਏ 8 ਟੈਸਟਾਂ ਵਿੱਚੋਂ, ਭਾਰਤ ਨੂੰ 7 ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ 1 ਮੈਚ ਡਰਾਅ ਰਿਹਾ ਸੀ।
ਮੈਚ ਦੇ ਆਖਰੀ ਦਿਨ, ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 72 ਦੌੜਾਂ ਦੇ ਸਕੋਰ ਤੋਂ ਖੇਡਣਾ ਸ਼ੁਰੂ ਕੀਤਾ। ਮੀਂਹ ਕਾਰਨ ਮੈਚ ਲਗਭਗ 90 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ। ਦੁਪਹਿਰ ਦੇ ਖਾਣੇ ਤੱਕ ਅੰਗਰੇਜ਼ਾਂ ਨੇ ਤਿੰਨ ਹੋਰ ਵਿਕਟਾਂ ਗੁਆ ਦਿੱਤੀਆਂ। ਬਾਕੀ ਚਾਰ ਵਿਕਟਾਂ ਦੂਜੇ ਸੈਸ਼ਨ ਵਿੱਚ ਡਿੱਗ ਪਈਆਂ। ਭਾਰਤ ਲਈ ਆਕਾਸ਼ ਦੀਪ ਨੇ 6 ਵਿਕਟਾਂ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਪ੍ਰਸਿਧ ਕ੍ਰਿਸ਼ਨਾ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ।
ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿੱਚ 587 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 269 ਦੌੜਾਂ ਦੀ ਪਾਰੀ ਖੇਡੀ। ਜਵਾਬ ਵਿੱਚ, ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 407 ਦੌੜਾਂ 'ਤੇ ਢੇਰ ਹੋ ਗਈ। ਭਾਰਤ ਨੇ ਆਪਣੀ ਦੂਜੀ ਪਾਰੀ 6 ਵਿਕਟਾਂ 'ਤੇ 427 ਦੌੜਾਂ ਦੇ ਸਕੋਰ 'ਤੇ ਐਲਾਨ ਦਿੱਤੀ। ਗਿੱਲ ਨੇ ਫਿਰ ਤੋਂ ਸਭ ਤੋਂ ਵੱਧ 161 ਦੌੜਾਂ ਬਣਾਈਆਂ।