ਜਲਦ ਸ਼ੁਰੂ ਹੋਵੇਗਾ ਸਵਾਂ ਨਦੀ ਦਾ ਐਲਗਰਾਂ ਪੁਲ, 35-40 ਪਿੰਡਾਂ ਨੂੰ ਮਿਲੇਗੀ ਰਾਹਤ
ਰੂਪਨਗਰ, 19 ਜੂਨ 2025: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਂ ਨਦੀ ਉੱਤੇ ਐਲਗਰਾਂ ਪੁਲ ਦੀ ਮੁਰੰਮਤ ਲਈ ਟੈਂਡਰ ਪਾਸ ਹੋ ਚੁੱਕਿਆ ਹੈ ਅਤੇ ਜਲਦ ਹੀ ਇਸ ਪੁੱਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਨੂਰਪੁਰ ਬੇਦੀ ਦੇ 35-40 ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਕਲਵਾਂ ਤੋਂ ਨੰਗਲ ਸੜਕ ਉੱਪਰ ਪੈਂਦੇ ਐਲਗਰਾਂ ਬ੍ਰਿਜ ਨੂੰ ਦਹਾਕਿਆਂ ਤੋਂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਕੀਤੀ ਗਈ ਨਜ਼ਾਇਜ ਮਾਇਨਿੰਗ ਕਰਕੇ ਜੁਲਾਈ-ਅਗਸਤ 2023 ਦੌਰਾਨ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਨੁਕਸਾਨਿਆ ਗਿਆ ਸੀ, ਇਸ ਉਪਰੰਤ ਇਸ ਪੁੱਲ ਨੂੰ ਦਸੰਬਰ-2023 ਵਿੱਚ ਆਵਾਜਾਈ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਪੁੱਲ ਦੇ ਬੰਦ ਹੋਣ ਨਾਲ ਇਲਾਕੇ ਦੇ 35-40 ਪਿੰਡਾਂ ਤੋਂ ਇਲਾਵਾ ਵਾਇਆ ਨੂਰਪੁਰ ਬੇਦੀ ਤੋਂ ਨੰਗਲ ਸ਼ਹਿਰ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਆਵਾਜਾਈ ਬਿਲਕੁਲ ਬੰਦ ਹੋ ਗਈ ਸੀ। ਜਿਸ ਨਾਲ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਵੀ ਆਉਣ-ਜਾਣ ਲਈ 25-30 ਕਿਲੋਮੀਟਰ ਦਾ ਵਾਧੂ ਸਫਰ ਤੈਅ ਕਰਨਾ ਪੈ ਰਿਹਾ ਸੀ। ਇਸ ਉਪਰੰਤ ਇਲਾਕਾ ਨਿਵਾਸੀਆਂ ਵੱਲੋਂ ਆਵਾਜਾਈ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਇਸ ਨੁਕਸਾਨੇ ਹੋਏ ਪੁੱਲ ਨੂੰ ਜਲਦੀ ਤੋਂ ਜਲਦੀ ਨਵਾਂ ਬਣਾਉਣ ਜਾਂ ਇਸ ਦੀ ਮੁਰੰਮਤ ਕਰਨ ਦੀ ਪੁਰਜੋਰ ਮੰਗ ਕੀਤੀ ਗਈ ਸੀ।
ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਪੁੱਲ ਦੀ ਰਿਪੇਅਰ ਕਰਨ ਲਈ ਪੰਜਾਬ ਮੰਡੀ ਬੋਰਡ ਵਿਭਾਗ ਪਾਸੋਂ ਦਸੰਬਰ - 2024 ਵਿੱਚ 17.56 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਪਤ ਹੋਈ, ਇਸ ਉਪਰੰਤ ਇਸ ਕੰਮ ਦਾ ਅਨੁਮਾਨ ਮੁੱਖ ਦਫਤਰ ਪਾਸੋਂ ਤਕਨੀਕੀ ਤੌਰ ਤੇ ਪ੍ਰਵਾਨ ਕਰਵਾਉਣ ਉਪਰੰਤ ਟੈਂਡਰ ਲਗਾ ਦਿੱਤਾ ਜੋ ਕਿ ਪਾਸ ਹੋ ਗਿਆ ਹੈ ਅਤੇ ਜਲਦ ਹੀ ਏਜੰਸੀ ਨੂੰ ਅਲਾਟ ਕਰਨ ਉਪੰਰਤ ਜਲਦ ਹੀ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਵਿਧਾਇਕ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।