Babushahi Special: ਮਿੱਟੀ ਦੀਆਂ ਜਾਈਆਂ ,ਖੇਤਾਂ ਦੇ ਰਾਹ-ਸਾਹਾਂ ਦੀ ਡੋਰ ਨਾਲ ਉਲਝੀ ਮਜ਼ਦੂਰ ਔਰਤਾਂ ਦੀ ਜ਼ਿੰਦਗੀ
ਅਸ਼ੋਕ ਵਰਮਾ
ਬਠਿੰਡਾ, 18ਜੂਨ 2025: ਪੰਜਾਬ ਦੇ ਪੇਂਡੂ ਖੇਤਰ ਦੀਆਂ ਮਜ਼ਦੂਰ ਔਰਤਾਂ ਖਬਰਾਂ ਅਤੇ ਸਿਆਸੀ ਬਹਿਸ ਦੀ ਦੁਨੀਆਂ ਤੋਂ ਦੂਰ ਆਪਣੇ ਪ੍ਰੀਵਾਰ ਲਈ ਦੋ ਡੰਗ ਦੀ ਰੋਟੀ ਖਾਤਰ ਆਪਣੀ ਜਿੰਦਗੀ ਨੂੰ ਖਪਾਉਣ ਲੱਗੀਆਂ ਹੋਈਆਂ ਹਨ ਫਿਰ ਵੀ ਟੱਬਰਾਂ ਦੇ ਪੰਜ ਪਾਜੇ ਪੂਰੇ ਨਹੀ ਹੋ ਰਹੇ ਹਨ। ਬਹੁਤੇ ਖੇਤ ਮਜ਼ਦੂਰ ਪ੍ਰੀਵਾਰਾਂ ਦੇ ਘਰਾਂ ਵਿੱਚ ਹਾਲਾਤ ਇਹ ਹਨ ਕਿ ਜੇਕਰ ਮਿੱਟੀ ਨਾਲ ਮਿੱਟੀ ਹੋਕੇ ਇੱਕ ਪ੍ਰੀਵਾਰ ਸੌ ਰੁਪਿਆ ਕਮਾਊਂਦਾ ਹੈ ਤਾਂ ਖਰਚ 125 ਰੁਪਏ ਦਾ ਹੈ। ਆਮਦਨ ਅਤੇ ਖਰਚ ਵਿਚਲਾ ਪਾੜਾ ਸਿਰ ਕਰਜੇ ਦੀ ਪੰਡ ਲਗਾਤਾਰ ਭਾਰੀ ਕਰ ਰਿਹਾ ਹੈ ਜਿਸ ਦਾ ਸਿੱਟਾ ਅਕਸਰ ਖੁਦਕਸ਼ੀਆਂ ਦੇ ਰੂਪ ’ਚ ਨਿਕਲਦਾ ਹੈ। ਮਹੱਤਵਪੂਰਨ ਇਹ ਵੀ ਹੈ ਕਿ ਜੋ ਪ੍ਰੀਵਾਰ ਹਿੰਮਤ ਤੇ ਹੌਂਸਲੇ ਨਾਲ ਲੜਾਈ ਲੜਦੇ ਹਨ ਕਰਜਾ ਤਾਂ ਉਨ੍ਹਾਂ ਦਾ ਵੀ ਲੱਥ ਨਹੀਂ ਰਿਹਾ ਹੈ ਜਦੋਂਕਿ ਸਧਾਰਨ ਮਜ਼ਦੂਰਾਂ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ।
ਸਾਲ 2011 ਦੀ ਜਨਗਣਨਾ ਮੁਤਾਬਕ ਪੰਜਾਬ ’ਚ ਖੇਤ ਮਜ਼ਦੂਰਾਂ ਦੀ ਗਿਣਤੀ15,80, 455 ਹੈ। ਇਨ੍ਹਾਂ ਚੋਂ 14,74,732 ਪੇਂਡੂ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਹਨ ਜਦੋਂਕਿ 1,13,723 ਅਜਿਹੇ ਮਜ਼ਦੂਰ ਹਨ, ਜੋ ਸ਼ਹਿਰ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਗੁਜ਼ਾਰਾ ਮੁੱਖ ਰੂਪ ਵਿੱਚ ਖੇਤੀ ਦੇ ਧੰਦੇ ਤੋਂ ਹੀ ਚਲਦਾ ਹੈ। ਅੱਤ ਦੀ ਗਰਮੀ ਦੇ ਬਾਵਜੂਦ ਆਪਣੀਆਂ ਪ੍ਰੀਵਾਰਕ ਜਿੰਮੇਵਾਰੀਆਂ ਦੀ ਪੂਰਤੀ ਲਈ ਨਰੇਗਾ ਤਹਿਤ ਕੰਮ ਕਰਨ ਵਾਲੀਆਂ ਔਰਤਾਂ ਦੀ ਟੋਲੀ ’ਚ ਸ਼ਾਮਲ ਗੁਰਦੇਵ ਕੌਰ ਨੇ ਕਿਹਾ ਕਿ ਜਿੰਦਗੀ ਦੀ ਗੱਡੀ ਤੋਰਨ ਲਈ ਨਿੱਕੇ ਮੋਟੇ ਕੰਮ ਕਰਨ ਦੇ ਨਾਲ ਨਾਲ ਉਹ ਹਰ ਸੰਭਵ ਕੰਮ ਕਰਦੀਆਂ ਹਨ ਫਿਰ ਵੀ ਉਨ੍ਹਾਂ ਦੇ ਜਿਉਣ ਹਾਲਾਤਾਂ ’ਚ ਸੁਧਾਰ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੀਡਰਾਂ ਨੂੰ ਉਨ੍ਹਾਂ ਦੀ ਯਾਦ ਸਿਰਫ਼ ਚੋਣਾਂ ਵੇਲੇ ਆਉਂਦੀ ਹੈ ਅੱਗੋਂ ਪਿੱਛੋ ਤਾਂ ਗਰੀਬਾਂ ਨੂੰ ਕੋਈ ਬੇਰਾਂ ਵੱਟੇ ਵੀ ਨਹੀਂ ਪੁੱਛਦਾ ਹੈ।

ਉਸ ਨੇ ਦੱਸਿਆ ਕਿ ਨਰੇਗਾ ਮਜਦੂਰ ਹੋਣ ਦੇ ਬਾਵਜੂਦ ਜਦੋਂ ਇੰਨ੍ਹੀਂ ਦਿਨੀਂ ਕੰਮ ਹੀ ਨਹਂੀ ਚੱਲਦਾ ਤਾਂ ਫਿਰ ਢਿੱਡ ਦੀ ਖਾਤਰ ਝੋਨਾ ਵੀ ਲਾਉਂਦੀ ਹੈ। ਇਸ ਮਹਿਲਾ ਦੀ ਨੂੰਹ ਜਿਮੀਦਾਰਾਂ ਦੇ ਘਰਾਂ ’ਚ ਗੋਹਾ ਕੂੜਾ ਕਰਦੀ ਹੈ ਅਤੇ ਪੁੱਤ ਖੇਤਾਂ ’ਚ ਦਿਹਾੜੀਆਂ ਕਰਦਾ ਹੈ। ਅੱਜ ਕੱਲ੍ਹ ਇਹ ਸਾਰਾ ਪ੍ਰੀਵਾਰ ਝੋਨਾ ਲਾਉਣ ’ਚ ਰੁੱਝਿਆ ਹੋਇਆ ਹੈ। ਮਹਿਲਾ ਜਸਵੰਤ ਕੌਰ ਤਾਂ ਆਪਣੇ ਮਾਪਿਆਂ ਅਤੇ ਭੈਣ ਭਰਾਵਾਂ ਲਈ ਜ਼ਿੰਦਗੀ ਜੀਅ ਰਹੀ ਹੈ। ਉਸ ਨੇ ਕਿਹਾ ਕਿ ਮਹਿੰਗਾਈ ਦੇ ਦੌਰ ’ਚ ਘਰ ਦਾ ਜੂਨ ਗੁਜਾਰਾ ਮਸਾਂ ਚੱਲਦਾ ਹੈ। ਉਹ ਆਖਦੀ ਹੈ ਕਿ ਜਦੋਂ ਘਰ ਦਾ ਬੋਝ ਆਪਣੇ ਪ੍ਰੀਵਾਰ ਤੋਂ ਵੱਡਾ ਦਿਖਾਈ ਦਿੱਤਾ ਤਾਂ ਉਸ ਨੇ ਖੁਦ ਮਜ਼ਦੂਰੀ ਸ਼ੁਰੂ ਕਰ ਦਿੱਤੀ ਜੋ ਪਿਛਲੇ ਦਸ ਸਾਲ ਤੋਂ ਲਗਾਤਾਰ ਜਾਰੀ ਹੈ। ਪਿਤਾ ਬੱਕਰੀਆਂ ਚਾਰਦਾ ਹੈ ਅਤੇ ਧੀ ਉਸ ਦਾ ਕਮਾਈ ਕਰਨ ਵਾਲਾ ਪੁੱਤ ਬਣੀ ਹੋਈ ਹੈ।
ਇਸੇ ਤਰਾਂ ਮਾਪਿਆਂ ਦਾ ਬੋਝ ਵੰਡਾਉਣ ਲਈ ਇੱਕ ਖੇਤ ਮਜ਼ਦੂਰ ਪ੍ਰੀਵਾਰ ਦੀ ਲੜਕੀ ਨੇ ਦਸਵੀਂ ਮਗਰੋਂ ਪੜ੍ਹਾਈ ਛੱਡ ਦਿੱਤੀ ਹੈ ਜੋਕਿ ਲੰਘੇ ਪੰਜ ਸਾਲਾਂ ਤੋਂ ਨਰੇਗਾ ਮਜ਼ਦੂਰ ਵਜੋਂ ਕੰਮ ਵੀ ਕਰਦੀ ਹੈ ਅਤੇ ਜੂਨ ਮਹੀਨੇ ਪ੍ਰੀਵਾਰ ਨਾਲ ਝੋਨਾ ਲਾਉਣ ਜਾਂਦੀ ਹੈ। ਇਹ ਪ੍ਰੀਵਾਰ ਅੱਜ ਕੱਲ੍ਹ ਸੰਗਰੂਰ ਜਿਲ੍ਹੇ ’ਚ ਝੋਨਾ ਲਾਉਣ ਗਿਆ ਹੋਇਆ ਹੈ। ਇਸ ਲੜਕੀਦਾ ਕਹਿਣਾ ਸੀ ਕਿ ਉਸ ਦੀ ਮਾਂ ਨੇ ਖੇਤ ਮਜ਼ਦੂਰ ਵਜੋਂ ਕੰਮ ਕਰਨ ਤੋਂ ਇਲਾਵਾ ਗੋਹਾ ਕੂੜਾ, ਭਾਂਡੇ ਮਾਂਜਣ ਅਤੇ ਨਰੇਗਾ ਸਮੇਤ ਹਰ ਕੰਮ ਕਰਨ ਨੂੰ ਤਰਜੀਹ ਦਿੱਤੀ ਪਰ ਢੰਗ ਸਿਰ ਰੁਜ਼ਗਾਰ ਨਾਂ ਮਿਲਣ ਕਾਰਨ ਪ੍ਰੀਵਾਰ ਦੀ ਆਰਥਿਕ ਹਾਲਤ ਨਹੀਂ ਸਧਰ ਸਕੀ ਹੈ। ਖੇਤ ਮਜ਼ਦੂਰ ਪ੍ਰੀਵਾਰਾਂ ਨਾਲ ਸਬੰਧਤ ਦੋ ਸਕੀਆਂ ਭੈਣਾਂ ਪੜ੍ਹਨ ਦੇ ਬਾਵਜੂਦ ਇੰਨ੍ਹੀਂ ਦਿਨੀਂ ਝੋਨੇ ਦੀ ਬਿਜਾਈ ਕਰਨ ਲੱਗੀਆਂ ਹੋਈਆਂ ਹਨ ਜਿੰਨ੍ਹਾਂ ਨੇ ਸੰਗ ਕਾਰਨ ਆਪਣੇ ਨਾਂ ਦੱਸਣ ਤੋਂ ਵੀ ਪਾਸਾ ਵੱਟ ਲਿਆ।
ਝੋਨਾ ਲਾਉਣ ਵਾਲੀ ਟੋਲੀ ਵਿੱਚ ਸ਼ਾਮਲ ਇੱਕ ਮੁਟਿਆਰ ਲੜਕੀ ਨੇ ਕਿਹਾ ਕਿ ਉਸ ਨੂੰ ਸੱਤਵੀਂ ਕਲਾਸ ਵਿੱਚੋਂ ਇਸ ਕਰਕੇ ਹਟਣਾ ਪਿਆ ਕਿ ਹਾਲਾਤ ਐਨੇ ਮਾੜੇ ਹੋ ਗਏ ਸਨ ਕਿ ਕਈ ਵਾਰ ਘਰ ਖਾਣ ਜੋਗਾ ਆਟਾ ਵੀ ਨਹੀਂ ਹੁੰਦਾ ਸੀ। ਇਹ ਲੜਕੀ ਆਪਣੀ ਮਾਂ ਨਾਲ ਗੋਹਾ ਕੂੜਾ ਕਰਨ ਵੀ ਜਾਂਦੀ ਹੈ ਤਾਂ ਵੀ ਰੋਟੀ ਔਖੀ ਬਣਦੀ ਹੈ। ਉਸ ਨੇ ਕਿਹਾ ਕਿ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਉਸ ਦੀ ਮਾਂ ਨੂੰ ਸਰਕਾਰਾਂ ਨੇ ਪੈਨਸ਼ਨ ਦੇ ਯੋਗ ਵੀ ਨਹੀਂ ਸਮਝਿਆ ਹੈ। ਇਹ ਕੁੱਝ ਮਿਸਾਲਾਂ ਹਨ ਸਮੁੱਚੇ ਪੰਜਾਬ ਦੀ ਗਿਣਤੀ ਕਰੀਏ ਤਾਂ ਇਹ ਅੰਕੜਾ ਹਜ਼ਾਰਾਂ ’ਚ ਬਣਦਾ ਹੈ। ਖੇਤ ਮਜਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਪ੍ਰਤੀਕਰਮ ਹੈ ਕਿ ਦਰਜਨਾਂ ਖੇਤ ਮਜ਼ਦੂਰ ਪ੍ਰੀਵਾਰ ਆਰਥਿਕਤਾ ਦੇ ਪੱਖ ਤੋਂ ਕਾਫੀ ਨਾਜ਼ੁਕ ਹਾਲਾਤਾਂ ਚੋਂ ਲੰਘ ਰਹੇ ਹਨ ਪਰ ਸਰਕਾਰ ਨੇ ਚੁੱਪ ਵੱਟੀ ਹੋਈ ਹੈ।
ਸਿਆਸੀ ਧਿਰਾਂ ਨੂੰ ਦਿਸਣ ਵੋਟਾਂ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਅਸਲ ’ਚ ਦਲਿਤ ਅਤੇ ਗਰੀਬ ਪ੍ਰੀਵਾਰ ਸਰਕਾਰਾਂ ਦੇ ਏਜੰਡੇ ਤੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਵੀ ਖੇਤ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਨੂੰ ਤਰਜੀਹ ਬਨਾਉਣ ਦੀ ਥਾਂ ਵੋਟ ਬੈਂਕ ਵਜੋਂ ਹੀ ਦੇਖਦੀਆਂ ਆ ਰਹੀਆਂ ਹਨ ਹਨ ਜਿਸ ਕਰਕੇ ਮਿਹਨਤ ਮੁਸ਼ੱਕਤ ਦੇ ਬਾਵਜੂਦ ਇੰਨ੍ਹਾਂ ਪ੍ਰੀਵਾਰਾਂ ਦੀ ਜਿੰਦਗੀ ਕਚਰਾ ਬਣੀ ਹੋਈ ਹੈ।