ਬਠਿੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ
ਅਸ਼ੋਕ ਵਰਮਾ
ਬਠਿੰਡਾ, 19 ਜੂਨ 2025 : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਪੰਜਾਬ ਜੇਲ੍ਹ ਰੂਲਜ਼, 2022 ਤਹਿਤ ਜੇਲ੍ਹਾ ਵਿੱਚ ਲਾਗੂ ਹੋਣ ਵਾਲੇ ਕਿਸੇ ਹੋਰ ਕਾਨੂੰਨ ਦੇ ਅਧੀਨ ਕੇਂਦਰੀ ਜੇਲ੍ਹ ਬਠਿੰਡਾ ਅੰਦਰ ਗੈਰ ਕਾਨੂੰਨੀ ਅਪਰਾਧਿਕ ਗਤੀਵਿਧੀਆਂ ਅਤੇ ਅਜਿਹੀਆਂ ਪਾਬੰਦੀਸ਼ੁਦਾ ਵਸਤੂਆਂ ਰੱਖਣ ’ਤੇ ਪੂਰਨ ਰੋਕ ਲਗਾਈ ਜਾਂਦੀ ਹੈ।
ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ’ਚ ਮੌਜ਼ੂਦ ਹਵਾਈ ਅੱਡੇ ਦੇ ਘੇਰੇ ਤੋਂ ਦੋ ਕਿਲੋਮੀਟਰ ਅੰਦਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਆਦਿ ਦੀ ਵਰਤੋਂ ’ਤੇ ਰੋਕ ਲਗਾਈ ਹੈ।
ਜਾਰੀ ਹੁਕਮ ਅਨੁਸਾਰ ਸ਼ਡਿਊਲ 'ਐਕਸ' ਤੇ 'ਐਚ' ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਹਦਾਇਤ ਕੀਤੀ। ਹੁਕਮ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਮੈਡੀਕਲ/ਕੈਮਿਸਟ/ਫਾਰਮੇਸੀ ਦੀਆਂ ਦੁਕਾਨਾਂ, ਡਰੱਗਜ਼ ਐਂਡ ਕਾਸਮੈਟਿਕਸ ਰੂਲਜ਼ 1945 ਦੇ ਨਿਯਮ 9 ਦੇ ਅਨੁਸਾਰ ਸ਼ਡਿਊਲ ਐਕਸ ਅਤੇ ਐੱਚ ਦਵਾਈਆਂ ਦੀ ਵਿਕਰੀ ਕਰਦੀਆਂ ਹਨ, ਉਨ੍ਹਾਂ ਦੁਕਾਨਾਂ ਦੇ ਬਾਹਰ ਤੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਯਕੀਨੀ ਬਣਾਉਣ।
ਹੋਰ ਹੁਕਮ ਅਨੁਸਾਰ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ। ਜਾਰੀ ਆਦੇਸ਼ਾਂ ’ਚ ਉਨ੍ਹਾਂ ਕਿਹਾ ਕਿ ਬਹੁ-ਮੰਤਵੀ ਖੇਡ ਸਟੇਡੀਅਮ ਕੋਲ ਟਰੱਕ ਖੜੇ ਹੋਣ ਕਾਰਨ ਐਮ.ਐਸ.ਡੀ. ਸਕੂਲ ਅਤੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਟਰੱਕਾਂ ਕਰਕੇ ਸਕੂਲਾਂ ਦੀਆਂ ਵੈਨਾ, ਬੱਸਾਂ, ਰਿਕਸ਼ੇ ਆਦਿ ਦਾ ਐਕਸੀਡੈਂਟ ਹੋਣ ਦਾ ਖਦਸਾ ਰਹਿੰਦਾ ਹੈ। ਇਨਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਹਨੂਮਾਨ ਚੌਂਕ ਦੇ ਆਸ ਪਾਸ ਗੋਨਿਆਣਾ ਰੋਡ ਅਤੇ ਖੇਡ ਸਟੇਡੀਅਮ ਰੋਡ ’ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ।
ਇਨ੍ਹਾਂ ਇਲਾਕਿਆਂ ’ਚ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 1 ਤੋਂ 3 ਵਜੇ ਤੱਕ ਕਿਸੇ ਵੀ ਟਰੱਕ ਨੂੰ ਚਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਐਮ.ਐਸ.ਡੀ. ਸਕੂਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਕਿ ਛੁੱਟੀ ਸਮੇਂ ਆਪਣੇ ਵਿਦਿਆਰਥੀਆਂ ਨੂੰ ਸਕੂਲ ਦੇ ਕੰਪਾਉਂਡ ਵਿਚੋਂ ਹੀ ਰਿਕਸ਼ਾ, ਗੱਡੀ ਆਦਿ ਵਿਚ ਸੁਰੱਖਿਅਤ ਰੂਪ ਵਿਚ ਚੜਾਉਣਗੇ। ਉਨ੍ਹਾਂ ਕਿਹਾ ਕਿ ਸਕੂਲ ਤੋਂ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਉਣ ਵਾਲੇ ਰਿਕਸ਼ਾ ਅਤੇ ਗੱਡੀਆਂ ਸਕੂਲ ਦੇ ਬਾਹਰ ਸੜਕ ਜਾਂ ਸੜਕ ਦੇ ਕਿਨਾਰੇ ਪਾਰਕ ਨਹੀਂ ਕੀਤੇ ਜਾਣਗੇ।
ਹੁਕਮ 9 ਅਗਸਤ 2025 ਤੱਕ ਲਾਗੂ ਰਹਿਣਗੇ।