ਅਚਨਚੇਤ ਬਾਰਿਸ਼ ਨਾਲ ਮੰਡੀ ਜਲਥਲ, ਕਿਸਾਨਾਂ ਦੀ ਫਸਲ ਭਿੱਜੀ
ਰਵਿੰਦਰ ਸਿੰਘ
ਮਾਛੀਵਾੜਾ, 17 ਜੂਨ 2025:
ਦੁਪਹਿਰ ਅਚਾਨਕ ਹੋਈ ਤੇਜ਼ ਬਾਰਿਸ਼ ਕਾਰਨ ਮਾਛੀਵਾੜਾ ਅਨਾਜ ਮੰਡੀ ਪੂਰੀ ਤਰ੍ਹਾਂ ਜਲਥਲ ਹੋ ਗਈ। ਮੰਡੀ ਵਿੱਚ ਵਿਕਣ ਆਈ ਕਿਸਾਨਾਂ ਦੀ ਮੱਕੀ ਫਸਲ ਭਿੱਜਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ। ਇਸ ਮੌਕੇ ਤੇ ਮੰਡੀ ਵਿੱਚ ਮੌਜੂਦ ਕਿਸਾਨ ਦਵਿੰਦਰ ਸਿੰਘ ਅਤੇ ਤਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਚਨਚੇਤ ਮੀਂਹ ਉਨ੍ਹਾਂ ਲਈ ਮਾੜੀ ਘਟਨਾ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਮੰਡੀ ਵਿਚ ਸੀਵਰੇਜ ਸੁਚਾਰੂ ਢੰਗ ਨਾਲ ਨਾ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਕਾਰਨ ਫਸਲ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ। ਭਾਵੇਂ ਆੜ੍ਹਤੀਆ ਵਲੋਂ ਮਜ਼ਦੂਰਾਂ ਨੂੰ ਤਰਪਾਲਾਂ ਆਦਿ ਦੇ ਕੇ ਫਸਲ ਢੱਕ ਦਿੱਤਾ ਪਰ ਤੇਜ਼ ਆਈ ਹਨ੍ਹੇਰੀ ਕਾਰਨ ਸਭ ਕੁਝ ਉੱਡ ਗਿਆ ਤੇ ਫਸਲ ਖ਼ਰਾਬ ਹੋ ਗਈ।
ਕਿਸਾਨਾਂ ਨੇ ਕਿਹਾ ਕਿ ਇਸ ਅਚਨਚੇਤ ਮੀਂਹ ਕਾਰਨ ਭਾਵੇਂ ਮੱਕੀ ਦੀ ਫਸਲ ਖ਼ਰਾਬ ਹੋ ਗਈ ਪਰ ਉੱਥੇ ਦੂਜੇ ਪਾਸੇ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਿਤ ਹੋਈ ਜਿਸ ਨਾਲ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਤੋਂ ਆਮ ਲੋਕਾਂ ਦੇ ਨਾਲ ਨਾਲ ਪਸ਼ੂ, ਪੰਛੀਆਂ ਨੂੰ ਵੀ ਰਾਹਤ ਮਿਲੀ ਹੈ। ਆੜ੍ਹਤੀਆ ਐਸੋਸ਼ੀਏਸ਼ਨ ਦੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿੱਕੀ ਨੇ ਕਿਹਾ ਕਿ ਅਚਾਨਕ ਆਏ ਮੀਂਹ ਕਾਰਨ ਮੰਡੀ ਵਿਚ ਪਹੁੰਚੀ ਮੱਕੀ ਦੀ ਫਸਲ ਕਾਫ਼ੀ ਹੱਦ ਤੱਕ ਸੰਭਾਲੀ ਗਈ ਸੀ ਪਰ ਤੇਜ਼ ਹਵਾ ਅੱਗੇ ਅਸੀਂ ਬੇਵੱਸ ਹੋ ਗਏ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੀ ਫਸਲ ਆਉਣ ਵਾਲੇ ਦਿਨਾਂ ਵਿਚ ਸੰਭਾਲ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਕੋਲ ਮਜ਼ਦੂਰਾਂ ਦੀ ਘਾਟ ਨਹੀਂ ਹੈ ਪਰ ਫਿਰ ਵੀ ਉਹ ਕੁਦਰਤ ਅੱਗੇ ਬੇਵੱਸ ਹੋ ਜਾਂਦੇ ਹਨ।