ਸਾਬਕਾ IAS ਪਰਮਪਾਲ ਕੌਰ SAD 'ਚ ਮਾਲੂਕਾ ਦੀ ਵਾਪਸੀ 'ਤੇ ਬੋਲੇ : ਬਾਦਲ ਪਰਿਵਾਰ ਦੀ ਅਗਵਾਈ ਕਬੂਲ ਨਹੀਂ, BJP 'ਚ ਹੀ ਰਹਾਂਗੇ
ਬਲਜੀਤ ਬੱਲੀ
ਬਠਿੰਡਾ, 16 ਜੂਨ 2025:
ਸਾਬਕਾ IAS ਅਫਸਰ ਅਤੇ ਬਠਿੰਡਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਸਾਫ ਕਰ ਦਿੱਤਾ ਹੈ ਕਿ ਸਿਕੰਦਰ ਸਿੰਘ ਮਲੂਕਾ ਦੇ ਅਕਾਲੀ ਦਲ ਵਿੱਚ ਮੁੜ ਸ਼ਾਮ ਹੋਣ ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਕਿਓਂ ਕਿ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ ਪਰ ਉਹ ਬਾਦਲ ਪਰਿਵਾਰ ਦੀ ਅਗਵਾਈ ਕਦੇ ਵੀ ਕਬੂਲ ਨਹੀਂ ਕਰਨਗੇ ਅਤੇ ਆਪਣੀ ਭਾਰਤੀ ਜਨਤਾ ਪਾਰਟੀ (ਭਾਜਪਾ) ਚ ਰਹਿਣਗੇ । ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਉਨ੍ਹਾਂ ਦੇ ਫੈਸਲੇ ਤੇ ਕਿੰਤੂ ਨਹੀਂ ਕਰਦੇ ਪਰ ਸਾਡਾ ਰਾਜਨੀਤਿਕ ਰਾਹ ਵੱਖਰਾ ਹੈ। ਅਸੀਂ ਭਾਜਪਾ ਦੀ ਅਗਵਾਈ ਅਤੇ ਦਿਸ਼ਾ ਉੱਤੇ ਭਰੋਸਾ ਕਰਦੇ ਹਾਂ।”
ਬਬੂਸ਼ਾਹੀ ਨੈਟਵਰਕ ਨਾਲ ਵਿਸ਼ੇਸ਼ ਗੱਲਬਾਤ ਦੌਰਾਨ, ਪਰਮਪਾਲ ਕੌਰ ਨੇ ਆਪਣੇ ਸਹੁਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਾਲੂਕਾ ਦੀ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ‘ਤੇ ਕਿਹਾ, “ਮਾਲੂਕਾ ਸਾਹਿਬ ਨੇ ਮੈਨੂੰ ਅਤੇ ਮੇਰੇ ਪਤੀ ਨੂੰ ਆਪਣਾ ਫੈਸਲਾ ਦੱਸਿਆ ਸੀ। ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ, ਜਿਸ ਉੱਤੇ ਸਾਨੂੰ ਕੋਈ ਗਿਲਾ ਨਹੀਂ। ਪਰ ਅਸੀਂ ਭਾਜਪਾ ‘ਚ ਰਹਾਂਗੇ ਤੇ ਬਾਦਲਾਂ ਦੀ ਅਗਵਾਈ ਨਹੀਂ ਮੰਨਦੇ।”
ਉਨ੍ਹਾਂ ਨੇ ਆਪਣੀ ਭਾਜਪਾ ਪ੍ਰਤੀ Committment ਨੂੰ ਦੁਹਰਾਇਆ: “ਮੈਂ ਭਾਜਪਾ ਵਿਚ ਨੈਤਿਕ ਅਸੂਲਾਂ ਦੇ ਆਧਾਰ ਤੇ ਸ਼ਾਮਲ ਹੋਈ ਹਾਂ। ਸਾਡੀ ਸੋਚ ਹੁਣ ਵੱਖਰੀ ਹੈ.
2010 ਬੈਚ ਦੀ IAS ਅਫਸਰ ਪਰਮਪਾਲ ਕੌਰ ਨੇ ਸਵੈ ਇੱਛਾ ਅਨੁਸਾਰ ਅਸਤੀਫਾ ਦੇ ਕੇ ਰਾਜਨੀਤੀ ਵਿਚ ਪਰਵੇਸ਼ ਕੀਤਾ। ਜਦੋਂ ਉਨ੍ਹਾਂ ਨੂੰ ਬਠਿੰਡਾ ਤੋਂ ਭਾਜਪਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਤਾਂ ਉਹ ਚਰਚਾ ਵਿਚ ਆ ਗਈਆਂ—ਇਹ ਸੀਟ ਬਾਦਲ ਪਰਿਵਾਰ ਦਾ ਕਿਲ੍ਹਾ ਮੰਨੀ ਜਾਂਦੀ ਰਹੀ ਹੈ।
ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਾਲੂਕਾ, ਜੋ ਸਿਕੰਦਰ ਸਿੰਘ ਮਾਲੂਕਾ ਦੇ ਪੁੱਤਰ ਹਨ, ਅਕਾਲੀ ਰਾਜਨੀਤੀ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਨੇ 2024 ਦੀ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਲਈ ਚੁਣਾਵੀ ਮੁਹਿੰਮ ਚਲਾਈ ਅਤੇ SAD ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਖੁੱਲ੍ਹੇ ਆਮ ਕੈਂਪੇਨ ਕੀਤੀ।
ਸਿਕੰਦਰ ਸਿੰਘ ਮਾਲੂਕਾ, ਜੋ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸਾਬਕਾ ਅਕਾਲੀ ਮੰਤਰੀ ਰਹੇ ਹਨ, ਬਾਦਲ ਪਰਿਵਾਰ ਦੇ ਕਰੀਬੀ ਸਨ, ਪਰ ਪਿਛਲੇ ਇੱਕ ਸਾਲ ਤੋਂ ਰਾਜਨੀਤੀ ਚ ਗੈਰ-ਸਰਗਰਮ ਰਹੇ। ਉਨ੍ਹਾਂ ਨੂੰ ਬਾਗੀ ਅਕਾਲੀ ਧੜੇ ਨਾਲ ਜੁੜਾਅ ਕਾਰਨ SAD ਤੋਂ ਕੱਢ ਦਿੱਤਾ ਗਿਆ ਸੀ। ਹੁਣ SAD ਵਿੱਚ ਉਨ੍ਹਾਂ ਦੀ ਵਾਪਸੀ ਨਾਲ ਅਕਾਲੀ ਦਲ ਦੀ ਅੰਦਰੂਨੀ ਗੁਟਬੰਦੀ ਅਤੇ ਵਿਰਾਸਤੀ ਰਾਜਨੀਤੀ ਨੂੰ ਲੈ ਕੇ ਚਰਚਾ ਹੋ ਰਹੀ ਹੈ।
15 ਜੂਨ 2025 ਨੂੰ ਬਬੂਸ਼ਾਹੀ ਨੈਟਵਰਕ ਦੇ ਐਡੀਟਰ ਬਲਜੀਤ ਬੱਲੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ, ਮਾਲੂਕਾ ਨੇ ਅਕਾਲੀ-ਭਾਜਪਾ ਗਠਜੋੜ ਦੀ ਬਹਾਲੀ ਦੀ ਲੋੜ ਉੱਤੇ ਜ਼ੋਰ ਦਿੱਤਾ।
Click to Follow Babushahi Facebook page →