ਅਹਿਮਦਾਬਾਦ ਜਹਾਜ਼ ਹਾਦਸੇ ਮਗਰੋਂ ਦੀ ਇਕ ਹੋਰ ਵੀਡੀਓ ਹੋਈ ਵਾਇਰਲ
ਅਹਿਮਦਾਬਾਦ : ਅਹਿਮਦਾਬਾਦ ਜਹਾਜ਼ ਹਾਦਸੇ ਦੇ ਇਕਲੌਤੇ ਬਚੇ ਵਿਸ਼ਵਾਸ ਕੁਮਾਰ ਰਮੇਸ਼ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੂੰ ਉਸੇ ਪਾਸੇ ਤੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ ਜਿੱਥੋਂ ਜਹਾਜ਼ ਹਾਦਸੇ ਤੋਂ ਬਾਅਦ ਧੂੰਆਂ ਅਤੇ ਅੱਗ ਨਿਕਲ ਰਹੀ ਹੈ। ਉਸਦੇ ਆਲੇ-ਦੁਆਲੇ ਹਫੜਾ-ਦਫੜੀ ਹੈ। 40 ਸਾਲਾ ਭਾਰਤੀ-ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਉਨ੍ਹਾਂ 242 ਲੋਕਾਂ ਵਿੱਚੋਂ ਇੱਕ ਸੀ ਜੋ ਹਾਦਸੇ ਸਮੇਂ ਜਹਾਜ਼ ਵਿੱਚ ਸਵਾਰ ਸਨ। ਹਾਲਾਂਕਿ, ਇਸ ਦੁਖਦਾਈ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ, ਸਿਰਫ ਵਿਸ਼ਵਾਸ ਕੁਮਾਰ ਬਚਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁਬਾਰ ਨਿਕਲਦੇ ਦੇਖੇ ਜਾ ਸਕਦੇ ਹਨ। ਵਿਸ਼ਵਾਸ ਕੁਮਾਰ ਵੀ ਉਸੇ ਪਾਸਿਓਂ ਪੈਦਲ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਹੋਰ ਲੋਕਾਂ ਵਿੱਚ ਦਹਿਸ਼ਤ ਹੈ। ਵਿਸ਼ਵਾਸ ਕੁਮਾਰ ਏਅਰ ਇੰਡੀਆ ਦੀ ਉਡਾਣ ਵਿੱਚ ਸੀਟ ਨੰਬਰ 11A 'ਤੇ ਬੈਠੇ ਸਨ ਅਤੇ ਜਿਸ ਤਰ੍ਹਾਂ ਉਹ ਇਸ ਹਾਦਸੇ ਵਿੱਚ ਬਚ ਗਏ, ਉਸਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ ਹੈ।