ਬਾਜ਼ੀ ਮਾਰ ਗਏ ਚੀਨ ਵਾਲੇ...ਬਾਕੀ ਰਹਿ ਗਏ ਹਾਲ (ਭਾਅ) ਪੁੱਛਦੇ
ਨਿਊਜ਼ੀਲੈਂਡ ਵੱਲੋਂ ਨਵੰਬਰ ਤੋਂ ਆਸਟਰੇਲੀਆ ਤੋਂ ਆਉਣ ਵਾਲੇ ਚੀਨੀ ਸੈਲਾਨੀਆਂ ਲਈ ਤਿੰਨ ਮਹੀਨੇ ਲਈ ਵੀਜ਼ਾ ਛੋਟਾਂ ਦਾ ਐਲਾਨ
-ਚੀਨ ਵਾਲਿਆਂ ਕੋਲ ਜੇਕਰ ਆਸਟਰੇਲੀਆ ਦਾ ਵਿਜ਼ਟਰ, ਵਰਕ, ਵਿਦਿਆਰਥੀ ਅਤੇ ਫੈਮਿਲੀ ਵੀਜ਼ਾ ਹੈ ਤਾਂ ਨਿਊਜ਼ੀਲੈਂਡ ਦਾ ਗੇੜਾ ਬਿਨਾਂ ਵੀਜ਼ਾ ਕੀਤਾ
ਔਕਲੈਂਡ 15 ਜੂਨ 2025 (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਨਵੰਬਰ ਤੋਂ ਆਸਟਰੇਲੀਆ ਤੋਂ ਆਉਣ ਵਾਲੇ ਚੀਨੀ ਸੈਲਾਨੀਆਂ ਲਈ ਵੀਜ਼ਾ ਛੋਟਾਂ ਦੀ ਅਜ਼ਮਾਇਸ਼ ਕੀਤੀ ਜਾਵੇਗੀ। ਵੀਜ਼ਾ ਛੋਟ ਸਥਿਤੀ ਵਿੱਚ ਬਦਲਾਅ ਸਿਰਫ਼ ਉਨ੍ਹਾਂ ਚੀਨੀ ਪਾਸਪੋਰਟ ਧਾਰਕਾਂ ’ਤੇ ਲਾਗੂ ਹੋਣਗੇ ਜਿਨ੍ਹਾਂ ਕੋਲ ਵੈਧ ਆਸਟਰੇਲੀਆਈ ਵਿਜ਼ਟਰ, ਕੰਮ, ਵਿਦਿਆਰਥੀ ਜਾਂ ਪਰਿਵਾਰਕ ਵੀਜ਼ਾ ਹੈ ਅਤੇ ਇਹ ਤਿੰਨ ਮਹੀਨਿਆਂ ਤੱਕ ਦੇ ਠਹਿਰਨ ਲਈ ਯੋਗ ਹੋਣਗੇ।
ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਕਿਹਾ ਕਿ ‘‘ਨਿਊਜ਼ੀਲੈਂਡ ਸਰਕਾਰ ਚੀਨੀ ਸੈਲਾਨੀਆਂ ਨੂੰ ਆਪਣੇ ਦੇਸ਼ ਵੱਲ ਖਿੱਚਣ ਲਈ ਆਕਰਸ਼ਿਤ ਕਰ ਰਹੀ ਹੈ। 2024 ਵਿੱਚ 240,000 ਤੋਂ ਵੱਧ ਚੀਨੀ ਵਿਜ਼ਟਰ ਵੀਜ਼ੇ ਦਿੱਤੇ ਗਏ ਸਨ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਗਿਣਤੀ ਵਧੇ। ਇਸ ਸੌਖ ਨਾਲ ਉਨ੍ਹਾਂ ਲਈ ਤਸਮਾਨ ਪਾਰ ਕਰਨਾ ਅਤੇ ਸਾਡੇ ਦੇਸ਼ ਅੰਦਰ ਆਉਣਾ ਆਸਾਨ, ਸਸਤਾ ਅਤੇ ਤੇਜ਼ ਹੋ ਜਾਵੇਗਾ। ਇਹ ਪ੍ਰਯੋਗ 12 ਮਹੀਨਿਆਂ ਤੱਕ ਚੱਲੇਗਾ ਅਤੇ ਸਾਡੀਆਂ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਹੋਰ ਸੁਧਾਰ ਕੀਤੇ ਜਾਣਗੇ ਜਿਸ ਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਲਈ ਇਹ ਆਸਾਨ ਹੋ ਜਾਵੇਗਾ।’’
ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਨੂੰ ਹੁਣ ਆਪਣੇ ਦਸਤਾਵੇਜ਼ ਅਨੁਵਾਦ ਪ੍ਰਮਾਣਿਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜਿਸ ਬਾਰੇ ਸਟੈਨਫੋਰਡ ਨੇ ਕਿਹਾ ਕਿ ਸਾਰੇ ਬਿਨੈਕਾਰਾਂ ਲਈ ਵਾਧੂ ਅਨੁਵਾਦ ਫੀਸਾਂ ਨੂੰ ਹਟਾ ਦਿੱਤਾ ਜਾਵੇਗਾ। ਸਰਕਾਰ ਦਾ ਇਹ ਐਲਾਨ ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਸਮੇਤ ਚੀਨੀ ਸੈਲਾਨੀਆਂ ਲਈ ਵੀਜ਼ਾ ਜ਼ਰੂਰਤਾਂ ਨੂੰ ਸੌਖਾ ਬਣਾਉਣ ਅਤੇ ਨਿਊਜ਼ੀਲੈਂਡ ਵਾਸੀਆਂ ਨੂੰ ਚੀਨ ਜਾਣ ਲਈ ਵੀਜ਼ਾ-ਮੁਕਤ ਪਹੁੰਚ ਦੇਣ ਦੀਆਂ ਮੰਗਾਂ ਤੋਂ ਬਾਅਦ ਆਇਆ ਹੈ।
ਭਾਰਤ ਕਿਉਂ ਨਹੀਂ? ਆਬਾਦੀ ਪੱਖੋਂ ਤਾਂ ਭਾਰਤ ਪੂਰੇ ਵਿਸ਼ਵ ਵਿਚ ਅੱਗ ਹੈ ਅਤੇ ਆਬਾਦੀ 1.46 ਬਿਲੀਅਨ ਤੋਂ ਟੱਪ ਗਈ ਹੈ, ਪਰ ਨਿਊਜ਼ੀਲੈਂਡ ਨੂੰ ਵਿਜ਼ਟਰ ਸਿਰਫ ਚੀਨ ਵਾਲੇ ਇਸ ਵੇਲੇ ਚੰਗੇ ਲਗਦੇ ਹਨ। ਇਸ ਐਲਾਨ ਤੋਂ ਬਾਅਦ ਕਈਆਂ ਨੂੰ ਮਿਸ ਪੂਜਾ ਦਾ ਇਹ ਗਾਣਾ ਜ਼ਰੂਰ ਚੇਤੇ ਆ ਸਕਦਾ ਹੈ ਕਿ ‘ਕਈ ਕਰ ਕਰ ਮਿਨੰਤਾ ਮਨਾਉਂਦੇ ਰਹੇ ਅਤੇ ਕਈ ਰਹਿ ਗਏ ਉਂਝ ਰੁਸਦੇ, ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗਭਰੂ ਤੇ ਬਾਕੀ ਰਹਿ ਗਏ ਹਾਲ ਪੁੱਛਦੇ।’