ਨਵੇਂ ਬਣੇ 50 ਬੈਡਾਂ ਦੇ ਹਸਪਤਾਲ 'ਚ ਲੋੜਵੰਦ ਮਰੀਜ਼ਾਂ ਨੂੰ ਵਿਆਪਕ ਪੱਧਰ 'ਤੇ ਮਿਆਰੀ ਸਿਹਤ ਸੇਵਾਵਾਂ ਇਲਾਕੇ 'ਚ ਹੀ ਮਿਲਣਗੀਆਂ: ਡਾ. ਚਰਨਜੀਤ ਸਿੰਘ
ਵਿਧਾਇਕ ਨੇ ਸਬ ਡਵੀਜ਼ਨਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦਾ ਅਚਨਚੇਤ ਨਿਰੀਖਣ ਕਰਦਿਆਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਕੀਤਾ ਨਿਰੀਖਣ
ਸ੍ਰੀ ਚਮਕੌਰ ਸਾਹਿਬ, 16 ਜੂਨ: ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਸਬ ਡਵੀਜ਼ਨਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦਾ ਅਚਨਚੇਤ ਦੌਰਾ ਕਰਦਿਆਂ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਹਸਪਤਾਲ ਦੀ ਓ.ਪੀ.ਡੀ, ਜਨਰਲ ਵਾਰਡ, ਅਮਰਜੈਂਸੀ ਵਾਰਡ ਅਤੇ ਓਟ ਸੈਂਟਰ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਦਾਖਲ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲਈ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਦੇ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਦਾ ਸੁਧਾਰ ਕਰਨ ਦੇ ਨਾਲ ਹੋਰ ਲੋੜਾਂ ਨੂੰ ਵੀ ਪੂਰਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇੱਥੋਂ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ।
ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼੍ਰੀ ਚਮਕੌਰ ਸਾਹਿਬ ਵਿਖੇ ਨਵੇਂ ਬਣੇ 50 ਬੈਡਾਂ ਦੇ ਹਸਪਤਾਲ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਂਵਾ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਇਸ ਨਵੇਂ ਹਸਪਤਾਲ ਦੇ ਨਿਰਮਾਣ ਨਾਲ ਨਾ ਸਿਰਫ ਸਿਹਤ ਸੇਵਾਵਾਂ ਨੂੰ ਬਿਹਤਰ ਕੀਤਾ ਜਾਵੇਗਾ, ਬਲਕਿ ਸ਼੍ਰੀ ਚਮਕੌਰ ਸਾਹਿਬ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਲੋੜਵੰਦ ਮਰੀਜ਼ਾਂ ਨੂੰ ਵਿਆਪਕ ਪੱਧਰ ਉੱਤੇ ਮਿਆਰੀ ਸਿਹਤ ਸੇਵਾਵਾਂ ਇਲਾਕੇ ਵਿੱਚ ਹੀ ਮਿਲਣਗੀਆਂ।
ਇਸ ਮੌਕੇ ਸਿਹਤ ਵਿਭਾਗ ਦੇ ਸਟਾਫ਼ ਨਾਲ ਮੀਟਿੰਗ ਕਰਦਿਆਂ ਹਲਕਾ ਵਿਧਾਇਕ ਨੇ ਹਸਪਤਾਲ ਦੇ ਹਰ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਡਾਕਟਰੀ ਪੇਸ਼ਾ ਇੱਕ ਬਹੁਤ ਹੀ ਸਤਿਕਾਰਤ ਅਤੇ ਸੇਵਾ ਭਾਵਨਾ ਵਾਲਾ ਕਿੱਤਾ ਹੈ ਅਤੇ ਹਸਪਤਾਲ ਦੇ ਸਮੂਹ ਸਟਾਫ਼ ਨੂੰ ਆਪਣੇ ਪੇਸ਼ੇ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਹਰ ਹੀਲੇ ਬਹਾਲ ਰੱਖਦੇ ਹੋਏ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਪਹੁੰਚੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ।
ਇਸ ਨਵੇਂ ਸਥਾਪਿਤ ਕੀਤੇ ਹਸਪਤਾਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੋ ਮੰਜਿਲਾਂ ਹਸਪਤਾਲ ਦੀ ਇਮਾਰਤ ਵਿੱਚ ਐਂਮਰਜੈਂਸੀ ਸੇਵਾਵਾਂ, ਲੇਬਰ ਰੂਮ, ਓਪਰੇਸ਼ਨ ਥਿਏਟਰ, ਡਾਕਟਰਾਂ ਦੇ ਓ.ਪੀ.ਡੀ ਕਮਰੇ, ਐਕਸ-ਰੇ ਰੂਮ, ਆਈ.ਸੀ.ਟੀ.ਸੀ ਲੈਬ, ਲੈਬੋਰੇਟਰੀ, ਪਰਿਵਾਰ ਨਿਯੋਜਨ, ਟੀਕਾਕਰਨ ਰੂਮ, ਕੋਲਡ ਚੇਨ ਪੋਆਇੰਟ, ਨਰਸਿੰਗ ਸਟੇਸ਼ਨ, ਮਰੀਜਾਂ ਲਈ ਵਾਰਡ, ਟ੍ਰੇਨਿੰਗ ਮੀਟਿੰਗ ਹਾਲ, ਐਸ.ਐਮ.ਓ ਦਫ਼ਤਰ, ਸੈਂਪਲ ਕਲੈਕਸ਼ਨ ਰੂਮ, ਮਾਈਨਰ ਓ.ਟੀ, ਐਕਲੈਂਪਸੀਆ ਰੂਮ, ਰਜਿਸਟ੍ਰੇਸ਼ਨ ਕਾਊਂਟਰ, ਦਵਾਈਆਂ, ਈ.ਸੀ.ਜੀ ਰੂਮ, ਮੋਰਚਰੀ, ਪਾਰਕਿੰਗ ਏਰੀਆ ਆਦਿ ਸਥਾਪਿਤ ਕੀਤੇ ਗਏ ਹਨ।
ਇਸ ਮੌਕੇ ‘ਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਗੋਬਿੰਦ ਟੰਡਨ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰਡਾ. ਸਵਪਨਜੀਤ ਕੌਰ, ਓਐਸਡੀ ਜਗਤਾਰ ਸਿੰਘ ਘੜੂੰਆਂ, ਪੀਏ ਸ਼੍ਰੀ ਚੰਦ ਅਤੇ ਹਸਪਤਾਲ ਦਾ ਹੋਰ ਸਟਾਫ ਹਾਜ਼ਰ ਸੀ।