ਮਾਲੇਰਕੋਟਲਾ: ਆਮ ਆਦਮੀ ਕਲੀਨਿਕ 'ਚ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਪਹਿਲ ਦੇ ਆਧਾਰ 'ਤੇ ਮਿਲਣਗੀਆਂ
* ਆਮ ਆਦਮੀ ਕਲੀਨਿਕਾਂ ਤੇ ਤਾਇਨਾਤ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ
ਮਾਲੇਰਕੋਟਲਾ, 16 ਜੂਨ
ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਆਮ ਆਦਮੀ ਕਲੀਨਿਕ ‘ਚ ਚਾਲੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਲੀਨਿਕਾਂ ਤੇ ਤਾਇਨਾਤ ਸਮੂਹ ਮੈਡੀਕਲ ਅਫਸਰਾਂ ਲਈ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ‘ਚ ਇੱਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਜ਼ਿਲਾ ਸਿਹਤ ਅਫਸਰ ਡਾ. ਪੁਨੀਤ ਸਿੱਧੂ ਅਤੇ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਸ਼ੀਨਾ ਚੋਪੜਾ ਵੱਲੋਂ ਆਮ ਆਦਮੀ ਕਲੀਨਿਕਾਂ ਤੇ ਤਾਇਨਾਤ ਮੈਡੀਕਲ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਨਾਂ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਦੇਣ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟਿੱਚਾ ਹੈ ਕਿ ਗਰਭਵਤੀ ਮਹਿਲਾਵਾਂ ਦੀ ਮੌਤ ਦਰ ਨੂੰ ਘਟਾਇਆ ਜਾਵੇ। ਉਹਨਾਂ ਮਾਂ ਤੇ ਬੱਚੇ ਦੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਐਂਟੀਨੇਟਲ ਕੇਅਰ ਸਰਵਿਸ ਨੂੰ ਉੱਚ ਦਰਜੇ ਤੇ ਮੁੱਹਈਆਂ ਕਰਵਾਉਣ ਲਈ ਨਿਰਦੇਸ਼ ਦਿੱਤੇ ਤਾਂ ਜੋ ਮਾਂ ਅਤੇ ਬੱਚਾ ਦੋਵੇ ਤੰਦਰੁਸਤ ਰਹਿਣ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ 23 ਜੂਨ ਤੋਂ ਗਰਭਵਤੀ ਮਾਵਾਂ ਦਾ ਚੈਕਅੱਪ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦੇ ਕਈ ਕਾਰਣ ਹਨ ਜਿਵੇਂ ਗਰਭਵਤੀ ਮਹਿਲਾ ਨੂੰ ਗੁੰਝਲਦਾਰ ਡਿਲੀਵਰੀ ਹੋਣ ਤੇ ਉਚੇਰੇ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਰੈਫਰ ਕਰਨ ਉਪਰੰਤ ਔਰਤ ਵੱਲੋਂ ਹਸਪਤਾਲ ਨਾ ਜਾਣਾ, ਗਰਭਵਤੀ ਔਰਤ ਵੱਲੋਂ ਕੋਈ ਪੁਰਾਣੀ ਬਿਮਾਰੀ ਹੋਣ ਤੇ ਉਸ ਦੀ ਜਾਣਕਾਰੀ ਨਾ ਦੇਣਾ, ਡਿਲੀਵਰੀ ਤੋਂ ਬਾਅਦ ਜਿਆਦਾ ਖੂਨ ਪੈਣਾ, ਇੰਫੈਕਸ਼ਨ ਹੋਣਾ, ਜਿਆਦਾ ਬੱਲਡ ਪ੍ਰੈਸ਼ਰ ਹੋਣਾ, ਅਸੁੱਰਖਿਅਤ ਗਰਭਪਾਤ ਆਦਿ ਹੋ ਸਕਦੇ ਹੈ । ਇਸ ਮੋਕੇ ਉਹਨਾਂ ਸਬੰਧਤ ਸਟਾਫ ਨੂੰ ਗਰਭਵਤੀ ਔਰਤਾਂ ਦੇ ਚਾਰ ਐਂਟੀ ਨੇਟਲ ਚੈਕਅੱਪ ਨੂੰ ਯਕੀਨੀ ਬਣਾਉਣ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਵੀ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਪੋਸਟ ਨੇਟਲ ਕੇਅਰ ਅਤੇ ਫੈਮਲੀ ਪਲਾਨਿੰਗ ਸਬੰਧੀ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।