ਮਜ਼ਦੂਰ ਆਗੂ ਸੁਖਪਾਲ ਖਿਆਲੀ ਵਾਲਾ ਦੇ ਭਰਾ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2025: ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲੇ ਦੇ ਛੋਟੇ ਭਰਾ ਤੇ ਕਾਮਰੇਡ ਗੁਰਬਖਸ਼ ਸਿੰਘ ਖਿਆਲੀਵਾਲਾ ਦੇ ਸਭ ਤੋਂ ਛੋਟੇ ਪੁੱਤ ਲਖਵੀਰ ਸਿੰਘ ਨਮਿੱਤ ਅੱਜ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਦੋਸਤਾਂ ਤੇ ਇਲਾਕਾ ਵਾਸੀਆਂ ਤੋਂ ਇਲਾਵਾ ਲੋਕ ਮੋਰਚਾ ਦੇ ਜਨਰਲ ਸਕੱਤਰ ਜਗਮੇਲ ਸਿੰਘ,ਦਲਿਤ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਹਰਬੰਸ ਸਿੰਘ, ਭਗਵੰਤ ਸਿੰਘ ਲਹਿਰਾ ਧੂਰਕੋਟ ਤੇ ਲੋਕ ਸੰਗਰਾਮ ਮੋਰਚਾ ਦੇ ਆਗੂ ਸੁਖਮੰਦਰ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇ ਵਾਲਾ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਗਸੀਰ ਸਿੰਘ ਮਹਿਰਾਜ,ਭਾਰਤੀ ਕਿਸਾਨ ਯੂਨੀਅlਨ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਡਾ.ਅਜੀਤਪਾਲ ਸਿੰਘ ਐਮ ਡੀ, ਤੇ ਔਰਤ ਆਗੂ ਮੁਖਤਿਆਰ ਕੌਰ ਨੇ ਅੰਤਿਮ ਸ਼ਰਧਾਂਜਲੀ ਦੇ ਕੇ ਹਾਜ਼ਰੀ ਲਵਾਈ l
ਲਖਵੀਰ ਸਿੰਘ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇੱਕ ਠੇਕੇਦਾਰ ਕੋਲ ਕਈ ਸਾਲਾਂ ਤੋਂ ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਸਬ ਡਿਵੀਜ਼ਨ ਦੇ ਇੱਕ ਪਿੰਡ ਵਿੱਚ ਹਾਈ ਵੋਲਟੇਜ ਲਾਈਨਾਂ ਤੇ ਕੰਮ ਕਰ ਰਿਹਾ ਸੀ ਕਿ ਪਿਛਲੇ ਦਿਨੀਂ ਅਚਾਨਕ ਕਰੰਟ ਦੇ ਸਿਸਟਮ ਦੀ ਖਰਾਬੀ ਕਾਰਨ ਉਹ ਹੇਠਾਂ ਡਿੱਗ ਕੇ ਮੌਕੇ ਤੇ ਹੀ ਫੌਰੀ ਮੌਤ ਦਾ ਸ਼ਿਕਾਰ ਹੋ ਗਿਆ l ਸ਼ਰਧਾਂਜਲੀ ਸਮਾਗਮ ਵਿੱਚ ਲੋਕ ਸੰਗਰਾਮ ਮੋਰਚਾ ਦੇ ਸੁਖਮੰਦਰ ਸਿੰਘ ਨੇ
ਕਿਹਾ ਕਿ ਠੇਕੇਦਾਰੀ ਸਿਸਟਮ ਕਾਰਨ ਮੁਲਾਜ਼ਮਾਂ ਨੂੰ ਨਿਗੁਣੀਆ ਤਨਖਾਹਾਂ ਤੇ ਜਾਨਲੇਵਾ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਮਹਿਕਮੇ 'ਚ ਜੋ ਪਹਿਲਾਂ ਕਾਮਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੁੰਦੀ ਸੀ ਹੁਣ ਉਹ ਸੈਂਕੜੇ ਤੋਂ ਵੀ ਘੱਟ ਕਰ ਦਿੱਤੇ ਜਾਣ ਕਰਕੇ ਕੰਮ ਦਾ ਬੋਝ ਬੇਹੱਦ ਵੱਧ ਗਿਆ ਹੈ ਤੇ ਉਹ ਤਣਾਅ ਦੇ ਵਾਤਾਵਰਨ ਕੰਮ ਕਰਣ ਲਈ ਮਜ਼ਬੂਰ ਹਨ l ਸੁਖਪਾਲ ਸਿੰਘ ਖਿਆਲੀਵਾਲਾ ਮੁਤਾਬਕ ਲਖਬੀਰ ਆਪਣੇ ਪਿੱਛੇ ਪਤਨੀ ਇੱਕ ਬੇਟਾ ਤੇ ਬੇਟੀ ਛੱਡ ਗਿਆ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਗੁਜ਼ਾਰੇ ਦਾ ਹੁਣ ਕੋਈ ਸਾਧਨ ਨਹੀਂ ਬਚਿਆ ਕਿਉਂਕਿ ਲਖਵੀਰ ਹੀ ਇੱਕ ਕਮਾਊ ਮੈਂਬਰ ਸੀ ।