← ਪਿਛੇ ਪਰਤੋ
Babushahi Special ਇੰਸਟਾ ਕੁਈਨ ਭਾਬੀ ਕਮਲ ਕੌਰ ਦੀ ਲਾਸ਼ ਮਾਮਲੇ ’ਚ ਗੈਂਗਸਟਰਾਂ ਵੱਲ ਘੁੰਮੀ ਸ਼ੱਕ ਦੀ ਸੂਈ ਅਸ਼ੋਕ ਵਰਮਾ ਬਠਿੰਡਾ, 12 ਜੂਨ 2025 : ਸੋਸ਼ਲ ਮੀਡੀਆ ਇੰਸਟਾਗਰਾਮ ’ਤੇ ਭਾਬੀ ਕਮਲ ਕੌਰ ਵਜੋਂ ਮਕਬੂਲ ਕੰਚਨ ਕੁਮਾਰੀ ਦੀ ਭੇਤ ਭਰੇ ਹਾਲਾਤਾਂ ’ਚ ਲਾਸ਼ ਮਿਲਣ ਦੇ ਮਾਮਲੇ ਵਿੱਚ ਹੁਣ ਪੁਲਿਸ ਦੇ ਸ਼ੱਕ ਦੀ ਸੂਈ ਗੈਂਗਸਟਰਾਂ ਵੱਲ ਘੰਮ ਗਈ ਹੈ। ਲੁਧਿਆਣਾ ਦੀ ਵਸਨੀਕ ਦੱਸੀ ਜਾਂਦੀ ਕਮਲ ਕੌਰ ਉਰਫ਼ ਕੰਚਨ ਦੀ ਲਾਸ਼ ਬੁੱਧਵਾਰ ਦੇਰ ਰਾਤ ਆਦੇਸ਼ ਹਸਪਤਾਲ ਨੇੜੇ ਪਾਰਕ ਕੀਤੀ ਕਾਰ ਚੋਂ ਮਿਲੀ ਸੀ। ਇਹ ਉਹੀ ਭਾਬੀ ਕਮਲ ਕੌਰ ਹੈ ਜਿਸ ਨੂੰ ਤਕਰੀਬਨ 7 ਮਹੀਨੇ ਪਹਿਲਾਂ ਇੰਸਟਗ੍ਰਾਮ ਅਕਾਊਂਟ ਤੇ ਅਸ਼ਲੀਲ ਵੀਡੀਓ ਪੋਸਟ ਕਰਨ ਕਾਰਨ ਗੈਂਗਸਟਰ ਅਰਸ਼ ਡੱਲਾ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਉਦੋਂ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਇੱਕ ਆਡੀਓ ਵੀ ਵਾਇਰਲ ਹੋਈ ਸੀ ਜਿਸ ’ਚ ਬੋਲਣ ਵਾਲਾ ਵਿਅਕਤੀ ਕਮਲ ਕੌਰ ਸਣੇ ਏਦਾਂ ਦੀਆਂ ਵੀਡੀਓ ਪਾਉਣ ਵਾਲਿਆਂ ਨੂੰ ਧਮਕਾਉਂਦਾ ਸੁਣਾਈ ਦੇ ਰਿਹਾ ਸੀ। ਵਾਇਰਲ ਆਡੀਓ ਵਿੱਚ ਕਮਲ ਕੌਰ ਭਾਬੀ ਦੇ ਟੱਬਰ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕਥਿਤ ਗੈਂਗਸਟਰ ਦਾ ਕਹਿਣਾ ਸੀ ਕਿ ਅਜਿਹਿਆਂ ਵੀਡੀਓਜ਼ ਕਾਰਨ ਪੰਜਾਬ ਦੇ ਨੌਜਵਾਨ ਵਿਗੜ ਰਹੇ ਹਨ। ਉਦੋਂ ਇਹ ਆਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈ ਸੀ। ਹਾਲਾਂਕਿ ਬਾਬੂਸ਼ਾਹੀ ਇਸ ਆਡੀਓ ਦੇ ਸਹੀ ਹੋਣ ਸਬੰਧੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਆਡੀਓ ਦੇ ਫਿਰ ਤੋਂ ਚਰਚਾ ਵਿੱਚ ਆਉਣ ਨਾਲ ਕੋਮਲ ਕੌਰ ਮਾਮਲਾ ਨਵਾਂ ਮੋੜ ਲੈਂਦਾ ਦਿਸ ਰਿਹਾ ਹੈ। ਪੁਲਿਸ ਦੀ ਜਾਂਚ ਦੌਰਾਨ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਮਲ ਕੌਰ ਨੂੰ ਕਤਲ ਕੀਤਾ ਗਿਆ ਹੈ। ਇਸ ਸ਼ੱਕ ਦੇ ਬਾਵਜੂਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਸਬੰਧੀ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ। ਫੁਟੇਜ਼ ’ਚ ਇੱਕ ਵਿਅਕਤੀ ਕਾਰ ਪਾਰਕ ਕਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਕਾਰ ਉੱਥੇ ਛੱਡਕੇ ਫਰਾਰ ਹੋਣ ਵਾਲੇ ਵਿਅਕਤੀ ਦੀ ਵੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਵਿਅਕਤੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪੁਲਿਸ ਨੂੰ ਇਸ ਕਥਿਤ ਕਤਲ ਕਾਂਡ ਦੀ ਗੁੱਥੀ ਸੁਲਝਣ ਦੀ ਆਸ ਹੈ। ਪਤਾ ਲੱਗਿਆ ਹੈ ਕਿ ਜਿਸ ਕਾਰ ਚੋਂ ਭਾਬੀ ਕਮਲ ਕੌਰ ਦੀ ਲਾਸ਼ ਮਿਲੀ ਹੈ, ਉਸ ਦਾ ਨੰਬਰ ਲੁਧਿਆਣਾ ਦਾ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਨੰਬਰ ਜਾਅਲੀ ਹੋ ਸਕਦਾ ਹੈ। ਬਠਿੰਡਾ ਪੁਲਿਸ ਵੱਲੋਂਲੁਧਿਆਣਾ ਆਰਟੀਓ ਤੋਂ ਗੱਡੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਕ ਪੁਲਸ ਟੀਮ ਉੱਥੇ ਭੇਜੀ ਗਈ ਹੈ। ਪੁਲਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਵੀ ਖੰਘਾਲਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਬੀ ਕਮਲ ਕੌਰ ਮਾਮਲੇ ਨੂੰ ਡੂੰਘਾਈ ਨਾਲ ਪੜਤਾਲਿਆ ਜਾ ਰਿਹਾ ਹੈ ਜਿਸ ਵਿੱਚ ਕਤਲ ਦਾ ਕਾਰਨ, ਪਛਾਣ ਲੁਕਾਉਣ ਦੀ ਕੋਸ਼ਿਸ਼ ਅਤੇ ਲਾਸ਼ ਨੂੰ ਇੱਥੇ ਲਿਆਉਣ ਤੇ ਲੁਕਾਉਣ ਪਿੱਛੇ ਕੀ ਇਰਾਦਾ ਸੀ ਸ਼ਾਮਲ ਹੈ। ਬੀਤੀ ਦੇਰ ਰਾਤ ਮਿਲੀ ਲਾਸ਼ ਦੀ ਸ਼ਨਾਖਤ ਅੱਜ ਸਵੇਰੇ ਕੀਤੀ ਗਈ ਸੀ। ਲਾਸ਼ ਦੀ ਹਾਲਤ ਦੇਖ ਕੇ ਕਿਆਸ ਲਾਏ ਜਾ ਰਹੇ ਹਨ ਕਿ ਕਮਲ ਕੌਰ ਭਾਬੀ ਦੀ ਮੌਤ ਦੋ-ਤਿੰਨ ਦਿਨ ਪਹਿਲਾਂ ਹੋਈ ਹੋ ਸਕਦੀ ਹੈ। ਦੱਸਣਯੋਗ ਹੈ ਕਿ ਆਦੇਸ਼ ਹਸਪਤਾਲ ਲਾਗੇ ਪਾਰਕ ਕੀਤੀ ਕਾਰ ਵਿੱਚੋਂ ਬਦਬੂ ਆਉਣ ਮਗਰੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਸੀ। ਇੰਸਟਗਰਾਮ ਤੇ ਭਾਬੀ ਕਮਲ ਕੌਰ ਦੇ 3.86 ਲੱਖ ਫਾਲੋਅਰਜ਼ ਹਨ ਜਦੋਂਕਿ ਫੇਸਬੁੱਕ ਤੇ ਉਸਦੀ ਕੰਚਨ ਕੁਮਾਰੀ ਨਾਮ ਵਾਲੀ ਪ੍ਰੋਫਾਈਲ ਇਸ ਤੋਂ ਵੱਖਰੀ ਹੈ। ਸੁਰਖੀਆਂ ’ਚ ਰਹਿੰਦੀ ਸੀ ਕਮਲ ਕੌਰ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਾਲੇ ਵੀਡੀਓ ਪਾਉਣ ਕਰਕੇ ਕਮਲ ਕੌਰ ਅਕਸਰ ਸੁਰਖੀਆਂ ਵਿੱਚ ਰਹਿੰਦੀ ਸੀ ਜਿਸ ਨੂੰ ਪੁਲਿਸ ਮੌਤ ਦਾ ਕਾਰਨ ਮੰਨ ਕੇ ਚੱਲ ਰਹੀ ਹੈ। ਹੁਣ ਵੀ ਭਾਬੀ ਕਮਲ ਕੌਰ ਦੇ ਇੰਸਟਗਰਾਮ ਅਕਾਊਂਟ ਤੇ ਵੱਡੀ ਗਿਣਤੀ ਅਜਿਹੀਆਂ ਵੀਡੀਓ ਅਤੇ ਕੰਚਨ ਕੁਮਾਰੀ ਦੇ ਨਾਮ ਹੇਠ ਬਣੇ ਫੇਸਬੱਕ ਅਕਾਊਂਟ ਤੇ ਪਾਈਆਂ ਫੋਟੋਆਂ ਵੀ ਉਸ ਦੀ ਰੰਗੀਨ ਮਿਜਾਜੀ ਦੀ ਗਵਾਹੀ ਭਰਦੀਆਂ ਹਨ। ਆਪਣੀਆਂ ਵੀਡੀਓ ਕਾਰਨ ਖੁਦ ਨੂੰ ਸਟਾਰ ਸਮਝਣ ਵਾਲੀ ਕੋਮਲ ਕੌਰ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾਈ ਹੋਈ ਹੈ ਅਤੇ ਮੌਤ ਦੇ ਕਾਰਨ ਭੇਦ ਬਣੇ ਹੋਏ ਹਨ। ਭਰਾ ਨੂੰ ਗੱਲ ਕਰਨ ਤੋਂ ਰੋਕਿਆ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਆਪਣੀ ਮਾਂ ਨਾਲ ਬਠਿੰਡਾ ਪੁੱਜੇ ਭਾਬੀ ਕਮਲ ਕੌਰ ਦੇ ਭਰਾ ਮਨੋਜ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਮਲ ਕੌਰ ਦੇ ਲਾਪਤਾ ਹੋਣ ਸਬੰਧੀ ਸਵਾਲ ਪੁੱਛਣ ਤੇ ਮਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਰੋਕਣ ਲਈ ਅਵਾਜ਼ ਮਾਰਕੇ ਮਨੋਜ ਨੂੰ ਸੱਦ ਲਿਆ ਜੋਕਿ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਬਾਰੀਕੀ ਨਾਲ ਪੜਤਾਲ:ਐਸਪੀ ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਮਾਪਿਆਂ ਵੱਲੋਂ ਦਿੱਤੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ ਕਿ ਲਾਸ਼ ਵਾਲੀ ਕਾਰ ਇਸ ਥਾਂ ਤੇ ਕਿਸ ਤਰ੍ਹਾਂ ਪੁੱਜੀ ਸੀ। ਉਹਨਾਂ ਕਿਹਾ ਕਿ ਪੁਲੀਸ ਇਸ ਗੱਲ ਦੀ ਵੀ ਤਫਤੀਸ਼ ਕਰ ਰਹੀ ਹੈ ਕਿ ਉਹ ਬਠਿੰਡਾ ਕਦੋਂ ਅਤੇ ਕਿਸ ਉਦੇਸ਼ ਨਾਲ ਆਈ ਸੀ।
Total Responses : 616