ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਛਬੀਲ ਲਗਾਈ
ਹਰਜਿੰਦਰ ਸਿੰਘ ਭੱਟੀ
ਥੇਹ ਕਲੰਦਰ, 1 ਜੂਨ 2025 - ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਅਰਦਾਸ ਕਰਨ ਉਪਰੰਤ ਗੁਰਬਾਣੀ ਦੇ ਜਾਪ ਤੇ ਗੁਰਮਤਿ ਵਿਚਾਰਾਂ ਕਰਦਿਆਂ ਇਸ ਉਪਰੰਤ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕ ਸਾਹਿਬਾਨ ਨਾਲ ਗਰਮੀ ਦੀਆਂ ਛੁੱਟੀਆਂ ਦੇ ਕੰਮ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਅਤੇ ਇਹ ਛਬੀਲ ਸਵੇਰੇ 10 ਵਜੇ ਸ਼ੁਰੂ ਕੀਤੀ ਗਈ।
ਇਹ ਸਮਾਗਮ ਅਕਾਲ ਅਕੈਡਮੀ ਥੇਹ ਕਲੰਦਰ ਦੇ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਹੋਇਆ। ਇਸ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਜਿਸ ਵਿਚ ਮਨਦੀਪ ਸਿੰਘ, ਪ੍ਰਦੀਪ ਕੁਮਾਰ ਅਤੇ ਸੁਖਪਾਲ ਸਿੰਘ ਸ਼ਾਮਿਲ ਸਨ, ਜਿਨ੍ਹਾਂ ਮੁੱਖ ਸੇਵਾਦਾਰਾਂ ਵਜੋਂ ਭੂਮਿਕਾ ਨਿਭਾਈ। ਇਸ ਸੰਬੰਧੀ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਅਤੇ ਜੀਵਨ 'ਤੇ ਚਾਨਣਾ ਪਾਉਦੇ ਹੋਏ ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਸਿੱਖੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਦੁੱਖ ਤਕਲੀਫਾਂ ਸਮੇਂ ਸਾਨੂੰ ਘਬਰਾਉਣਾ ਨਹੀ ਚਾਹੀਦਾ, ਸਗੋਂ ਉਸ ਸਮੇਂ ਸਰਬ ਸਾਂਝੇ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ। ਸਾਰੇ ਸਟਾਫ਼ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ।