ਬੱਸ ਅੱਡਾ ਮਾਮਲਾ: ਜਮਹੂਰੀ ਅਧਿਕਾਰ ਸਭਾ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2025 : ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਬਠਿੰਡਾ ਦਾ ਬਸ ਅੱਡਾ ਤਬਦੀਲ ਕਰਨ ਸਬੰਧੀ ਬਣਾਈ ਕਮੇਟੀ ਤੋਂ ਸਮਾਂ ਦਿਵਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਸਮਾਂ ਤੈਅ ਕਰਨ ਅਤੇ ਉਨਾਂ ਦਾ ਪੱਖ ਸੁਣ ਕੇ ਰਿਕਾਰਡ ਤੇ ਲਿਆਉਣ। ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸੂਬਾ ਸਕੱਤਰ ਪ੍ਰਿਤਪਾਲ ਸਿੰਘ,ਕਾਰਜਕਾਰਨੀ ਮੈਂਬਰ ਗੁਰਚਰਨ ਖੇਮੋਆਣਾ,ਸਿਕੰਦਰ ਸਿੰਘ ਧਾਲੀਵਾਲ,ਬਿਕਰਮਜੀਤ ਸਿੰਘ ਅਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਇਸ ਵਫਦ ਵਿੱਚ ਸ਼ਾਮਿਲ ਸਨ।ਸਭਾ ਆਗੂਆਂ ਨੇ ਕਿਹਾ ਕਿ ਬਠਿੰਡੇ ਦਾ ਮੌਜੂਦਾ ਬੱਸ ਅੱਡਾ ਢੁਕਵੀਂ ਜਗ੍ਹਾ ਤੇ 14.7 ਏਕੜ ਵਿੱਚ ਹੈ, ਜੋ ਇੱਥੇ ਹੀ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।ਮੌਜੂਦਾ ਬੱਸ ਅੱਡੇ ਦੇ ਇੱਥੋਂ ਸ਼ਿਫਟ ਕਰਨ ਦਾ ਬਠਿੰਡੇ ਦੇ ਵਿਕਾਸ ਨਾਲ ਕੋਈ ਸਬੰਧ ਨਹੀਂ l
ਉਹਨਾਂ ਕਿਹਾ ਕਿ ਬੱਸ ਅੱਡੇ ਨੂੰ ਸ਼ਿਫਟ ਕਰਨ ਤੋਂ ਬਿਨਾਂ ਵੀ ਸ਼ਹਿਰ ਦਾ ਵਿਕਾਸ ਕੀਤਾ ਜਾ ਸਕਦਾ ਹੈ l ਆਗੂਆਂ ਨੇ ਕਿਹਾ ਕਿ ਬੱਸ ਅੱਡੇ ਕਾਰਨ ਆਵਾਜਾਈ ਵਿੱਚ ਵਿਘਨ ਨਹੀਂ ਪੈਂਦਾ ਬਲਕਿ ਇਸ ਸਮੱਸਿਆ ਆਵਾਜਾਈ ਨੂੰ ਕਾਬੂ ਨਾ ਕਰਨ ਕਰਕੇ ਬਣੀ ਹੋਈ ਹੈ।ਉਹਨਾਂ ਕਿਹਾ ਕਿ ਸਰਕਾਰੀ ਦਫਤਰ ,ਕਚਹਿਰੀਆਂ ,ਸਕੂਲ, ਕਾਲਜ਼,ਬੈਂਕ ,ਡਾਕਖਾਨਾ, ਪਾਸਪੋਰਟ ਦਫਤਰ ,ਆਈਟੀਆਈ,ਰਜਿੰਦਰਾ ਕਾਲਜ,ਪੁਲਿਸ ਲਾਈਨ ਮੁੱਖ ਬਾਜ਼ਾਰ ਅਤੇ ਰੇਲਵੇ ਸਟੇਸ਼ਨ ਹਨ l ਵਫਦ ਨੇ ਇਹ ਵੀ ਧਿਆਨ ਚ ਲਿਆਂਦਾ ਕਿ ਅੱਡਾ ਸ਼ਿਫਟ ਕਰਨ ਨਾਲ ਲੋਕਾਂ ਨੂੰ ਭਾਰੀ ਦਿੱਕਤ ਆਵੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਬੇਲੋੜਾ ਲੋਕਾਂ ਤੇ ਬੋਝ ਪਵੇਗਾ ਅਤੇ ਸਮੇਂ ਲਈ ਬਰਬਾਦੀ ਹੋਵੇਗੀl ਉਨ੍ਹਾਂ ਕਿਹਾ ਕਿ ਰਿੰਗ ਰੋਡ ਬਣ ਜਾਣ ਨਾਲ ਟਰੈਫਿਕ ਪਹਿਲਾਂ ਨਾਲੋਂ ਘੱਟ ਗਿਆ ਹੈ l ਆਗੂਆਂ ਨੇ ਮੰਗ ਕੀਤੀ ਕਿ ਬਸ ਅੱਡਾ ਨਾ ਬਦਲਿਆ ਜਾਏ।